ਕੌਣ ਹੈ ਮਨਪ੍ਰੀਤ ਮੋਨਿਕਾ ਸਿੰਘ, ਜਿਸ ਨੇ ਵਿਦੇਸ਼ ਵਿਚ ਵਧਾਇਆ ਸਿੱਖ ਕੌਮ ਦਾ ਮਾਣ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਬਣੀ ਅਮਰੀਕਾ ਦੀ ਪਹਿਲੀ ਸਿੱਖ ਮਹਿਲਾ ਜੱਜ

Manpreet Monika Singh

ਅਮਰੀਕਾ - ਭਾਰਤੀ ਮੂਲ ਦੀ ਮਨਪ੍ਰੀਤ ਮੋਨਿਕਾ ਸਿੰਘ ਦੇ ਅਮਰੀਕਾ ਵਿੱਚ ਪਹਿਲੀ ਸਿੱਖ ਮਹਿਲਾ ਜੱਜ ਬਣਨ ਦੇ ਪੂਰੀ ਦੁਨੀਆ 'ਚ ਚਰਚੇ ਹੋਏ, ਅਤੇ ਉਸ ਦੀ ਇਸ ਪ੍ਰਾਪਤੀ ਨਾਲ ਭਾਰਤੀਆਂ ਅਤੇ ਖ਼ਾਸ ਕਰਕੇ ਪੂਰੇ ਸਿੱਖ ਭਾਈਚਾਰੇ ਦਾ ਸਿਰ ਮਾਣ ਨਾਲ ਉੱਚਾ ਹੋਇਆ ਹੈ। ਮੋਨਿਕਾ ਨੇ ਟੈਕਸਾਸ ਵਿਖੇ ਹੈਰਿਸ ਕਾਉਂਟੀ ਸਿਵਿਲ ਕੋਰਟ ਵਿਖੇ 6 ਜਨਵਰੀ 2023 ਨੂੰ ਅਹੁਦਾ ਸੰਭਾਲਿਆ। ਮੋਨਿਕਾ ਦੇ ਅਹੁਦਾ ਸੰਭਾਲਣ ਵੇਲੇ ਹੋਏ ਸਮਾਗਮ ਦੀ ਪ੍ਰਧਾਨਗੀ ਸੂਬੇ ਦੇ ਪਹਿਲੇ ਦੱਖਣ-ਏਸ਼ਿਆਈ ਜੱਜ ਰਵੀ ਸੰਦਿਲ ਨੇ ਕੀਤੀ। 

ਮੋਨਿਕਾ ਨੇ ਟੈਕਸਾਸ ਵਿਚ ਲਾਅ ਨੰਬਰ 4 'ਚ ਹੈਰਿਸ ਕਾਊਂਟੀ ਸਿਵਲ ਕੋਰਟ ਵਿਚ ਜੱਜ ਵਜੋਂ ਸਹੁੰ ਚੁੱਕੀ ਸੀ। ਸਹੁੰ ਚੁੱਕ ਸਮਾਗਮ 'ਚ ਮਨਪ੍ਰੀਤ ਮੋਨਿਕਾ ਸਿੰਘ ਨੇ ਕਿਹਾ ਕਿ ਮੈਂ ਹਿਊਸਟਨ ਦੀ ਨੁਮਾਇੰਦਗੀ ਕਰਦੀ ਹਾਂ ਅਤੇ ਮੈਂ ਬਹੁਤ ਖੁਸ਼ ਹਾਂ, ਇਹ ਅਹੁਦਾ ਮੇਰੇ ਲਈ ਬਹੁਤ ਮਾਇਨੇ ਰੱਖਦਾ ਹੈ। ਮੋਨਿਕਾ ਦੇ ਸਹੁੰ ਚੁੱਕ ਸਮਾਗਮ ਦੀ ਪ੍ਰਧਾਨਗੀ ਭਾਰਤੀ-ਅਮਰੀਕੀ ਜੱਜ ਰਵੀ ਸੈਂਡਿਲ ਨੇ ਕੀਤੀ, ਜੋ ਸੂਬੇ ਦੇ ਪਹਿਲੇ ਦੱਖਣੀ ਏਸ਼ੀਆਈ ਜੱਜ ਸਨ।

Manpreet Monika Singh

ਉਨ੍ਹਾਂ ਕਿਹਾ ਕਿ ਮਨਪ੍ਰੀਤ ਸਿੱਖ ਕੌਮ ਲਈ ਹੀ ਨਹੀਂ ਸਗੋਂ ਔਰਤਾਂ ਲਈ ਵੀ ਪ੍ਰੇਰਨਾ ਸਰੋਤ ਬਣ ਚੁੱਕੀ ਹੈ। ਸਹੁੰ ਚੁੱਕ ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਭਾਰਤੀ ਮੂਲ ਦੇ ਲੋਕ ਅਦਾਲਤ ਵਿਚ ਮੌਜੂਦ ਸਨ। ਇਸ ਦੌਰਾਨ ਜਸਟਿਸ ਸੈਂਡਿਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ "ਇਹ ਸੱਚਮੁੱਚ ਸਿੱਖ ਕੌਮ ਲਈ ਬਹੁਤ ਵੱਡਾ ਪਲ ਹੈ।"   

ਜ਼ਿਕਰਯੋਗ ਹੈ ਕਿ ਮੋਨਿਕਾ ਦੇ ਪਿਤਾ ਇੱਕ ਆਰਕੀਟੈਕਟ ਭਾਵ ਇਮਾਰਤਸਾਜ਼ ਸਨ, ਜੋ 1970 ਦੇ ਦਹਾਕੇ 'ਚ ਅਮਰੀਕਾ ਗਏ ਸੀ। ਹਾਉਸਟਨ ਵਿਚ ਜੰਮੀ ਤੇ ਵੱਡੀ ਹੋਈ ਮੋਨਿਕਾ, ਆਪਣੇ ਪਤੀ ਅਤੇ ਦੋ ਬੱਚਿਆਂ ਨਾਲ ਬੈਲੇਅਰ ਵਿਖੇ ਰਹਿੰਦੀ ਹੈ। ਉਸ ਦੇ ਪਤੀ ਦਾ ਨਾਂਅ ਮਨਦੀਪ ਸਿੰਘ ਹੈ ਅਤੇ ਉਨ੍ਹਾਂ ਦਾ ਵਿਆਹ 2003 'ਚ ਹੋਇਆ ਸੀ।  

ਕਲੇਨ ਫ਼ਾਰੈਸਟ ਹਾਈ ਸਕੂਲ ਅਤੇ ਯੂਨੀਵਰਸਿਟੀ ਆਫ਼ ਟੈਕਸਾਸ ਵਿਖੇ ਪੜ੍ਹਾਈ ਤੋਂ ਬਾਅਦ ਮੋਨਿਕਾ ਨੇ ਸਾਊਥ ਟੈਕਸਾਸ ਕਾਲਜ ਆਫ਼ ਲਾਅ ਵਿਖੇ ਕਨੂੰਨ ਦੀ ਪੜ੍ਹਾਈ ਕੀਤੀ। 20 ਸਾਲ ਦੇ ਕਰੀਬ ਵਕਾਲਤ ਅਤੇ 100 ਤੋਂ ਵੱਧ ਮੁਕੱਦਮਿਆਂ ਦੇ ਨਾਲ ਨਾਲ, ਇਸ ਦੌਰਾਨ ਮੋਨਿਕਾ ਸਥਾਨਕ, ਸੂਬਾ ਅਤੇ ਕੌਮੀ ਪੱਧਰ ਦੀਆਂ ਅਨੇਕਾਂ ਜੱਥੇਬੰਦੀਆਂ ਨਾਲ ਵੀ ਜੁੜੀ ਰਹੀ ਹੈ। ਇਸ ਵੱਕਾਰੀ ਅਹੁਦੇ ਤੱਕ ਪਹੁੰਚ ਕੇ ਮੋਨਿਕਾ ਨੇ ਪੂਰੇ ਸਿੱਖ ਭਾਈਚਾਰੇ ਦਾ ਮਾਣ ਵਧਾਇਆ ਹੈ, ਅਤੇ ਅੱਗੇ ਵੀ ਸਮੂਹ ਸਿੱਖਾਂ ਦੀ ਸ਼ੁਭਕਾਮਨਾਵਾਂ ਉਸ ਦੇ ਨਾਲ ਹਨ।