ਪੰਜਾਬ ਦੀਆਂ ਦੋ ਮੁਟਿਆਰਾਂ ਨੇ ਕੈਨੇਡਾ 'ਚ ਚਮਕਾਇਆ ਨਾਂ, ਪੁਲਿਸ ਬੋਰਡ 'ਚ ਮਿਲਿਆ ਡਾਇਰੈਕਟਰ ਦਾ ਅਹੁਦਾ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਮਾਨਵ ਗਿੱਲ ਦੀ ਨਿਯੁਕਤੀ ਦੀ ਮਿਆਦ 31 ਦਸੰਬਰ, 2022 ਤੱਕ ਰਹੇਗੀ ਅਤੇ ਜਸਪ੍ਰੀਤ ਸੁੰਨੜ ਦੀ ਨਿਯੁਕਤੀ 30 ਜੂਨ 2023 ਤੱਕ ਕੀਤੀ ਗਈ ਹੈ।

Jaspreet Sunad, Manav Gill

ਸਰੀ - ਪੰਜਾਬੀ ਜਿੱਥੇ ਵੀ ਜਾਂਦੇ ਨੇ ਆਪਣਾ ਨਾਂ ਰੌਸ਼ਨ ਕਰ ਲੈਂਦੇ ਹਨ। ਅਜਿਹੀ ਹੀ ਮਿਸਾਲ ਪੰਜਾਬ ਦੀਆਂ 2 ਮੁਟਿਆਰਾਂ ਨੇ ਪੈਦਾ ਕੀਤੀ ਹੈ। ਦਰਅਸਲ ਦੋ ਪੰਜਾਬੀ ਮੁਟਿਆਰਾਂ ਜਸਪ੍ਰੀਤ ਜੈਸੀ ਸੁੰਨੜ ਅਤੇ ਮਾਨਵ ਗਿੱਲ ਨੂੰ ਸਰੀ ਪੁਲਿਸ ਬੋਰਡ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਬੀ.ਸੀ. ਦੇ ਪੰਜਾਬੀ ਭਾਈਚਾਰੇ ਵੱਲੋਂ ਇਨ੍ਹਾਂ ਨਿਯੁਕਤੀਆਂ ਦਾ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ। ਮਾਨਵ ਗਿੱਲ ਦੀ ਨਿਯੁਕਤੀ ਦੀ ਮਿਆਦ 31 ਦਸੰਬਰ, 2022 ਤੱਕ ਰਹੇਗੀ ਅਤੇ ਜਸਪ੍ਰੀਤ ਸੁੰਨੜ ਦੀ ਨਿਯੁਕਤੀ 30 ਜੂਨ 2023 ਤੱਕ ਕੀਤੀ ਗਈ ਹੈ।

ਜ਼ਿਕਰਯੋਗ ਹੈ ਕਿ ਕੈਲਗਰੀ ਯੂਨੀਵਰਸਿਟੀ ਤੋਂ ਜੂਰੀਸ ਡਾਕਟਰ ਅਤੇ ਸਾਈਮਨ ਫ੍ਰੇਜ਼ਰ ਯੂਨੀਵਰਸਿਟੀ ਤੋਂ ਬੀ.ਏ. ਕ੍ਰਿਮੀਨੌਲੋਜੀ ਦੀ ਡਿਗਰੀ ਹਾਸਲ ਕਰਨ ਵਾਲੀ ਜਸਪ੍ਰੀਤ ਜੱਸੀ ਸੁੰਨੜ ਹਸਪਤਾਲ ਕਰਮਚਾਰੀ ਯੂਨੀਅਨ ਲਈ ਇਨ-ਹਾਊਸ ਕਾਨੂੰਨੀ ਸਲਾਹਕਾਰ ਹੈ। ਉਹ ਕਿਰਤ ਸੰਬੰਧਾਂ, ਰੋਜ਼ਗਾਰ ਅਤੇ ਮਨੁੱਖੀ ਅਧਿਕਾਰਾਂ ਦੇ ਕਾਨੂੰਨ ਵਿਚ ਮਾਹਿਰ ਹੈ।

ਇਹ ਵੀ ਪੜ੍ਹੋ -  ਮੀਂਹ ਪਵਾਉਣ ਲਈ ਗੁੱਡੀ ਫੂਕਣ ਦੀ ਰੀਤ ਨੂੰ ਸ਼ਿੱਦਤ ਨਾਲ ਨਿਭਾ ਰਹੀਆਂ ਹਨ ਬੀਬੀਆਂ

ਜੈਸੀ ਨੂੰ ਆਮ ਅਤੇ ਵਿਵਾਦਗ੍ਰਸਤ ਮੁਕੱਦਮੇਬਾਜ਼ੀ ਦਾ ਤਜ਼ਰਬਾ ਹੈ। ਜਸਪ੍ਰੀਤ ਜੈਸੀ ਅੱਜ ਕੱਲ੍ਹ ਸਰੀ ਵਿਮੈਨਸ ਸੈਂਟਰ ਦੇ ਬੋਰਡਾਂ ਅਤੇ ਕੈਨੇਡਾ ਵਿਚ ਸੰਯੁਕਤ ਰਾਸ਼ਟਰ ਸੰਘ (ਵੈਨਕੂਵਰ ਬ੍ਰਾਂਚ) ਵਿਚ ਸੇਵਾ ਨਿਭਾ ਰਹੀ ਹੈ। ਉਸ ਨੇ ਬੈਂਕਾਕ (ਥਾਈਲੈਂਡ) ਵਿਚ ਸੰਯੁਕਤ ਰਾਸ਼ਟਰ ਦੇ ਦਫਤਰ ਅਤੇ ਨਸ਼ਾ ਤੇ ਅਪਰਾਧ ਨਾਲ ਵੀ ਕੰਮ ਕੀਤਾ ਹੈ। ਉਸ ਨੇ ਵੱਖ-ਵੱਖ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਦੇ ਬੱਚਿਆਂ ਦੀ ਸੁਰੱਖਿਆ ਅਤੇ ਮਨੁੱਖੀ ਤਸਕਰੀ ਵਿਰੋਧੀ ਕਾਨੂੰਨ ਦਾ ਖਰੜਾ ਤਿਆਰ ਕਰਨ ਵਿਚ ਸਹਾਇਤਾ ਕੀਤੀ ਹੈ।

ਇਹ ਵੀ ਪੜ੍ਹੋ - ਰਾਹਤ! ਹੁਣ ਇਕ ਘੰਟੇ ਵਿਚ PF ਖਾਤੇ 'ਚੋਂ ਕਢਵਾ ਸਕਦੇ ਹੋ ਇਕ ਲੱਖ ਰੁਪਏ, ਜਾਣੋ ਕਿਵੇਂ

ਉਹ ਕੈਨੇਡੀਅਨ ਬਾਰ ਐਸੋਸੀਏਸ਼ਨ ਬੀ. ਸੀ. ਫੈਮਿਲੀ ਲਾਅ ਸੈਕਸ਼ਨ ਐਗਜ਼ੀਕਿਊਟਿਵ ਵਿਚ ਸੇਵਾ ਨਿਭਾਅ ਚੁੱਕੀ ਹੈ। ਉਸ ਨੇ ਇਕੁਏਡੋਰ ਵਿਚ ਵਿਕਾਸ ਪ੍ਰਾਜੈਕਟਾਂ ਵਿਚ ਸਵੈ-ਸੇਵੀ ਦੇ ਤੌਰ ਤੇ ਵੀ ਕੰਮ ਕੀਤਾ ਹੈ। ਜੇ ਗੱਲ ਮਾਨਵ ਗਿੱਲ ਦੀ ਕਰੀਏ ਤਾਂ ਉਹ ਫਰੇਜ਼ਰ ਹੈਲਥ ਵਿਚ ਕਲੀਨਿਕਲ ਆਪ੍ਰੇਸ਼ਨ ਦੇ ਮੈਨੇਜਰ ਹੈ। ਸਿਹਤ ਸੁਰੱਖਿਆ ਖੇਤਰ ਵਿਚ ਉਸ ਨੂੰ ਵਿਸ਼ਾਲ ਤਜਰਬਾ ਹੈ। ੳਹ ਬੀ.ਸੀ. ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਲਈ ਜਨਤਕ ਸਿਹਤ ਪ੍ਰਬੰਧਕ ਵੀ ਰਹੀ ਹੈ। ਮਾਨਵ ਗਿੱਲ ਨੇ ਵਿਕਟੋਰੀਆ ਯੂਨੀਵਰਸਿਟੀ ਤੋਂ ਬੀ.ਐਸ.ਸੀ. (ਨਰਸਿੰਗ) ਕੀਤੀ ਹੈ ਅਤੇ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ (ਯੂ.ਬੀ.ਸੀ.) ਤੋਂ ਮਾਸਟਰ ਆਫ਼ ਹੈਲਥ ਐਡਮਨਿਸਟ੍ਰੇਸ਼ਨ ਕੀਤੀ ਹੋਈ ਹੈ। ਇਨ੍ਹਾਂ ਦੋਹਾਂ ਦੇ ਨਾਲ ਹੀ ਚੇਨੀ ਕਲੋਕ ਅਤੇ ਹਾਰਲੇ ਚੈਪਲ ਨੂੰ ਵੀ ਸਰੀ ਪੁਲਿਸ ਬੋਰਡ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ।