Canada ਵਿਚ Sikh ਨੌਜਵਾਨ ਦਾ ਕੁੱਟ-ਕੁੱਟ ਕੇ ਕੀਤਾ ਬੁਰਾ ਹਾਲ
ਕੈਨੇਡਾ ਵਿਚ ਇਕ ਸਿੱਖ ਨੌਜਵਾਨ ਮੁੰਡੇ ਨੂੰ ਐਨਾ ਕੁਟਿਆ ਗਿਆ ਕਿ ਉਹ ਬੱਸ ਮਰਨ ਤੋਂ ਬਚ ਗਿਆ ਬਾਕੀ ਹਮਲਾਵਰਾਂ ਨੇ ਉਸ ਨੂੰ ਮਾਰਨ ਵਿਚ ਕੋਈ ਕਸਰ ਬਾਕੀ ਨਹੀਂ ਛਡੀ ਸੀ।
ਸਸਕੈਚੇਵਨ: ਕੈਨੇਡਾ (Canada) ਵਿਚ ਇਕ ਸਿੱਖ ਨੌਜਵਾਨ (Sikh Youth) ਮੁੰਡੇ ਨੂੰ ਐਨਾ ਕੁਟਿਆ ਗਿਆ ਕਿ ਉਹ ਬੱਸ ਮਰਨ ਤੋਂ ਬਚ ਗਿਆ ਬਾਕੀ ਹਮਲਾਵਰਾਂ ਨੇ ਉਸ ਨੂੰ ਮਾਰਨ ਵਿਚ ਕੋਈ ਕਸਰ ਬਾਕੀ ਨਹੀਂ ਛਡੀ ਸੀ। ਦਰਅਸਲ ਕੈਨੇਡਾ ਵਿਚ ਮੁਸਲਮਾਨ ਪਰਵਾਰ ਦੇ ਚਾਰ ਜੀਆਂ ਨੂੰ ਗੱਡੀ ਹੇਠ ਦਰੜ ਕੇ ਮਾਰਨ ਦੀ ਹੌਲਨਾਕ ਘਟਨਾ ਤੋਂ ਪੰਜ ਦਿਨ ਬਾਅਦ ਸਿੱਖ ਨੌਜਵਾਨ ਨੂੰ ਕੁੱਟ-ਕੁੱਟ ਅਧ-ਮਰਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਇਹ ਘਟਨਾ ਕੈਨੇਡਾ ਦੇ ਸਸਕੈਚੇਵਨ (Saskatchewan) ਸੂਬੇ ਦੇ ਰਿਜਾਇਨਾ (Regina) ਸ਼ਹਿਰ ਵਿਚ ਵਾਪਰੀ ਜਦੋਂ ਸਿਮਰਨਦੀਪ ਸਿੰਘ ਨਾਮ ਦਾ ਨੌਜਵਾਨ ਅਪਣੇ ਕੰਮ ਤੋਂ ਪਰਤ ਕੇ ਅਪਣੀ ਕਾਰ ਪਾਰਕ ਕਰ ਰਿਹਾ ਸੀ। ਅੰਮ੍ਰਿਤਧਾਰੀ ਨੌਜਵਾਨ ਸਿਮਰਨਦੀਪ ਸਿੰਘ ਨੇ ਦਸਿਆ ਕਿ ਉਹ ਕੰਮ ਤੋਂ ਪਰਤ ਕੇ ਆਪਣੀ ਕਾਰ ਪਾਰਕ ਕਰ ਰਿਹਾ ਸੀ ਜਦੋਂ ਇਕ ਗੱਡੀ ਵਿਚ ਆਏ ਦੋ ਜਣਿਆਂ ਨੇ ਬਗ਼ੈਰ ਕਿਸੇ ਭੜਕਾਹਟ ਤੋਂ ਉਸ ਉਪਰ ਹਥਿਆਰਾਂ ਨਾਲ ਹਮਲਾ ਕਰ ਦਿਤਾ।
ਹੋਰ ਪੜ੍ਹੋ: ਸੰਪਾਦਕੀ: ਕਾਂਗਰਸ ਦੇ ‘ਰਾਹੁਲ ਬਰੀਗੇਡ’ ਦੇ ਯੁਵਾ ਆਗੂ, ਕਾਂਗਰਸ ਤੋਂ ਦੂਰ ਕਿਉਂ ਜਾ ਰਹੇ ਹਨ?
ਸਿਮਰਨਦੀਪ ਸਿੰਘ ਦੇ ਚਿਹਰੇ ਅਤੇ ਸਿਰ ਉਪਰ ਵਾਰ ਕੀਤੇ ਗਏ ਜਿਸ ਕਾਰਨ ਉਹ ਬੇਹੋਸ਼ ਹੋ ਕੇ ਡਿੱਗ ਪਿਆ। ਘਟਨਾ ਤੋਂ ਸਾਫ਼ ਲੱਗ ਰਿਹਾ ਸੀ ਕਿ ਹਮਲਾਵਰ ਸਿਮਰਨਦੀਪ ਸਿੰਘ ਨੂੰ ਕਤਲ ਕਰਨਾ ਚਾਹੁੰਦੇ ਸਨ ਪਰ ਜਦੋਂ ਉਹ ਬੇਹੋਸ਼ ਹੋ ਕੇ ਡਿੱਗ ਪਿਆ ਤਾਂ ਮੁਲਜ਼ਮ ਉਥੋਂ ਫ਼ਰਾਰ ਹੋ ਗਏ।
ਇਸੇ ਦੌਰਾਨ ਸਿਮਰਨਦੀਪ ਸਿੰਘ ਦੀ ਪਤਨੀ ਨੂੰ ਘਟਨਾ ਬਾਰੇ ਪਤਾ ਲੱਗ ਗਿਆ ਅਤੇ ਉਸ ਨੇ ਤੁਰਤ ਪੁਲਿਸ (Police) ਨੂੰ ਇਤਲਾਹ ਦੇ ਦਿਤੀ। ਇਸ ਮੌਕੇ ਪੁਲਿਸ ਨੇ ਮੌਕੇ ਉਤੇ ਪੁੱਜ ਕੇ ਪਹਿਲਾਂ ਤਾਂ ਜ਼ਖ਼ਮੀ ਨੌਜਵਾਨ ਨੂੰ ਹਸਪਤਾਲ ਪੁੱਜਦਾ ਕੀਤਾ ਅਤੇ ਹੁਣ ਪੁਲਿਸ ਜਾਂਚ ਵਿਚ ਜੁਟ ਗਈ ਹੈ। ਮੌਕੇ ਉਤੇ ਮੌਜੂਦ ਪੁਲਿਸ ਅਫ਼ਸਰ ਦਾ ਕਹਿਣਾ ਸੀ ਕਿ ਮੁਲਜ਼ਮਾਂ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ।