ਮੁੰਬਈ ਵਿਚ ਫੇਲ੍ਹ ਹੋਇਆ ਪਾਵਰ ਗਰਿੱਡ, ਪੂਰੇ ਸ਼ਹਿਰ ਦੀ ਬੱਤੀ ਗੁੱਲ
ਟਰੇਨਾਂ ਦੀ ਆਵਾਜਾਈ ਵੀ ਹੋਈ ਠੱਪ
ਮੁੰਬਈ : ਦੇਸ਼ ਦੀ ਆਰਥਕ ਰਾਜਧਾਨੀ ਮੁੰਬਈ ਵਿਚ ਸੋਮਵਾਰ ਨੂੰ ਅਚਾਨਕ ਪਾਵਰ ਗਰਿੱਡ ਫੇਲ੍ਹ ਹੋ ਗਿਆ। ਇਸ ਨਾਲ ਪੂਰੇ ਸ਼ਹਿਰ ਦੇ ਵੱਡੇ ਹਿੱਸੇ ਵਿਚ ਬਿਜਲੀ ਚਲੀ ਗਈ। ਸ਼ਹਿਰ ਦੇ ਬਿਜਲੀ ਸਪਲਾਈ ਬੋਰਡ ਮੁਤਾਬਕ ਟਾਟਾ ਦੀ ਬਿਜਲੀ ਸਪਲਾਈ ਵਿਚ ਕੁਝ ਸਮੱਸਿਆ ਆਉਣ ਕਾਰਨ ਬਿਜਲੀ ਬੰਦ ਹੋਈ ਹੈ।'
ਪਾਵਰ ਕੱਟ ਹੋਣ ਕਾਰਨ ਇੱਥੇ ਟਰੇਨਾਂ ਦਾ ਸੰਚਾਲਨ ਵੀ ਠੱਪ ਹੋ ਗਿਆ ਹੈ, ਜਿਸ ਕਾਰਨ ਲੱਖਾਂ ਦੀ ਗਿਣਤੀ ਵਿਚ ਲੋਕ ਫਸੇ ਹਨ। ਕਈ ਇਲਾਕਿਆਂ ਵਿਚ ਟ੍ਰੈਫਿਕ ਸਿਗਨਲ ਵੀ ਕੰਮ ਨਹੀਂ ਕਰ ਰਹੇ। ਪੱਛਮੀ ਰੇਲਵੇ ਨੇ ਕਿਹਾ ਹੈ ਕਿ ਇਹ ਟਾਟਾ ਪਾਵਰਰ ਗਰਿੱਡ ਵਿਚ ਇਕ ਗੜਬੜੀ ਆਉਣ ਦੇ ਚਲਦਿਆਂ ਅਜਿਹਾ ਹੋਇਆ ਹੈ।
ਮੁੰਬਈ ਵਿਚ ਇੰਨੇ ਵੱਡੇ ਪੱਧਰ 'ਤੇ ਬਿਜਲੀ ਜਾਣ ਦੀ ਘਟਨਾ ਪਹਿਲੀ ਵਾਰ ਹੋਈ ਹੈ। ਫਿਲਹਾਲ ਕੋਵਿਡ ਹਸਪਤਾਲਾਂ ਵਿਚ ਪਾਵਰ ਬੈਕਅਪ ਜ਼ਰੀਏ ਬਿਜਲੀ ਆ ਰਹੀ ਹੈ। ਬ੍ਰਹਿਨਮੁੰਬਾਈ ਬਿਜਲੀ ਸਪਲਾਈ ਅਤੇ ਆਵਾਜਾਈ (BEST) ਨੇ ਟਵੀਟ ਕਰਕੇ ਕਿਹਾ, 'ਟਾਟਾ ਦੀ ਬਿਜਲੀ ਸਪਲਾਈ ਵਿਚ ਸਮੱਸਿਆ ਕਾਰਨ ਸ਼ਹਿਰ ਵਿਚ ਬਿਜਲੀ ਬੰਦ ਹੋਈ ਹੈ। ਅਸੁਵਿਧਾ ਲਈ ਮੁਆਫੀ'।
ਬਿਜਲੀ ਜਾਣ ਤੋਂ ਕੁਝ ਮਿੰਟਾਂ ਬਾਅਦ ਹੀ ਟਵਿਟਰ 'ਤੇ ਇਸ ਦੀ ਚਰਚਾ ਸ਼ੁਰੂ ਹੋ ਗਈ। ਕੁਝ ਲੋਕਾਂ ਨੇ ਇਸ 'ਤੇ ਹੈਰਾਨੀ ਜਤਾਈ। ਮੁੰਬਈ ਤੋਂ ਇਲਾਵਾ ਠਾਣੇ ਦੇ ਵੀ ਕੁਝ ਇਲਾਕਿਆਂ ਵਿਚ ਵੀ ਬੱਤੀ ਗੁੱਲ ਹੋ ਗਈ ਹੈ। ਮੁੰਬਈ ਅਤੇ ਉਸ ਦੇ ਉਪਨਗਰੀ ਇਲਾਕਿਆਂ ਵਿਚ 360 ਮੈਗਾਵਾਟ ਦੀ ਬਿਜਲੀ ਸਪਲਾਈ ਬੰਦ ਹੋਈ ਹੈ।
ਹਾਰਾਸ਼ਟਰ ਦੇ ਊਰਜਾ ਮੰਤਰੀ ਨਿਤਿਨ ਰਾਊਤ ਦਾ ਕਹਿਣਾ ਹੈ ਕਿ ਇਸ ਸਮੱਸਿਆ ਨੂੰ ਇਕ ਘੰਟੇ ਵਿਚ ਹੱਲ ਕਰ ਲਿਆ ਜਾਵੇਗਾ। ਸਰਕਾਰ ਇਸ ਨੂੰ ਠੀਕ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ।