Punjab News: ਅਮਰੀਕਾ 'ਚ ਇਕੋ ਪਿੰਡ ਦੇ ਦੋ ਨੌਜਵਾਨਾਂ ਦੀ ਮੌਤ; ਟਰਾਲੇ ਦੀ ਟੱਕਰ ਦੌਰਾਨ ਵਾਪਰਿਆ ਹਾਦਸਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਦਸੂਹਾ ਦੇ ਪਿੰਡ ਟੇਰਕੀਆਣਾ ਨਾਲ ਸਬੰਧਤ ਸਨ ਦੋਵੇਂ

Death of two youths from the same village in America

Punjab News: ਹੁਸ਼ਿਆਰਪੁਰ ਦੇ ਹਲਕਾ ਦਸੂਹਾ ਦੇ ਇਕੋ ਪਿੰਡ ਦੇ ਦੋ ਨੌਜਵਾਨਾਂ ਦੀ ਅਮਰੀਕਾ ਵਿਚ ਮੌਤ ਹੋ ਗਈ। ਮ੍ਰਿਤਕ ਨੌਜਵਾਨਾਂ ਦੀ ਪਛਾਣ 23 ਸਾਲਾ ਸੁਖਜਿੰਦਰ ਸਿੰਘ ਅਤੇ ਸਿਮਰਨਜੀਤ ਸਿੰਘ ਵਾਸੀ ਪਿੰਡ ਟੇਰਕੀਆਣਾ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਦੋਵੇਂ 2 ਸਾਲ ਪਹਿਲਾਂ ਰੋਜ਼ੀ-ਰੋਟੀ ਕਮਾਉਣ ਲਈ ਅਮਰੀਕਾ ਗਏ ਸਨ।

ਇਹ ਦੋਵੇਂ ਨੌਜਵਾਨ ਅਮਰੀਕਾ ਵਿਚ ਇਕੱਠੇ ਟਰਾਲਾ ਚਲਾਉਂਦੇ ਸਨ। ਹਾਲ ਹੀ 'ਚ ਦੋਵੇਂ ਨੌਜਵਾਨ ਕੈਲੀਫੋਰਨੀਆ ਤੋਂ ਨਿਊ ਮੈਕਸੀਕੋ ਜਾ ਰਹੇ ਸਨ। ਜਦੋਂ ਇਹ ਦੋਵੇਂ ਨੌਜਵਾਨ ਹਾਈਵੇਅ ਨੰਬਰ 144 'ਤੇ ਪਹੁੰਚੇ ਤਾਂ ਉਨ੍ਹਾਂ ਨੂੰ ਗਲਤ ਸਾਈਡ ਤੋਂ ਆ ਰਹੇ ਟਰਾਲੇ ਨੇ ਟੱਕਰ ਮਾਰ ਦਿਤੀ।

ਇਹ ਹਾਦਸਾ ਇੰਨਾ ਭਿਆਨਕ ਸੀ ਕਿ ਕਰੀਬ ਛੇ ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਇਨ੍ਹਾਂ ਨੂੰ ਬਾਹਰ ਕੱਢਿਆ ਜਾ ਸਕਿਆ ਅਤੇ ਇਨ੍ਹਾਂ ਦੋਵਾਂ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਵਿਚੋਂ ਇਕ ਦੀ ਪਛਾਣ ਸੁਖਜਿੰਦਰ ਸਿੰਘ (23) ਪੁੱਤਰ ਸਰੂਪ ਸਿੰਘ ਵਜੋਂ ਹੋਈ ਹੈ। ਇਹ ਨੌਜਵਾਨ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਸੁਖਜਿੰਦਰ ਸਿੰਘ ਦੇ ਪਿਤਾ ਵੀ ਕਿਸਾਨ ਹਨ। ਦੂਜੇ ਨੌਜਵਾਨ ਦੀ ਪਛਾਣ ਸਿਮਰਨਜੀਤ ਸਿੰਘ ਪੁੱਤਰ 23 ਸਾਲਾ ਰਵਿੰਦਰ ਸਿੰਘ ਵਜੋਂ ਹੋਈ ਹੈ, ਜੋ ਦੋ ਸਾਲ ਪਹਿਲਾਂ ਅਮਰੀਕਾ ਗਿਆ ਸੀ ਅਤੇ ਅਪਣੇ ਪਰਵਾਰ ਦਾ ਇਕਲੌਤਾ ਪੁੱਤਰ ਸੀ। ਸਿਮਰਨਜੀਤ ਸਿੰਘ ਦੇ ਵੀ ਕਿਸਾਨ ਹਨ।

ਪਰਵਾਰਕ ਮੈਂਬਰਾਂ ਦੀ ਜਾਣਕਾਰੀ ਅਨੁਸਾਰ ਬੀਤੀ ਰਾਤ ਉਨ੍ਹਾਂ ਨੂੰ ਫੋਨ ਆਇਆ ਕਿ ਦੋਵੇਂ ਨੌਜਵਾਨਾਂ ਦੀ ਹਾਦਸੇ 'ਚ ਮੌਤ ਹੋ ਗਈ ਹੈ, ਜਿਸ ਤੋਂ ਬਾਅਦ ਪੂਰੇ ਪਿੰਡ 'ਚ ਸੋਗ ਦੀ ਲਹਿਰ ਦੌੜ ਗਈ। ਹੁਣ ਪਰਵਾਰ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਉਨ੍ਹਾਂ ਦੇ ਪੁੱਤਰਾਂ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕਰ ਰਿਹਾ ਹੈ। ਉਨ੍ਹਾਂ ਦੀ ਮੰਗ ਹੈ ਕਿ ਮ੍ਰਿਤਕ ਦੀਆਂ ਦੇਹਾਂ ਨੂੰ ਉਨ੍ਹਾਂ ਦੇ ਜੱਦੀ ਪਿੰਡ ਲਿਆਂਦਾ ਜਾਵੇ ਤਾਂ ਜੋ ਉਹ ਅਪਣੇ ਪੁੱਤਰਾਂ ਦਾ ਅੰਤਿਮ ਸਸਕਾਰ ਕਰ ਸਕਣ।

(For more Punjabi news apart from Death of two youths from same village in America , stay tuned to Rozana Spokesman)