ਨਿਊਯਾਰਕ ’ਚ ਸਿੱਖ ਸਾਹਿਤਕਾਰ ਨਾਲ ਅਣਪਛਾਤੇ ਲੁਟੇਰਿਆਂ ਵਲੋਂ ਕੁੱਟਮਾਰ
ਪੀੜਤ ਉਂਕਾਰ ਸਿੰਘ ਨੇ ਦਸਿਆ ਕਿ ਸ਼ੂਗਰ ਦਾ ਮਰੀਜ਼ ਹੋਣ ਕਾਰਨ ਉਹ ਖਾਣਾ ਖਾ ਕੇ ਸੈਰ ਕਰਨ ਲਈ ਘਰੋਂ ਨਿਕਲੇ ਸਨ।
ਨਿਊਯਾਰਕ: ਬੀਤੀ ਰਾਤ ਪੰਜਾਬੀਆਂ ਦੀ ਸੰਘਣੀ ਆਬਾਦੀ ਵਾਲੇ ਨਿਊਯਾਰਕ ਰਾਜ ਦੇ ਰਿਚਮੰਡ ਹਿੱਲ ਦੀ 112 ਸਟ੍ਰੀਟ ’ਤੇ ਬਜ਼ੁਰਗ ਸਾਹਿਤਕਾਰ ਉਂਕਾਰ ਸਿੰਘ ਡੁਮੇਲੀ ਨਾਲ ਅਣਪਛਾਤੇ ਲੁਟੇਰਿਆਂ ਵਲੋਂ ਕੁੱਟਮਾਰ ਕੀਤੀ ਗਈ। ਅਪਣੇ ਘਰੋਂ ਰਾਤ 9:30 ਵਜੇ ਦੇ ਕਰੀਬ ਸੈਰ ਕਰਨ ਨਿਕਲੇ 82 ਸਾਲਾ ਉਂਕਾਰ ਸਿੰਘ ਨਾਲ 2 ਅਣਪਛਾਤੇ ਲੁਟੇਰਿਆਂ ਨੇ ਕੁੱਟਮਾਰ ਕਰ ਕੇ ਉਨ੍ਹਾਂ ਦਾ ਫ਼ੋਨ ਵੀ ਖੋਹ ਲਿਆ।
ਪੀੜਤ ਉਂਕਾਰ ਸਿੰਘ ਨੇ ਦਸਿਆ ਕਿ ਸ਼ੂਗਰ ਦਾ ਮਰੀਜ਼ ਹੋਣ ਕਾਰਨ ਉਹ ਖਾਣਾ ਖਾ ਕੇ ਸੈਰ ਕਰਨ ਲਈ ਘਰੋਂ ਨਿਕਲੇ ਸਨ। ਇਸ ਦੌਰਾਨ ਪਿਛੋਂ ਦੋ ਅਣਪਛਾਤੇ ਨੌਜਵਾਨ ਮੂੰਹ ਢੱਕ ਕੇ ਆਏ ਅਤੇ ਉਨ੍ਹਾਂ ਨੂੰ ਕੁੱਟਣਾ ਸ਼ੁਰੂ ਕਰ ਦਿਤਾ।ਫਿਰ ਲੁਟੇਰੇ ਉਨ੍ਹਾਂ ਦੀ ਜੇਬ ਵਿਚੋਂ ਫ਼ੋਨ ਕੱਢ ਕੇ ਫ਼ਰਾਰ ਹੋ ਗਏ।
ਫ਼ਿਲਹਾਲ ਇਸ ਮਾਮਲੇ ਵਿਚ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ ਅਤੇ ਜਾਂਚ ਜਾਰੀ ਹੈ। ਪੁਲਿਸ ਅਨੁਸਾਰ ਹਮਲੇ ਦੀ ਫ਼ਿਲਹਾਲ ਨਫ਼ਰਤੀ ਅਪਰਾਧ ਵਜੋਂ ਜਾਂਚ ਨਹੀਂ ਕੀਤੀ ਜਾ ਰਹੀ ਹੈ, ਕਿਉਂਕਿ ਇਰਾਦਾ ਲੁੱਟ ਦਾ ਹੋਣਾ ਤੈਅ ਕੀਤਾ ਗਿਆ ਹੈ।