100 ਸਿੱਖ ਤੇ ਹਿੰਦੂ ਭਾਰਤ ਆਉਣ ਦੀ ਉਡੀਕ ਕਰ ਰਹੇ ਹਨ: ਅਫ਼ਗ਼ਾਨ ਸਿੱਖ ਆਗੂ
ਕਿਹਾ, ਸਥਿਤੀ ਇੰਨੀ ਵਿਸਫੋਟਕ ਹੈ ਕਿ ਔਰਤਾਂ ਤੇ ਬੱਚਿਆਂ ਨੂੰ ਇਕ ਮਿੰਟ ਲਈ ਵੀ ਇਕੱਲੇ ਨਹੀਂ ਛੱਡ ਸਕਦੇ
ਨਵੀਂ ਦਿੱਲੀ : ਤਕਰੀਬਨ 100 ਅਫ਼ਗ਼ਾਨ ਸਿੱਖ ਅਤੇ ਹਿੰਦੂ ਭਾਰਤ ਆਉਣਾ ਚਾਹੁੰਦੇ ਹਨ, ਪਰ ਉਹ ਨਹੀਂ ਆ ਪਾ ਰਹੇ ਹਨ,ਕਿਉਂਕਿ ਉਨ੍ਹਾਂ ਦੇ ਕੁੱਝ ਪ੍ਰਵਾਰਕ ਮੈਂਬਰਾਂ ਨੂੰ ਹਾਲੇ ਤਕ ਭਾਰਤ ਸਰਕਾਰ ਤੋਂ ਈ-ਵੀਜ਼ਾ ਨਹੀਂ ਮਿਲਿਆ ਹੈ। ਇਕ ਸਿੱਖ ਆਗੂ ਨੇ ਅੱਜ ਇਹ ਗੱਲ ਕਹੀ। ਗੁਰਦੁਆਰਾ ਪ੍ਰਬੰਧਕ ਕਮੇਟੀ ਕਾਬੁਲ ਦੇ ਪ੍ਰਧਾਨ ਗੁਰਨਾਮ ਸਿੰਘ ਰਾਜਵੰਸ਼ੀ ਨੇ ਦਸਿਆ ਕਿ ਉਨ੍ਹਾਂ ਦਾ ਪੁੱਤਰ ਵੀ ਉਨ੍ਹਾਂ ਲੋਕਾਂ ਵਿਚ ਸ਼ਾਮਲ ਹੈ ਜੋ ਈ-ਵੀਜ਼ਾ ਦੀ ਉਡੀਕ ਕਰ ਰਹੇ ਹਨ। ਰਾਜਵੰਸ਼ੀ ਨੂੰ ਸ਼ੁਕਰਵਾਰ ਨੂੰ ਪਰਵਾਰ ਦੇ ਪੰਜ ਮੈਂਬਰਾਂ ਸਮੇਤ ਕਾਬੁਲ ਤੋਂ ਬਾਹਰ ਕਢਿਆ ਗਿਆ ਸੀ।
Afghanistan Sikhs
ਰਾਜਵੰਸ਼ੀ ਨੇ ਦਸਿਆ ਕਿ 28 ਦੇ ਕਰੀਬ ਅਫ਼ਗ਼ਾਨ ਸਿੱਖਾਂ ਅਤੇ ਹਿੰਦੂਆਂ ਨੂੰ ਅਜੇ ਵੀਜ਼ੇ ਮਿਲਣੇ ਬਾਕੀ ਹਨ। ਉਨ੍ਹਾਂ ਕਿਹਾ ਕਿ ਇਸ ਕਾਰਨ 100 ਲੋਕ (ਸਿੱਖ ਅਤੇ ਹਿੰਦੂ) ਉਡੀਕ ਕਰ ਰਹੇ ਹਨ ਕਿਉਂਕਿ ਜ਼ਿਆਦਾਤਰ ਅਫ਼ਗ਼ਾਨ ਹਿੰਦੂਆਂ ਅਤੇ ਸਿੱਖਾਂ ਲਈ ਅਪਣੇ ਪਰਵਾਰ ਦੇ ਕਿਸੇ ਵੀ ਮੈਂਬਰ ਨੂੰ ਛੱਡ ਕੇ ਭਾਰਤ ਆਉਣਾ ਮੁਸ਼ਕਲ ਹੈ। ਤਾਲਿਬਾਨ ਦੇ ਨਿਯੰਤਰਣ ਵਾਲੇ ਦੇਸ਼ ਵਿਚ ਰਹਿ ਰਹੇ ਘੱਟ ਗਿਣਤੀ ਭਾਈਚਾਰੇ ਦੇ ਮੈਂਬਰਾਂ ਨੂੰ ਈ-ਵੀਜ਼ਾ ਦੇਣ ਦੀ ਭਾਰਤ ਸਰਕਾਰ ਨੂੰ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਵੀਜ਼ਾ ਨਹੀਂ ਮਿਲਿਆ, ਉਨ੍ਹਾਂ ’ਚੋਂ ਬਹੁਤ ਸਾਰੇ ਬੱਚੇ ਹਨ।
Afghanistan Sikhs
ਉਨ੍ਹਾਂ ਕਿਹਾ, “ਸਥਿਤੀ ਇੰਨੀ ਵਿਸਫੋਟਕ ਹੈ ਕਿ ਅਸੀਂ ਪਰਵਾਰ ਦੇ ਮੈਂਬਰਾਂ, ਖ਼ਾਸ ਕਰ ਕੇ ਔਰਤਾਂ ਅਤੇ ਬੱਚਿਆਂ ਨੂੰ ਇਕ ਮਿੰਟ ਲਈ ਵੀ ਇਕੱਲੇ ਨਹੀਂ ਛੱਡ ਸਕਦੇ ਹਾਂ।’’ ਕਾਬੁਲ ’ਚ 18 ਜੂਨ ਨੂੰ ਕਰਤਾ-ਏ-ਪਰਵਾਨ ਗੁਰਦੁਆਰੇ ’ਤੇ ਅਤਿਵਾਦੀਆਂ ਦੇ ਹਮਲੇ ਤੋਂ ਬਾਅਦ ਤੋਂ 66 ਅਫ਼ਗ਼ਾਨ ਸਿੱਖਾਂ ਅਤੇ ਹਿੰਦੂਆਂ ਨੂੰ ਚਾਰ ਜੱਥੇ ’ਚ ਭਾਰਤ ਲਿਆਂਦਾ ਗਿਆ ਹੈ। ਹਮਲੇ ਨੂੰ ਯਾਦ ਕਰਦਿਆਂ ਰਾਜਵੰਸ਼ੀ ਨੇ ਕਿਹਾ ਕਿ ਜਦੋਂ ਗੁਰਦੁਆਰੇ ਨੂੰ ਨਿਸ਼ਾਨਾ ਬਣਾਇਆ ਗਿਆ ਤਾਂ 18 ਸਿੱਖ ਗੁਰਦੁਆਰੇ ਦੇ ਅੰਦਰ ਸਨ, ਜਿਨ੍ਹਾਂ ’ਚੋਂ ਦੋ ਮਾਰੇ ਗਏ ਸਨ। ਉਨ੍ਹਾਂ ਕਿਹਾ, ‘‘ਕਈ ਲੋਕਾਂ ਦੇ ਕਾਰੋਬਾਰ ਬਰਬਾਦ ਹੋ ਗਏ ਕਿਉਂਕਿ ਸਾਡੀਆਂ ਦੁਕਾਨਾਂ ਨੂੰ ਵੀ ਨਿਸ਼ਾਨਾ ਬਣਾਇਆ ਜਾਂਦਾ ਸੀ। ਅਫ਼ਗ਼ਾਨ ਸਿੱਖਾਂ ਨੇ ਉਥੋਂ ਦੇ ਗੁਰਦੁਆਰਿਆਂ ਵਿਚ ਜਾਣਾ ਬੰਦ ਕਰ ਦਿਤਾ ਹੈ।’’
Afghanistan Sikhs
ਉਨ੍ਹਾਂ ਕਿਹਾ ਕਿ ਅਫ਼ਗ਼ਾਨਿਸਤਾਨ ਵਿਚ ਹੁਣ ਕੋਈ ਵੀ ਗੁਰਦੁਆਰਾ ਨਹੀਂ ਖੁਲ੍ਹ ਰਿਹਾ ਅਤੇ ਲੋਕ ਉਥੇ ਜਾਣ ਤੋਂ ਡਰਦੇ ਵੀ ਹਨ। ਉਨ੍ਹਾਂ ਕਿਹਾ, “ਅਸੀਂ ਉਸ ਦੇਸ਼ (ਅਫ਼ਗ਼ਾਨਿਸਤਾਨ) ਵਿਚ ਪੈਦਾ ਹੋਏ ਸਨ, ਅਸੀਂ ਉਥੇ ਵੱਡੇ ਹੋਏ, ਉਥੇ ਸਾਡੇ ਘਰ ਹਨ, ਪਰ ਅਸੀਂ ਦੁਬਾਰਾ ਉਸ ਜਗ੍ਹਾ ਵਾਪਸ ਜਾਣ ਦੀ ਕਲਪਨਾ ਵੀ ਨਹੀਂ ਕਰ ਸਕਦੇ ਹਾਂ।” ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ), ਅੰਮ੍ਰਿਤਸਰ ਅਫ਼ਗ਼ਾਨਿਸਤਾਨ ਤੋਂ ਸਿੱਖਾਂ ਅਤੇ ਹਿੰਦੂਆਂ ਨੂੰ ਕੱਢਣ ਦੀ ਪ੍ਰਕਿਰਿਆ ਵਿਚ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਉਥੋਂ ਲਿਆਂਦੇ ਲੋਕਾਂ ਦੀਆਂ ਬੁਨਿਆਦੀ ਮੰਗਾਂ ਹਨ ਅਤੇ ਜਲਦੀ ਹੀ ਪੂਰੀਆਂ ਕੀਤੀਆਂ ਜਾਣਗੀਆਂ। ਐਸਜੀਪੀਸੀ ਦੇ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਨੇ ਕਿਹਾ, “ਉਥੋਂ ਕੱਢੇ ਗਏ ਲੋਕਾਂ ਦੀਆਂ ਅਪਣੇ ਬੱਚਿਆਂ ਲਈ ਆਸਰਾ ਅਤੇ ਸਿਖਿਆ ਵਰਗੀਆਂ ਬੁਨਿਆਦੀ ਮੰਗਾਂ ਹਨ। ਅਸੀਂ ਵਿਚਾਰ ਕਰ ਰਹੇ ਹਾਂ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਕਿਵੇਂ ਪੂਰਾ ਕੀਤਾ ਜਾਵੇ।’’ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦਿੱਲੀ ਵਿਚ ਉਜਾੜੇ ਗਏ ਲੋਕਾਂ ਦੇ ਬੱਚਿਆਂ ਨੂੰ ਸਿਖਿਆ ਮੁਹਈਆ ਕਰਵਾਉਣ ਲਈ ਯਤਨਸ਼ੀਲ ਹੈ।