ਆਸਟ੍ਰੇਲੀਆ ਦੇ ਅੱਗ ਪੀੜਤਾਂ ਦੀ ਇੰਜ ਮਦਦ ਕਰ ਰਹੇ ਸਿੱਖ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਦੇਸੀ ਗਰਿੱਲ ਬੇਰਨਜ਼ਡੇਲ ਰੈਸਟੋਰੈਟ 'ਚ ਛਕਾਇਆ ਜਾਂਦਾ ਰੋਜ਼ ਲੰਗਰ 

File

ਆਸਟਰੇਲੀਆ ਦੇ ਹਰ ਖੇਤਰ 'ਚ ਲੱਗੀ ਅੱਗ ਦੇ ਕਾਰਨ ਭਾਰੀ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ। ਅੱਗ ਦੀ ਮਾਰ ਹੇਠ ਆਏ ਵਿਕਟੋਰੀਆ ਸੂਬੇ ਦੇ ਗਿਪਸਲੈਡ ਖੇਤਰ ਵਿੱਚ ਆਮ ਲੋਕਾਂ ਨੂੰ ਆਪਣੇ ਘਰ ਬਾਰ ਛੱਡ ਕੇ ਰਾਹਤ ਕੈਂਪਾਂ ਵਿੱਚ ਰਹਿਣਾ ਪੈ ਰਿਹਾ ਹੈ। 

ਅਜਿਹੇ ਵਿੱਚ ਬੇਰਨਜਡੇਲ ਵਿਖੇ ਸਥਿਤ ਦੇਸੀ ਗਰਿੱਲ ਨਾਮੀ ਭਾਰਤੀ ਰੈਸਟੋਰੈਟ ਵੱਲੋਂ ਸਿੱਖ ਵਲੰਟੀਅਰਜ ਆਫ ਆਸਟਰੇਲੀਆ ਦੇ ਸਹਿਯੋਗ ਨਾਲ ਅੱਗ ਨਾਲ ਪੀੜਤ ਲੋਕਾਂ ਲਈ ਆਪਣੇ ਰੈਸਟੋਰੈਟ ਵਿੱਚ ਲੰਗਰ ਦੀ ਸੇਵਾ ਚਲਾਈ ਜਾ ਰਹੀ ਹੈ। 

ਹਰ ਰੋਜ ਵੱਡੀ ਗਿਣਤੀ ਵਿੱਚ ਸਥਾਨਿਕ ਲੋਕ ਦੇਸੀ ਗਰਿੱਲ ਰੈਸਟੋਰੈਟ ਤੋਂ ਭੋਜਨ ਛੱਡਦੇ ਹਨ। ਇਸ ਮੌਕੇ ਪੰਜਾਬ ਦੇ ਇਤਿਹਾਸਕ ਪਿੰਡ ਕੁਤਬੇ ਨਾਲ ਸੰਬੰਧ ਰੱਖਣ ਵਾਲੇ ਕੰਵਲਜੀਤ ਸਿੰਘ ਰਾਏ ਅਤੇ ਉਹਨਾ ਦੀ ਪਤਨੀ ਕਮਲਜੀਤ ਕੌਰ ਨੇ ਕਿਹਾ ਕਿ ਉਹ ਬਾਬੇ ਨਾਨਕ ਦੇ ਸਿਧਾਂਤ ਉਤੇ ਪਹਿਰਾ ਦਿੰਦੇ ਹੋਏ ਆਪਣਾ ਫਰਜ ਨਿਭਾ ਰਹੇ ਹਨ। 

ਇਸ ਮੌਕੇ ਉਹਨਾ ਨੇ ਆਪਣੇ ਸਾਰੇ ਸਟਾਫ਼ ਅਤੇ ਸਿੱਖ ਵਲੰਟੀਅਰਜ ਆਫ ਆਸਟਰੇਲੀਆ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ। ਜਿਹਨਾ ਦੇ ਸਹਿਯੋਗ ਨਾਲ ਉਹ ਇਸ ਵਡ ਮੁੱਲੇ ਕਾਰਜ ਨੂੰ ਕਰ ਰਹੇ ਹਨ। 

ਜਿਕਰਯੋਗ ਹੈ ਕਿ ਸਿਖਾਂ ਵਲੋਂ ਇਸ ਸੰਕਟ ਦੀ ਘੜੀ ਵਿੱਚ ਨਿਭਾਈ ਜਾ ਰਹੀ ਭੂਮਿਕਾ ਕਾਰਨ ਜਿੱਥ ਆਸਟਰੇਲੀਅਨ ਲੋਕਾਂ ਨੂੰ ਦਸਤਾਰ ਅਤੇ ਸਿੱਖ ਧਰਮ ਬਾਰੇ ਜਾਣਕਾਰੀ ਮਿਲ ਰਹੀ ਹੈ ਉਥੇ ਆਸਟਰੇਲੀਅਨ ਮੀਡੀਆ ਵੀ ਸਿੱਖਾਂ ਦੀ ਸ਼ਲਾਘਾ ਤੇ ਧੰਨਵਾਦ ਕਰਦਾ ਨਹੀਂ ਥੱਕ ਰਿਹਾ।