ਸਿੰਗਾਪੁਰ ਪੁਲਿਸ ਨੂੰ ਜਾਅਲੀ ਕਾਲਾਂ ਕਰਨ ਵਾਲੇ ਭਾਰਤੀ ਨੂੰ 3 ਸਾਲ ਦੀ ਕੈਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਵਿਦੇਸ਼ਾਂ ਵਿਚ ਰਹਿੰਦੇ ਭਾਰਤੀਆਂ ਵਲੋਂ ਭਾਵੇਂ ਅਪਣੀ ਸਖ਼ਤ ਮਿਹਨਤ ਅਤੇ ਇਮਾਨਦਾਰੀ ਸਦਕਾ ਵੱਡੇ-ਵੱਡੇ ਅਹੁਦੇ ਹਾਸਲ ਕੀਤੇ ਗਏ ਹਨ ਪਰ ਇਸ ਦੇ ਬਾਵਜੂਦ ਕੁੱਝ ਅਜਿਹੇ...

Singapore Police

ਸਿੰਗਾਪੁਰ : ਵਿਦੇਸ਼ਾਂ ਵਿਚ ਰਹਿੰਦੇ ਭਾਰਤੀਆਂ ਵਲੋਂ ਭਾਵੇਂ ਅਪਣੀ ਸਖ਼ਤ ਮਿਹਨਤ ਅਤੇ ਇਮਾਨਦਾਰੀ ਸਦਕਾ ਵੱਡੇ-ਵੱਡੇ ਅਹੁਦੇ ਹਾਸਲ ਕੀਤੇ ਗਏ ਹਨ ਪਰ ਇਸ ਦੇ ਬਾਵਜੂਦ ਕੁੱਝ ਅਜਿਹੇ ਲੋਕ ਵੀ ਹਨ ਜੋ ਗ਼ਲਤ ਕੰਮ ਕਰਕੇ ਦੇਸ਼ ਦਾ ਨਾਂਅ ਬਦਨਾਮ ਕਰਨ 'ਤੇ ਤੁਲੇ ਹੋਏ ਹਨ। ਸਿੰਗਾਪੁਰ ਦੀ ਪੁਲਿਸ ਨੇ ਇਕ ਅਜਿਹੇ ਪੰਜਾਬੀ ਵਿਅਕਤੀ ਨੂੰ ਕਾਬੂ ਕੀਤਾ ਹੈ, ਜੇ ਬੇਵਜ੍ਹਾ ਹੀ ਸਿੰਗਾਪੁਰ ਦੀ ਪੁਲਿਸ ਨੂੰ ਫ਼ਾਲਤੂ ਦੇ ਫ਼ੋਨ ਕਰਕੇ ਪਰੇਸ਼ਾਨ ਕਰਦਾ ਰਹਿੰਦਾ ਸੀ। ਸਥਾਨਕ ਪੁਲਿਸ ਨੂੰ ਫਾਲਤੂ ਦੀਆਂ ਝੂਠੀਆਂ ਕਾਲਾਂ ਕਰਨ ਵਾਲੇ ਪੰਜਾਬੀ ਗੁਰਚਰਨ ਸਿੰਘ (61) ਨੂੰ ਅਦਾਲਤ ਨੇ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਹੈ।

ਉਨ੍ਹਾਂ ਨੂੰ ਪਹਿਲਾਂ ਵੀ ਇਸ ਜੁਰਮ ਲਈ ਸਜ਼ਾ ਹੋ ਚੁੱਕੀ ਹੈ ਪਰ ਉਹ ਫਿਰ ਵੀ ਨਹੀਂ ਹਟੇ।ਪ੍ਰਾਪਤ ਜਾਣਕਾਰੀ ਅਨੁਸਾਰ ਗੁਰਚਰਨ ਸਿੰਘ ਇੱਥੇ ਕਲੀਨਰ (ਸਫ਼ਾਈ-ਸੇਵਕ) ਹਨ ਤੇ ਉਹ ਸ਼ਰਾਬ ਪੀ ਕੇ ਅਕਸਰ ਐਮਰਜੈਂਸੀ ਨੰਬਰ 999 'ਤੇ ਕਰ ਦਿੰਦੇ ਹਨ। ਉਨ੍ਹਾਂ ਅਜਿਹਾ ਆਖ਼ਰੀ ਵਾਰ ਬੀਤੇ ਜੂਨ ਮਹੀਨੇ ਦੌਰਾਨ ਦੋ ਦਿਨ ਕਈ ਵਾਰ ਕੀਤਾ ਸੀ। ਉਨ੍ਹਾਂ ਪਹਿਲੇ ਦਿਨ ਦੋ ਕਾਲਾਂ ਕੀਤੀਆਂ, ਜਦ ਕਿ ਦੂਜੇ ਦਿਨ ਉਨ੍ਹਾਂ 15 ਕਾਲਾਂ ਕੀਤੀਆਂ।ਬੀਤੀ 10 ਜੂਨ ਨੂੰ ਉਨ੍ਹਾਂ ਇੱਕ ਪਬਲਿਕ ਟੈਲੀਫ਼ੋਨ ਬੂਥ ਤੋਂ ਪੁਲਿਸ ਨੂੰ ਫ਼ੋਨ ਕਰ ਕੇ ਆਪਰੇਟਰ ਨੂੰ ਆਖਿਆ: ''ਤੂੰ ਬੇਵਕੂਫ਼ ਹੈਂ ਮੈਂ ਇਮੀਗ੍ਰੇਸ਼ਨ ਹਾਊਸ ਵਿਚ ਇੱਕ ਡਾਇਨਾਮਾਈਟ ਲਾ ਦਿੱਤਾ ਹੈ।'' 

ਉੱਪ ਸਰਕਾਰੀ ਵਕੀਲ ਡੈਫ਼ਨੇ ਲਿਮ ਨੇ ਕਿਹਾ ਕਿ ਮੁਲਜ਼ਮ ਨੂੰ ਪਤਾ ਸੀ ਕਿ ਉਹ ਇਹ ਸਾਰੀ ਜਾਣਕਾਰੀ ਝੂਠੀ ਦੇ ਰਿਹਾ ਹੈ। ਪੁਲਿਸ ਨੇ ਫ਼ੋਨ ਕਾਲ ਦੀ ਲੋਕੇਸ਼ਨ ਦਾ ਪਤਾ ਲਾ ਕੇ ਗੁਰਚਰਨ ਸਿੰਘ ਨੂੰ ਉਸੇ ਦਿਨ ਗ੍ਰਿਫ਼ਤਾਰ ਕਰ ਲਿਆ। ਤਦ ਉਨ੍ਹਾਂ ਕੋਲੋਂ ਬੀਅਰ ਦੇ ਤਿੰਨ ਕੈਨ ਬਰਾਮਦ ਹੋਏ ਸਨ। ਇਸ ਦੇ ਬਾਵਜੂਦ ਬਾਅਦ ਵਿਚ ਉਸੇ ਮਹੀਨੇ ਉਨ੍ਹਾਂ ਇੱਕ ਦਿਨ ਵਿਚ 15 ਕਾਲਾਂ ਕੀਤੀਆਂ।ਉਹ ਸਾਲ 2000 ਤੋਂ ਅਜਿਹਾ ਕੁਝ ਕਰ ਰਹੇ ਹਨ ਤੇ ਸਾਲ 2016 ਵਿਚ ਉਨ੍ਹਾਂ ਨੂੰ ਦੋ ਸਾਲ ਕੈਦ ਦੀ ਸਜ਼ਾ ਵੀ ਸੁਣਾਈ ਗਈ ਸੀ।ਪੁਲਿਸ ਨੂੰ ਵੀ ਪਤਾ ਹੈ ਕਿ ਗੁਰਚਰਨ ਸਿੰਘ ਹੁਰਾਂ ਦਾ ਦਿਮਾਗ਼ ਸ਼ਰਾਬ ਪੀ ਕੇ ਪੂਰੀ ਤਰ੍ਹਾਂ ਘੁੰਮ ਜਾਂਦਾ ਹੈ ਤੇ ਫਿਰ ਉਹ ਕਿਸੇ ਵੀ ਤਰ੍ਹਾਂ ਦੀ ਗੜਬੜੀ ਕਰ ਸਕਦੇ ਹਨ।  

ਦਸ ਦਈਏ ਕਿ ਇਸ ਤੋਂ ਪਹਿਲਾਂ ਭਾਰਤੀ ਮੂਲ ਦੀ ਇਕ ਸਿੱਖ ਮਹਿਲਾ ਨੂੰ ਸਿੰਗਾਪੁਰ ਵਿਚ ਘੁਟਾਲੇ ਤੇ ਧੋਖਾਧੜੀ ਦੇ ਜ਼ੁਰਮਾਂ ਹੇਠ 33 ਮਹੀਨਿਆਂ ਦੀ ਸਜ਼ਾ ਸੁਣਾਈ ਗਈ ਸੀ। ਜਾਣਕਾਰੀ ਮੁਤਾਬਕ ਮਹਿਲਾ ਨੂੰ ਇਹ ਸਜ਼ਾ ਜਲ ਸੈਨਾ ਵਿਚ ਹੋਏ ਘਪਲੇ ਤੇ ਧੋਖਾਧੜੀ ਦੇ ਕੇਸ ਵਿਚ ਮਿਲੀ। ਮੀਡੀਆ ਰੀਪੋਰਟਾਂ ਮੁਤਾਬਕ ਅਮਰੀਕੀ ਜਲ ਸੈਨਾ ਦੇ ਇਤਿਹਾਸ ਵਿਚ ਹੁਣ ਤਕ ਦਾ ਇਹ ਸਭ ਤੋਂ ਵੱਡਾ ਭ੍ਰਿਸ਼ਟਾਚਾਰ ਦਾ ਕੇਸ ਸੀ। ਜ਼ਿਕਰਯੋਗ ਹੈ ਕਿ 57 ਸਾਲਾ ਗੁਰਸ਼ਰਨ ਕੌਰ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ 33 ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ ਹੈ।

ਜ਼ਿਲ੍ਹਾ ਜੱਜ ਸੈਫੂਦੀਨ ਸਾਰੂਵਾਨ ਵਲੋਂ ਸੁਣਾਏ ਫ਼ੈਸਲੇ ਅਨੁਸਾਰ 33 ਮਹੀਨਿਆਂ ਦੀ ਸਜ਼ਾ ਦੇ ਨਾਲ-ਨਾਲ ਉਸ ਨੂੰ 1,30,278 ਸਿੰਗਾਪੁਰੀ ਡਾਲਰ ਸਿੰਗਾਪੁਰ ਦੀ ਕਰੱਪਟ ਪ੍ਰੈਕਟਿਸ ਜਾਂਚ ਬਿਊਰੋ ਨੂੰ ਅਦਾ ਕਰਨੇ ਪੈਣਗੇ। ਸਿੰਗਾਪੁਰ ਵਾਸੀ ਗੁਰਸ਼ਰਨ ਕੌਰ ਸ਼ਾਰੌਨ ਰਾਸ਼ੇਲ ਅਮਰੀਕੀ ਨੇਵੀ ਵਿਚ ਮੋਹਰੀ ਇਕਰਾਰ ਮਾਹਿਰ ਦੇ ਤੌਰ 'ਤੇ ਕੰਮ ਕਰਦੀ ਸੀ। ਉਹ ਸਮੁੰਦਰੀ ਜਹਾਜ਼ਾਂ ਦੇ ਪ੍ਰਬੰਧ ਲਈ ਲੱਖਾਂ ਡਾਲਰਾਂ ਦੇ ਇਕਰਾਰ ਕਰਦੀ ਸੀ। ਇਸ ਦੇ ਨਾਲ ਹੀ ਇਕਰਾਰ ਲਿਖਣ ਤੇ ਬੋਲੀਆਂ ਦੇ ਮੁਲਾਂਕਣ ਦੀ ਵੀ ਜ਼ਿੰਮੇਵਾਰੀ ਉਸਦੀ ਸੀ।

ਚੈਨਲ ਨਿਊਜ਼ ਏਸ਼ੀਆ ਦੀ ਰਿਪੋਰਟ ਮੁਤਾਬਕ ਗੁਰਸ਼ਨ ਕੌਰ 'ਤੇ ਮਲੇਸ਼ੀਆ ਵਿਚ ਸਮੁੰਦਰੀ ਜਹਾਜ਼ਾਂ ਦੀ ਕੰਪਨੀ ਗਲੈਨ ਡਿਫੈਂਸ ਮੈਰੀਨ (ਏਸ਼ੀਆ) (ਜੀਡੀਐਮਏ) ਦੇ ਸੀਈਓ ਲੇਨਾਰਡ ਗਲੈੱਨ ਫਰਾਂਸਿਸ ਤੋਂ 130,000 ਸਿੰਗਾਪੁਰੀ ਡਾਲਰ ਰਿਸ਼ਵਤ ਲੈਣ ਬਦਲੇ ਅਮਰੀਕੀ ਨੇਵੀ ਦੀ ਖ਼ੁਫ਼ੀਆ ਜਾਣਕਾਰੀ ਸਾਂਝੀ ਕਰਨ ਦੇ ਦੋਸ਼ ਲੱਗੇ ਸਨ।