Racial attack on Sikh: ਆਸਟਰੇਲੀਆ ਵਿਚ ਸਿੱਖ ਰੈਸਟੋਰੈਂਟ ਮਾਲਕ ’ਤੇ ਨਸਲੀ ਹਮਲਾ! ਚਿੱਠੀਆਂ ਵਿਚ ਲਿਖਿਆ, ‘ਭਾਰਤੀ, ਘਰ ਜਾਓ’
ਜਰਨੈਲ ‘ਜਿੰਮੀ’ ਸਿੰਘ ਦੀ ਕਾਰ 'ਤੇ ਲਗਾਇਆ ਗਿਆ ਮਲ-ਮੂਤਰ
Racial attack on Sikh: ਆਸਟਰੇਲੀਆ ਵਿਚ ਸਿੱਖ ਰੈਸਟੋਰੈਂਟ ਮਾਲਕ ’ਤੇ ਨਸਲੀ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ। ਮੀਡੀਆ ਰੀਪੋਰਟਾਂ ਮੁਤਾਬਕ ਇਥੇ 15 ਸਾਲਾਂ ਤੋਂ ਰਹਿ ਰਹੇ ਜਰਨੈਲ ‘ਜਿੰਮੀ’ ਸਿੰਘ ਨੂੰ ਕਈ ਦਿਨਾਂ ਤਕ ਲਗਾਤਾਰ ਅਪਣੀ ਕਾਰ ’ਤੇ ਮਲ-ਮੂਤਰ ਲੱਗਿਆ ਮਿਲਿਆ ਅਤੇ ਨਾਲ ਹੀ ਨਸਲੀ ਚਿੱਠੀਆਂ ਮਿਲੀਆਂ, ਜਿਸ ਵਿਚ ਲਿਖਿਆ ਗਿਆ ਸੀ, ‘ਭਾਰਤੀ ਘਰ ਜਾਓ’।
ਜਰਨੈਲ 'ਜਿੰਮੀ' ਸਿੰਘ ਤਸਮਾਨੀਆ ਦੇ ਹੋਬਾਰਟ ਵਿਚ 'ਦਾਵਤ-ਦ ਇਨਵੀਟੇਸ਼ਨ' ਰੈਸਟੋਰੈਂਟ ਚਲਾਉਂਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਿਛਲੇ ਦੋ ਤਿੰਨ ਮਹੀਨਿਆਂ ਤੋਂ ਉਨ੍ਹਾਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਜਿੰਮੀ ਸਿੰਘ ਨੇ ਏਬੀਸੀ ਨਿਊਜ਼ ਨੂੰ ਦਸਿਆ,"ਜਦੋਂ ਤੁਹਾਡੇ ਘਰ ਦੀ ਗੱਲ ਆਉਂਦੀ ਹੈ ਅਤੇ ਤੁਹਾਨੂੰ ਖ਼ਾਸ ਕਰਕੇ ਤੁਹਾਡੇ ਨਾਮ ਨਾਲ ਨਿਸ਼ਾਨਾ ਬਣਾਇਆ ਜਾਂਦਾ ਹੈ ਤਾਂ ਇਹ ਮਾਨਸਿਕ ਤੌਰ 'ਤੇ ਬਹੁਤ ਤਣਾਅਪੂਰਨ ਹੁੰਦਾ ਹੈ। ਇਸ ਬਾਰੇ ਜਲਦੀ ਕੁੱਝ ਕਰਨਾ ਪਏਗਾ"।
ਰੀਪੋਰਟ ਅਨੁਸਾਰ ਜਿੰਮੀ ਸਿੰਘ ਨੇ ਪਹਿਲਾਂ ਇਹ ਮੰਨਿਆ ਕਿ ਚਿੱਠੀ ਕਿਸੇ ਨੌਜਵਾਨ ਦੁਆਰਾ ਲਿਖੀ ਗਈ ਸੀ ਅਤੇ ਉਸ ਨੇ ਇਸ ਨੂੰ ਨਜ਼ਰਅੰਦਾਜ਼ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਪਹਿਲੀ ਘਟਨਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਦਸਿਆ ਕਿ ਲਗਾਤਾਰ ਚਾਰ ਜਾਂ ਪੰਜ ਦਿਨਾਂ ਤਕ ਉਨ੍ਹਾਂ ਦੀ ਕਾਰ ਦੇ ਦਰਵਾਜ਼ੇ ਦੇ ਹੈਂਡਲ 'ਤੇ ਕੁੱਤੇ ਦਾ ਮਲ-ਮੂਤਰ ਲਗਾਇਆ ਗਿਆ ਸੀ, ਉਸ ਤੋਂ ਬਾਅਦ ਡਰਾਈਵਵੇਅ ਵਿਚ ਇਕ ਨਸਲੀ ਪੱਤਰ ਰੱਖਿਆ ਮਿਲਿਆ ਸੀ, ਜਿਸ ਵਿਚ "ਘਰ ਜਾਓ, ਭਾਰਤੀ" ਲਿਖਿਆ ਗਿਆ ਸੀ। ਉਨ੍ਹਾਂ ਦਸਿਆ ਕਿ ਅਗਲਾ ਪੱਤਰ ਲਗਭਗ ਇਕ ਮਹੀਨੇ ਬਾਅਦ ਮਿਲਿਆ ਅਤੇ ਇਹ ਪਹਿਲੇ ਪੱਤਰ ਨਾਲੋਂ ਵੀ ਵੱਧ ਅਪਮਾਨਜਨਕ ਸੀ। ਜਿੰਮੀ ਸਿੰਘ ਅਨੁਸਾਰ ਉਨ੍ਹਾਂ ਦੀ ਕਾਰ ਨੂੰ ਕੰਮ ਵਾਲੀ ਥਾਂ ਦੇ ਬਾਹਰ ਵੀ ਨਿਸ਼ਾਨਾ ਬਣਾਇਆ ਗਿਆ।
ਤਸਮਾਨੀਆ ਪੁਲਿਸ ਕਮਾਂਡਰ ਜੇਸਨ ਐਲਮਰ ਨੇ ਇਕ ਬਿਆਨ ਵਿਚ ਕਿਹਾ ਕਿ ਘਟਨਾਵਾਂ ਦੀ ਪੁਲਿਸ ਨੂੰ ਸੂਚਨਾ ਦੇ ਦਿਤੀ ਗਈ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਤਸਮਾਨੀਆ ਦੀ ਬਹੁ-ਸੱਭਿਆਚਾਰਕ ਪਰਿਸ਼ਦ ਦੀ ਚੇਅਰ ਐਮਨ ਜਾਫਰੀ ਨੇ ਏਬੀਸੀ ਨੂੰ ਦਸਿਆ ਕਿ ਸਿੰਘ ਦੁਆਰਾ ਅਨੁਭਵ ਕੀਤੀਆਂ ਘਟਨਾਵਾਂ ਬਹੁਤ ਆਮ ਹਨ ਅਤੇ ਵੱਧ ਰਹੀਆਂ ਹਨ। ਪੁਲਿਸ ਦੀ ਜਾਂਚ ਸ਼ੁਰੂ ਹੋਣ ਮਗਰੋਂ ਜਿੰਮੀ ਸਿੰਘ ਨੇ ਅਪਣੇ ਸੋਸ਼ਲ ਮੀਡੀਆ ਪੇਜ 'ਤੇ ਲਿਖਿਆ ਕਿ "ਸਾਡੇ ਸੁੰਦਰ ਦੇਸ਼, ਆਸਟਰੇਲੀਆ ਵਿਚ ਨਸਲਵਾਦ ਲਈ ਕੋਈ ਥਾਂ ਨਹੀਂ ਹੈ"। ਉਨ੍ਹਾਂ ਨੇ ਅਪਣੇ ਸਮਰਥਕਾਂ ਅਤੇ ਗਾਹਕਾਂ ਦਾ ਵੀ ਧੰਨਵਾਦ ਕੀਤਾ ਜੋ "ਮੁਸ਼ਕਲ ਸਮੇਂ ਵਿਚ ਉਨ੍ਹਾਂ ਨਾਲ ਖੜ੍ਹੇ" ਸਨ।
(For more news apart from Racial attack on Sikh restaurateur in Australia, stay tuned to Rozana Spokesman)