ਇੰਗਲੈਂਡ: ਪੰਜਾਬੀ ਵਿਦਿਆਰਥਣ ਨੇ ਪੁਲ਼ ਤੋਂ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ, ਗਰਭਵਤੀ ਸੀ ਮ੍ਰਿਤਕ ਲੜਕੀ
ਕਈ ਮੀਡੀਆ ਰਿਪੋਰਟਾਂ ਵਿਚ ਲੜਕੀ ਦਾ ਨਾਂਅ ਲਖਵੀਰ ਕੌਰ ਦਸਿਆ ਜਾ ਰਿਹਾ ਹੈ।
ਲੰਡਨ: ਇੰਗਲੈਂਡ ਵਿਚ ਇਕ ਪੰਜਾਬੀ ਵਿਦਿਆਰਥਣ ਨੇ ਗੁਰੂ ਨਾਨਕ ਗੁਰਦੁਆਰਾ ਸਮੈਦਿਕ ਦੇ ਨੇੜੇ ਇਕ ਪੁਲ਼ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਹੈ। ਇਹ ਘਟਨਾ ਪਿਛਲੇ ਮਹੀਨੇ ਦੀ ਦੱਸੀ ਜਾ ਰਹੀ ਹੈ। ਗੁਰੂ ਘਰ ਦੇ ਮੁੱਖ ਸੇਵਾਦਾਰ ਕੁਲਦੀਪ ਸਿੰਘ ਦਿਓਲ ਦਾ ਕਹਿਣਾ ਹੈ ਕਿ ਮ੍ਰਿਤਕ ਲੜਕੀ ਗਰਭਵਤੀ ਸੀ। ਦਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਅਜੇ ਤਕ ਲੜਕੀ ਦੀ ਪਛਾਣ ਜਨਤਕ ਨਹੀਂ ਕੀਤੀ ਹੈ।
ਇਹ ਵੀ ਪੜ੍ਹੋ: ਸਿਹਤ ਵਿਭਾਗ ਦੀ ਟੀਮ ਨੇ ਲਿੰਗ ਨਿਰਧਾਰਨ ਕਰਨ ਵਾਲੇ ਜੰਮੂ ਦੇ ਅਲਟ੍ਰਾਸਾਊਂਡ ਸਕੈਨਿੰਗ ਸੈਂਟਰ ਦਾ ਕੀਤਾ ਪਰਦਾਫਾਸ਼
ਕਈ ਮੀਡੀਆ ਰਿਪੋਰਟਾਂ ਵਿਚ ਲੜਕੀ ਦਾ ਨਾਂਅ ਲਖਵੀਰ ਕੌਰ ਦਸਿਆ ਜਾ ਰਿਹਾ ਹੈ। ਕੁਲਦੀਪ ਸਿੰਘ ਦਿਓਲ ਨੇ ਸੰਗਤਾਂ ਦੇ ਹਵਾਲੇ ਨਾਲ ਦਸਿਆ ਕਿ ਲੜਕੀ ਗੁਰੂ ਨਾਨਕ ਗੁਰਦੁਆਰਾ ਸਮੈਦਿਕ ਵੀ ਆਈ ਸੀ, ਇਕ ਵੈਨ ਚਾਲਕ ਪੰਜਾਬੀ ਵਲੋਂ ਲੜਕੀ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਗਈ। ਦਸਿਆ ਜਾ ਰਿਹਾ ਹੈ ਕਿ ਲੜਕੀ ਇਕ ਸਾਲ ਤੋਂ ਕਿਸੇ ਪਰਿਵਾਰ ਨਾਲ ਰਹਿ ਰਹੀ ਸੀ, ਉਸ ਪਰਿਵਾਰ ਨੇ ਅਪਣੇ ਲੜਕੇ ਨਾਲ ਉਸ ਦੇ ਵਿਆਹ ਤੋਂ ਇਨਕਾਰ ਕਰਦਿਆਂ ਰਾਤ ਨੂੰ ਘਰੋਂ ਬਾਹਰ ਕੱਢ ਦਿਤਾ।
ਇਹ ਵੀ ਪੜ੍ਹੋ: ਫ਼ਰਜ਼ੀ ਏਜੰਟ ਵਲੋਂ ਧੋਖਾਧੜੀ ਦਾ ਸ਼ਿਕਾਰ ਹੋਇਆ ਪੰਜਾਬੀ ਨੌਜੁਆਨ, ਕਈ ਦਿਨਾਂ ਬਾਅਦ ਮਲੇਸ਼ੀਆ ਤੋਂ ਹੋਈ ਵਾਪਸੀ
ਇਸ ਮਗਰੋਂ ਇਕ ਸਿੱਖ ਪਰਿਵਾਰ ਨੇ ਉਸ ਨੂੰ ਅਪਣੇ ਘਰ ਰੱਖ ਕੇ ਮਦਦ ਕੀਤੀ, ਹੁਣ ਉਹ ਕੌਂਸਲ ਤੋਂ ਅਪਣਾ ਘਰ ਲੈਣ ਦੀ ਕੋਸ਼ਿਸ਼ ਕਰ ਰਹੀ ਸੀ। ਕੁਲਦੀਪ ਸਿੰਘ ਦਿਓਲ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਲੜਕੀਆਂ ਨੂੰ ਬਿਨਾ ਕਿਸੇ ਠੋਸ ਪ੍ਰਬੰਧਾਂ ਦੇ ਵਿਦੇਸ਼ ਭੇਜਣ ਤੋਂ ਗੁਰੇਜ਼ ਕੀਤਾ ਜਾਵੇ।