ਸਦੀ ਦਾ ਮਹਾਨ ਗਾਇਕ ਅਤੇ ਲੋਕ ਗਾਥਾਵਾਂ ਦਾ ਬਾਦਸ਼ਾਹ: ਕੁਲਦੀਪ ਮਾਣਕ (ਭਾਗ-1)

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਮਾਲਵੇ ਦੇ ਰੇਤਲੇ ਇਲਾਕੇ, ਬਠਿੰਡਾ ਜ਼ਿਲ੍ਹੇ ਦੇ ਪਿੰਡ ਜਲਾਲ ਦੀ ਟਿੱਬਿਆਂ ਵਾਲੀ ਜ਼ਰਖ਼ੇਜ਼ ਧਰਤੀ 'ਤੇ ਜਨਮਿਆ....

Kuldeep Manak

ਚੰਡੀਗੜ੍ਹ (ਭਾਸ਼ਾ): ਮਾਲਵੇ ਦੇ ਰੇਤਲੇ ਇਲਾਕੇ, ਬਠਿੰਡਾ ਜ਼ਿਲ੍ਹੇ ਦੇ ਪਿੰਡ ਜਲਾਲ ਦੀ ਟਿੱਬਿਆਂ ਵਾਲੀ ਜ਼ਰਖ਼ੇਜ਼ ਧਰਤੀ 'ਤੇ ਜਨਮਿਆ ਪੰਜਾਬੀ ਗਾਇਕੀ ਦਾ ਅੰਤਰ-ਰਾਸ਼ਟਰੀ ਪ੍ਰਸਿੱਧੀ ਪ੍ਰਾਪਤ, ਮਹਾਨ ਅਤੇ ਸਦਾ-ਬਹਾਰ ਲੋਕ-ਗਾਇਕ ਕੁਲਦੀਪ ਮਾਣਕ ਕਿਸੇ ਜਾਣ-ਪਛਾਣ ਦਾ ਮੁਤਾਜ ਨਹੀਂ। ਫੱਕਰ ਸੁਭਾਅ ਦੇ ਮਾਲਕ ਕੁਲਦੀਪ ਮਾਣਕ ਦਾ ਬਚਪਨ ਦਾ ਨਾਂ ਲਤੀਫ਼ ਮੁਹੰਮਦ ਸੀ। ਛੋਟੇ ਹੁੰਦਿਆਂ ਹੀ ਉਸ ਦੇ ਪਿਤਾ ਨਿੱਕਾ ਖ਼ਾਨ ਉਰਫ਼ ਨਿੱਕਾ ਸਿੰਘ ਦੀ ਮੌਤ ਹੋ ਗਈ। ਮਾਤਾ ਬਚਨ ਕੌਰ ਨੇ, ਲੋਕਾਂ ਦੇ ਘਰਾਂ ਦਾ ਕੰਮ ਕਰ ਕੇ, ਲਤੀਫ਼ ਮੁਹੰਮਦ ਉਰਫ਼ ਕੁਲਦੀਪ ਮਾਣਕ ਅਤੇ ਉਸ ਦੇ ਵੱਡੇ ਭੈਣ-ਭਰਾਵਾਂ ਨੂੰ ਪਾਲਿਆ-ਪੋਸਿਆ।

ਸਕੂਲ ਵਿਚ ਅਕਸਰ ਮਾਣਕ ਬਾਲ-ਸਭਾਵਾਂ ਵਿਚ ਗਾਉਂਦਾ ਤੇ ਸਭ ਦਾ ਮਨ ਮੋਹ ਲੈਂਦਾ। ਘਰ ਦੀ ਗ਼ਰੀਬੀ ਕਾਰਨ ਮਾਣਕ ਨੇ, ਪੜ੍ਹਾਈ ਛੱਡ ਕੇ, ਅਪਣੇ ਰਿਸ਼ਤੇ ਵਿਚ ਲਗਦੇ ਭਤੀਜੇ ਅਤੇ ਲੋਕ ਗਾਇਕ ਕੇਵਲ ਜਲਾਲ ਨਾਲ ਲੁਧਿਆਣੇ ਜਾਣ ਦਾ ਮਨ ਬਣਾਇਆ। ਜਦੋਂ ਮਾਣਕ ਲੁਧਿਆਣੇ ਗਿਆ ਤਾਂ ਉਸ ਵੇਲੇ ਉਹ ਢਿੱਡੋਂ ਭੁੱਖਾ ਸੀ ਅਤੇ ਉਸ ਦੇ ਸਿਰ ਉਤੇ ਛੱਤ ਵੀ ਨਹੀਂ ਸੀ। ਉਹ, ਉਸ ਸਮੇਂ ਦੇ ਸਥਾਪਤ ਕਲਾਕਾਰਾਂ, ਦੋਗਾਣਾ ਜੋੜੀਆਂ ਨਾਲ ਰਹਿ ਕੇ, ਕਦੇ ਢੋਲ ਵਜਾਉਂਦਾ ਤੇ ਕਦੇ ਹਰਮੋਨੀਅਮ ਵਜਾ ਕੇ ਗੁਜ਼ਾਰਾ ਕਰਦਾ। ਕਦੇ-ਕਦੇ ਤਾਂ ਉਹ ਗਾਇਕਾਂ ਦੇ ਦਫ਼ਤਰਾਂ ਵਿਚ ਰਹਿ ਕੇ, ਉਨ੍ਹਾਂ ਦੀ ਸੇਵਾ ਕਰਦਾ ਅਤੇ ਚਾਹ ਵਗ਼ੈਰਾ ਬਣਾ ਕੇ ਦੇਂਦਾ।

ਉਸ ਸਮੇਂ ਮਾਣਕ ਨੂੰ ਸਿਰਫ਼ ਦਸ ਰੁਪਏ, ਕੰਮ ਬਦਲੇ ਮਿਲਦੇ ਤਾਂ ਉਹ ਖ਼ੁਸ਼ੀ ਨਾਲ ਕਬੂਲ ਲੈਂਦਾ। ਰੱਬ ਦੀ ਰਜ਼ਾ ਸੀ ਕਿ ਮਾਣਕ ਨੂੰ, ਅਕਸਰ ਕਿਸੇ ਸਟੇਜ ਤੇ, ਕਦੇ-ਕਦਾਈਂ ਸਹਾਇਕ ਗਾਇਕ ਵਜੋਂ ਗਾਉਣ ਦਾ ਮੌਕਾ ਮਿਲਦਾ ਗਿਆ ਤੇ ਹੌਲੀ-ਹੌਲੀ ਉਸ ਦੀ ਜਾਣ-ਪਛਾਣ ਬਣਦੀ ਗਈ। ਮਿਹਨਤ ਰੰਗ ਲਿਆਈੇ। ਮਾਣਕ ਨੇ ਵੀ ਜੋੜੀ ਬਣਾ ਕੇ ਗਾਉਣ ਦਾ ਮੌਕਾ ਹਾਸਲ ਕਰ ਲਿਆ। ਪਰ ਉਸ ਸਮੇਂ ਦੇ ਇਕ ਸਥਾਪਤ ਗਾਇਕ ਨੇ ਇਸ ਦਾ ਬਹੁਤ ਬੁਰਾ ਮਨਾਇਆ ਅਤੇ ਮਾਣਕ ਨੂੰ, ਅਪਣੇ ਦਫ਼ਤਰ ਵਿਚੋਂ, 'ਜਾਤੀ ਸੂਚਕ' ਸ਼ਬਦਾਵਲੀ ਵਰਤ ਕੇ, ਧੱਕੇ ਮਾਰ ਕੇ ਬਾਹਰ ਕੱਢ ਦਿਤਾ। ਹੌਲੀ-ਹੌਲੀ ਮਾਣਕ ਨੇ ਪੰਜਾਹ ਰੁਪਏ ਵਿਚ ਅਖਾੜੇ ਬੁੱਕ ਕਰਨੇ ਸ਼ੁਰੂ ਕਰ ਦਿਤੇ।

ਮਾਣਕ ਦੀ ਇਕ ਖ਼ੂਬੀ ਇਹ ਸੀ ਕਿ ਉਹ ਪ੍ਰੋਗਰਾਮ ਕਰਨ ਸਮੇਂ ਕਦੇ ਸੌਦੇਬਾਜ਼ੀ ਨਹੀਂ ਸੀ ਕਰਦਾ, ਉਹ ਤਾਂ ਕਲਾ ਦਾ ਕਦਰਦਾਨ ਬੰਦਾ ਸੀ। ਇਕ ਦਿਨ ਅਜਿਹਾ ਵੀ ਆਇਆ ਜਦੋਂ ਉਸ ਦੀ ਸੁਰੀਲੀ ਆਵਾਜ਼ ਦਾ ਮੁੱਲ ਪੈ ਗਿਆ ਤੇ ਇਕ ਸੰਗੀਤ ਕੰਪਨੀ ਵਲੋਂ ਉਸ ਦੇ ਦੋਗਾਣੇ ਰੀਕਾਰਡ ਕੀਤੇ ਗਏ। ਮਾਣਕ ਦੀ ਜ਼ਿੰਦਗੀ ਵਿਚ ਅਹਿਮ ਮੋੜ ਉਸ ਸਮੇਂ ਆਇਆ ਜਦੋਂ ਉਸ ਦਾ ਮੇਲ, ਇਕ ਅਧਿਆਪਕ ਰਾਹੀਂ, ਪ੍ਰਸਿੱਧ ਗੀਤਕਾਰ ਹਰਦੇਵ ਦਿਲਗੀਰ ਉਰਫ਼ ਦੇਵ ਥਰੀਕਿਆਂ ਵਾਲੇ ਨਾਲ ਹੋਇਆ। ਬਸ ਇਹ ਸਾਂਝ ਅਜਿਹੀ ਪਈ ਕਿ ਉਸ ਸਮੇਂ ਤੋਂ ਦੇਵ ਥਰੀਕੇ ਵਾਲਾ ਤੇ ਕੁਲਦੀਪ ਮਾਣਕ ਨੇ ਜਿਥੇ ਭਰਾਵਾਂ ਵਾਲਾ ਸਮਾਜਕ ਰਿਸ਼ਤਾ ਕਾਇਮ ਰਖਿਆ

ਉਥੇ ਗਾਇਕੀ ਅਤੇ ਗੀਤਕਾਰੀ ਦੇ ਖੇਤਰ ਵਿਚ ਵੀ ਇਹ ਦੋਵੇਂ ਜਣੇ, ਇਕ ਸਿੱਕੇ ਦੇ ਦੋ ਪਾਸਿਆਂ ਵਾਂਗ ਇਕੱਠੇ ਰਹਿ ਕੇ ਧੁੰਮਾਂ ਪਾਉਂਦੇ ਰਹੇ। ਇਸ ਵਿਚ ਕੋਈ ਸ਼ੱਕ ਨਹੀਂ ਕਿ ਪੰਜਾਬ ਦਾ ਹਰ ਸਿਰਕੱਢ ਗੀਤਕਾਰ, ਮਾਣਕ ਦੀ ਆਵਾਜ਼ ਵਿਚ ਅਪਣੀ ਰਚਨਾ ਰੀਕਾਰਡ ਕਰਵਾਉਣਾ ਮਾਣ ਵਾਲੀ ਗੱਲ ਸਮਝਦਾ ਸੀ। ਕੁਲਦੀਪ ਮਾਣਕ ਨੇ, ਸੌ ਤੋਂ ਵੱਧ ਗੀਤਕਾਰਾਂ ਦੇ ਗੀਤ ਰੀਕਾਰਡ ਕਰਵਾਏ ਅਤੇ ਗਾਏ। ਕਿਸੇ ਗਾਇਕ ਨਾਲ ਗੀਤਕਾਰਾਂ ਦੇ ਨਾਵਾਂ ਦੀ ਇਹ ਵੱਡੀ ਸੂਚੀ ਸ਼ਾਇਦ ਪਹਿਲਾ ਸੰਸਾਰ ਰੀਕਾਰਡ ਹੈ। ਪਰ, ਜਦੋਂ ਵੀ ਕੋਈ ਪੰਜਾਬੀ, ਕੁਲਦੀਪ ਮਾਣਕ ਦਾ ਨਾਮ ਲੈਂਦਾ ਹੈ ਤਾਂ ਦੇਵ ਥਰੀਕੇ ਵਾਲੇ ਦਾ ਨਾਮ ਵੀ ਉਸ ਦੇ ਮੂੰਹੋਂ ਆਪ-ਮੁਹਾਰੇ ਨਿਕਲ ਪੈਂਦਾ ਹੈ।

ਦੇਵ ਥਰੀਕੇ ਵਾਲੇ ਦੀਆਂ, ਮਾਣਕ ਨਾਲ, ਪੁਰਾਣੀਆਂ ਵੀਡੀਉ ਅਤੇ ਅੱਜ ਦੀਆਂ ਵੀਡੀਉ ਵੇਖ ਕੇ ਇੰਜ ਲਗਦਾ ਹੈ ਜਿਵੇਂ ਮਾਣਕ, ਦੁਨੀਆਂ ਤੋਂ ਤੁਰ ਜਾਣ ਸਮੇਂ, ਦੇਵ ਥਰੀਕੇ ਵਾਲੇ ਦੇ ਚਿਹਰੇ ਦਾ ਹਾਸਾ ਤੇ ਰੌਣਕ ਵੀ ਨਾਲ ਹੀ ਲੈ ਗਿਆ ਹੋਵੇ।  ਸਾਫ਼-ਸੁਥਰੀ ਅਤੇ ਮਿਆਰੀ ਗਾਇਕੀ ਕਾਰਨ, ਮਾਣਕ ਦੇ ਗੀਤਾਂ ਨੂੰ, ਅਕਸਰ ਹੀ ਬਸਾਂ-ਗੱਡੀਆਂ ਅਤੇ ਜਨਤਕ ਥਾਵਾਂ ਉਤੇ, ਬਗ਼ੈਰ ਕਿਸੇ ਇਤਰਾਜ਼ ਤੋਂ ਸੁਣਿਆ ਜਾਂਦਾ ਹੈ। ਪੰਜਾਬੀ ਸਾਹਿਤ ਦੀਆਂ ਨਾਮਵਰ ਸ਼ਖ਼ਸੀਅਤਾਂ ਨੇ, ਕੁਲਦੀਪ ਮਾਣਕ ਦੀ ਸ਼ਖ਼ਸੀਅਤ ਬਾਰੇ ਜੋ ਵਿਚਾਰ ਪੇਸ਼ ਕੀਤੇ ਹਨ, ਉਹ ਇਕ ਅਜਿਹਾ ਖ਼ਜ਼ਾਨਾ ਹੈ

ਜੋ ਉਨ੍ਹਾਂ ਦੀ ਜੀਵਨ ਗਾਥਾ ਦੇ ਰੂਪ ਵਿਚ ਛਪੀਆਂ ਕਈ ਕਿਤਾਬਾਂ ਵਿਚ ਕਲਮਬੰਦ ਮਿਲਦਾ ਹੈ। ਕੁਲਦੀਪ ਮਾਣਕ ਨੇ, ਦੇਵ ਥਰੀਕੇ ਵਾਲਾ ਅਤੇ ਹੋਰ ਗੀਤਕਾਰਾਂ ਦੀਆਂ ਲਿਖੀਆਂ ਲੋਕ-ਗਾਥਾਵਾਂ ਅਤੇ ਗੀਤਾਂ ਨੂੰ, ਵਿਲੱਖਣ ਤਰੀਕੇ ਨਾਲ ਗਾਇਆ। ਜਦੋਂ ਢੱਡ-ਸਾਰੰਗੀ ਵਾਲੀਆਂ ਪੁਰਾਤਨ ਲੋਕ-ਗਾਥਾਵਾਂ, ਜਿਨ੍ਹਾਂ ਨੂੰ ਲੋਕ ਸੁਣਨਾ ਛੱਡ ਰਹੇ ਸਨ, ਨੂੰ ਕੁਲਦੀਪ ਮਾਣਕ ਨੇ, ਨਵੀਂ ਲੋਕ-ਗਾਥਾ ਦੇ ਰੂਪ ਵਿਚ ਗਾ ਕੇ ਲੋਕਾਂ ਨੂੰ ਦੁਬਾਰਾ ਸੁਣਨ ਲਈ ਲਾ ਦਿਤਾ। ਕਈ ਲਿਖਾਰੀ, ਪੱਤਰਕਾਰ ਜਾਂ ਚੈਨਲਾਂ ਦੇ ਐਂਕਰ, ਕੁਲਦੀਪ ਮਾਣਕ ਨੂੰ ਸਿਰਫ਼ 'ਕਲੀਆਂ ਦਾ ਬਾਦਸ਼ਾਹ' ਕਹਿੰਦੇ ਹਨ। ਪਰ ਸੱਚ ਇਹ ਹੈ ਕਿ ਮਾਣਕ ਸਾਹਿਬ ਨੇ ਸਿਰਫ਼ 13 ਕੁ ਕਲੀਆਂ ਹੀ ਗਾਈਆਂ ਹਨ।

