ਵਿਦੇਸ਼ੀ ਬੱਚੇ ਦੀ ਜਾਨ ਬਚਾਉਣ ਲਈ ਪੰਜਾਬੀ ਧੀ ਨੇ ਗਵਾਈ ਅਪਣੀ ਜਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਮੰਗਲਵਾਰ (5 ਨਵੰਬਰ) ਨੂੰ ਲੈਂਟੋਰ ਏਵੈਨਿਊ ਵਿਚ ਇਕ ਹਾਦਸੇ ਦੌਰਾਨ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੀ ਰਹਿਣ ਵਾਲੀ 29 ਸਾਲਾ ਲੜਕੀ ਜਸਪ੍ਰੀਤ ਕੌਰ ਦੀ ਮੌਤ ਹੋ ਗਈ।

Punjabi girl died in tragic road accident

ਸਿੰਗਾਪੁਰ: ਮੰਗਲਵਾਰ (5 ਨਵੰਬਰ) ਨੂੰ ਲੈਂਟੋਰ ਏਵੈਨਿਊ ਵਿਚ ਇਕ ਹਾਦਸੇ ਦੌਰਾਨ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੀ ਰਹਿਣ ਵਾਲੀ 29 ਸਾਲਾ ਲੜਕੀ ਜਸਪ੍ਰੀਤ ਕੌਰ ਦੀ ਮੌਤ ਹੋ ਗਈ। ਜਸਪ੍ਰੀਤ ਸਿੰਗਾਪੁਰ ਵਿਚ ਕਿਸੇ ਦੇ ਘਰ ਵਿਚ ਬੱਚੇ ਨੂੰ ਸੰਭਾਲਦੀ ਸੀ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਜਸਪ੍ਰੀਤ ਅਪਣੇ ਮਾਲਕ ਦੇ 2 ਸਾਲ ਦੇ ਬੱਚੇ ਨੂੰ ਘੁਮਾਉਣ ਲਈ ਘਰ ਤੋਂ ਬਾਹਰ ਲੈ ਕੇ ਜਾ ਰਹੀ ਸੀ। ਇਸੇ ਦੌਰਾਨ ਬੱਚਾ ਇਕ ਤੇਜ਼ ਰਫ਼ਤਾਰ ਗੱਡੀ ਹੇਠ ਆਉਣ ਲੱਗਿਆ, ਉਸੇ ਸਮੇਂ ਹੀ ਜਸਪ੍ਰੀਤ ਨੇ ਅਪਣੀ ਜਾਨ ਗੁਆ ਕੇ ਉਸ ਬੱਚੇ ਦੀ ਜਾਨ ਬਚਾਈ।

ਜਿਸ ਘਰ ਵਿਚ ਉਹ ਕੰਮ ਕਰਦੀ ਸੀ, ਉਹਨਾਂ ਦਾ ਕਹਿਣਾ ਹੈ ਕਿ ‘ਜਸਪ੍ਰੀਤ ਅਪਣਾ ਕੰਮ ਬਹੁਤ ਵਧੀਆ ਤਰੀਕੇ ਨਾਲ ਕਰਦੀ ਸੀ ਅਤੇ ਉਹਨਾਂ ਦੇ ਲੜਕੇ ਦੇ ਬਹੁਤ ਕਰੀਬ ਸੀ’। ਉਹਨਾਂ ਦਾ ਕਹਿਣਾ ਹੈ ਕਿ ਜਸਪ੍ਰੀਤ ਨੂੰ ਇਹ ਕੰਮ ਕਰਦਿਆਂ ਸਿਰਫ਼ ਤਿੰਨ ਮਹੀਨੇ ਹੀ ਹੋਏ ਸਨ। ਉਹਨਾਂ ਦਾ ਕਹਿਣਾ ਹੈ ਕਿ ਜਸਪ੍ਰੀਤ ਦੀ ਮ੍ਰਿਤਕ ਦੇਹ ਉਸ ਦੇ ਘਰ ਭੇਜਣ ਲਈ ਇੰਤਜ਼ਾਮ ਕੀਤੇ ਜਾ ਰਹੇ ਹਨ।

ਹਾਦਸੇ ਤੋਂ ਬਾਅਦ ਜਸਪ੍ਰੀਤ ਅਤੇ ਉਸ ਬੱਚੇ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੋਂ ਬੱਚੇ ਨੂੰ ਛੁੱਟੀ ਮਿਲ ਗਈ। ਲਾਪਰਵਾਹ ਡਰਾਇਵਰੀ ਲਈ ਇਕ 44 ਸਾਲਾ ਵਾਹਨ ਚਾਲਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਬੰਧੀ ਜਾਂਚ ਜਾਰੀ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਸਵੇਰੇ 10:55 ਤੇ ਇਸ ਹਾਦਸੇ ਦੀ ਖ਼ਬਰ ਮਿਲੀ ਸੀ। ਸਿੰਗਾਪੁਰ ਸਿਵਲ ਡਿਫੈਂਸ ਫੋਰਸ ਨੇ ਦੱਸਿਆ ਕਿ ਜਦੋਂ ਜਸਪ੍ਰੀਤ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਉਹ ਬੇਹੌਸ਼ੀ ਦੀ ਹਾਲਤ ਵਿਚ ਸੀ, ਉਸ ਤੋਂ ਬਾਅਦ ਉਸ ਦੀ ਮੌਤ ਹੋ ਗਈ।

ਇਕ 50 ਸਾਲਾ ਔਰਤ ਦਾ ਕਹਿਣਾ ਹੈ ਕਿ ਜਦੋਂ ਪੁਲਿਸ ਜਸਪ੍ਰੀਤ ਨੂੰ ਲੈ ਕੇ ਗਈ ਤਾਂ ਉਸ ਤੋਂ ਪਹਿਲਾਂ ਉਸ ਦੀਆਂ ਜੁੱਤੀਆਂ ਕਾਰ ਤੋਂ ਕੁਝ ਦੂਰ ਪਈਆਂ ਦਿਖਾਈ ਦਿੱਤੀਆਂ ਸਨ।  ਦੱਸ ਦਈਏ ਕਿ ਜਿਸ ਸਮੇਂ ਇਹ ਹਾਦਸਾ ਵਾਪਰਿਆ ਉਸ ਸਮੇਂ ਤੇਜ਼ ਬਾਰਿਸ਼ ਹੋ ਰਹੀ ਸੀ। ਉੱਥੋਂ ਲ਼ੰਘ ਰਹੇ ਲੋਕਾਂ ਨੇ ਜਸਪ੍ਰੀਤ ਉੱਤੇ ਛਤਰੀ ਦਿੱਤੀ ਸੀ। ਜਸਪ੍ਰੀਤ ਕੌਰ ਪੰਜਾਬ ਦੀ ਰਹਿਣ ਵਾਲੀ ਹੈ। ਉਹ ਇਕਲੌਤੀ ਮਾਂ ਹੈ ਅਤੇ ਉਸ ਦੀ 7 ਸਾਲ ਦੀ ਲੜਕੀ ਹੈ, ਜੋ ਪੰਜਾਬ ਵਿਚ ਉਸ ਦੇ ਦੋ ਛੋਟੇ ਭਰਾਵਾਂ ਅਤੇ ਬਜ਼ੁਰਗ ਮਾਂ ਨਾਲ ਰਹਿੰਦੀ ਹੈ। ਜਸਪ੍ਰੀਤ ਦਾ ਪਤੀ ਪਿਛਲੇ 3 ਸਾਲਾਂ ਤੋਂ ਲਾਪਤਾ ਹੈ ਅਤੇ ਉਸ ਦੀ ਪਿਤਾ ਦੀ ਮੌਤ ਹੋ ਚੁੱਕੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।