ਉਨ੍ਹਾਂ ਨੇ ਜ਼ਿਆਦਾਤਰ ਲੋਕ-ਗਾਥਾਵਾਂ ਗਾਈਆਂ ਹਨ। ਇਹ ਵੀ ਵਰਣਨਯੋਗ ਹੈ ਕਿ 'ਕਲੀ' ਸਿਰਫ਼ ਇਕ ਛੰਦ ਹੈ ਜਦਕਿ ਮਾਣਕ ਸਾਹਿਬ ਨੇ, 'ਕਲੀ' ਛੰਦ ਤੋਂ ਇਲਾਵਾ 'ਕੋਰੜਾ', 'ਡਿਉਡਾ', 'ਢਾਈਆ', 'ਸਵੈਯਾ', 'ਸੱਦ', 'ਬੈਂਤ', 'ਕਬਿੱਤ' ਆਦਿ ਛੰਦ ਵੀ ਗਾਏ ਹਨ। ਵੱਖ-ਵੱਖ ਰਾਗਾਂ ਤੋਂ ਇਲਾਵਾ ਉਨ੍ਹਾਂ ਵੀਰ ਰਸ, ਕਰੁਣਾ ਰਸ, ਸ਼ਾਂਤ ਰਸ, ਰੋਦਰ ਰਸ ਅਤੇ ਜ਼ਿਆਦਾਤਰ ਲੋਕ-ਗਾਥਾਵਾਂ ਤੇ ਗੀਤ ਸ਼ਿੰਗਾਰ ਰਸ ਦੀ ਵਰਤੋਂ ਕਰ ਕੇ ਗਾਏ ਹਨ। ਨਵੀਂ 'ਲੋਕ ਗਾਥਾ' ਜਾਂ  ਕੋਈ ਹੋਰ ਨਵੇਂ ਤਰੀਕੇ ਨਾਲ ਗਾਇਆ 'ਕਲੀ' ਆਦਿ ਛੰਦ ਵੀ ਉਨ੍ਹਾਂ ਵਰਗਾ ਕੋਈ ਨਹੀਂ ਗਾ ਸਕਿਆ।

ਇਸੇ ਕਰ ਕੇ ਜੇਕਰ ਉਨ੍ਹਾਂ ਨੂੰ ਕਲੀਆਂ ਦਾ ਬਾਦਸ਼ਾਹ ਜਾਂ ਲੋਕ ਗਾਥਾਵਾਂ ਦਾ ਬਾਦਸ਼ਾਹ ਕਿਹਾ ਜਾਂਦਾ ਹੈ ਤਾਂ ਇਹ ਅਪਣਾ-ਅਪਣਾ ਨਜ਼ਰੀਆ ਹੈ। ਜਦੋਂ ਕੁਲਦੀਪ ਮਾਣਕ ਦੀ ਮਾਤਾ ਬਚਨ ਕੌਰ, 13 ਜੂਨ, 1979 ਨੂੰ ਅਲਵਿਦਾ ਆਖ ਗਈ ਤਾਂ ਮਾਣਕ ਨੇ, ਉਨ੍ਹਾਂ ਦੀ ਯਾਦ ਵਿਚ, ਪ੍ਰਸਿੱਧ ਗੀਤ ''ਮਾਂ ਹੁੰਦੀ ਏ ਮਾਂ...”, ਗੀਤਕਾਰ ਦੇਵ ਥਰੀਕਿਆਂ ਵਾਲੇ ਤੋਂ ਲਿਖਵਾ ਕੇ, ਸਦਾ ਲਈ ਅਪਣੀ ਮਾਂ ਦੀ ਯਾਦ ਨੂੰ ਸਮਰਪਤ ਕੀਤਾ ਤੇ ਕਿੰਨੇ ਹੀ ਸੁਣਨ ਵਾਲੇ ਬੱਚਿਆਂ ਲਈ ਇਹ ਗੀਤ ਅੱਜ ਵੀ ਪ੍ਰੇਰਨਾ ਸਰੋਤ ਹੈ।