ਭਾਰਤ ਵਿਚ ਕੁਪੋਸ਼ਣ ਕਾਰਨ ਕਮਜ਼ੋਰ ਬੱਚਿਆਂ ਦੀ ਗਿਣਤੀ ਘਟੀ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਦੇਸ਼ 'ਚ ਕੁਪੋਸ਼ਣ ਕਾਰਨ ਰੁਕੇ ਸਰੀਰਕ ਵਿਕਾਸ ਵਾਲੇ ਬੱਚਿਆਂ ਦੀ ਗਿਣਤੀ ਵਿਚ ਗਿਰਾਵਟ ਆਈ

Malnutrition

ਨਵੀਂ ਦਿੱਲੀ : ਭਾਰਤ ਵਿਚ ਕੁਪੋਸ਼ਣ ਕਾਰਨ ਕਮਜ਼ੋਰ ਬੱਚਿਆਂ ਦੀ ਗਿਣਤੀ ਵਿੱਤੀ ਸਾਲ 2017-18 ਵਿਚ ਲਗਭਗ ਦੋ ਫ਼ੀ ਸਦੀ ਘੱਟ ਕੇ 34.70 ਫ਼ੀ ਸਦੀ 'ਤੇ ਆ ਗਈ ਹੈ। ਸਰਵੇਖਣ ਦੀ ਇਕ ਰਿਪੋਰਟ ਮੁਤਾਬਕ ਇਸ ਤੋਂ ਪਹਿਲਾਂ 10 ਸਾਲ ਵਿਚ ਇਸ 'ਚ ਸਾਲਾਨਾ ਇਕ ਫ਼ੀ ਸਦੀ ਦੀ ਦਰ ਨਾਲ ਗਿਰਾਵਟ ਦਰਜ ਕੀਤੀ ਗਈ ਸੀ। 

ਇਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਕਿਹਾ ਕਿ ਮੁੱਖ ਤੌਰ 'ਤੇ ਸਰਕਾਰੀ ਮੁਹਿੰਮ ਕਾਰਨ ਕੁਪੋਸ਼ਣ ਕਾਰਨ ਬੱਚਿਆਂ ਦੇ ਸਰੀਰਕ ਵਿਕਾਸ ਵਿਚ ਰੁਕਾਵਟ 'ਚ ਇਹ ਗਿਰਾਵਟ ਆਈ ਹੈ। ਕੌਮੀ ਪਰਿਵਾਰ ਸਿਹਤ ਸਰਵੇਖਣ ਦੇ 2015-16 ਦੇ ਅੰਕੜਿਆਂ ਮੁਤਾਬਕ ਕੁਪੋਸ਼ਣ ਕਾਰਨ ਔਸਤ ਤੋਂ ਘੱਟ ਲੰਬਾਈ ਤੇ ਭਾਰ ਵਾਲੇ ਬੱਚਿਆਂ ਦਾ ਅਨੁਪਾਤ 004-05 ਦੇ 48 ਫ਼ੀ ਸਦੀ ਤੋਂ ਘੱਟ ਹੋ ਕੇ 2015-16ਵਿਚ 38.40 ਫ਼ੀ ਸਦੀ 'ਤੇ ਆ ਗਿਆ ਹੈ।

ਅਪਣਾ ਨਾਂ ਨਾ ਛਾਪਣ ਦੀ ਸ਼ਰਤ 'ਤੇ ਅਧਿਕਾਰੀ ਨੇ ਦਸਿਆ ਕਿ ਯੂਨੀਸੈਫ਼ ਤੇ ਸਿਹਤ ਮੰਤਰਾਲੇ ਵਲੋਂ ਕੀਤੇ ਗਏ ਇਕ ਸਰਵੇਖਣ ਤੋਂ ਪਤਾ ਲੱਗਾ ਹੈ ਕਿ ਦੇਸ਼ ਵਿਚ ਕੁਪੋਸ਼ਣ ਕਾਰਨ ਰੁਕੇ ਸਰੀਰਕ ਵਿਕਾਸ ਵਾਲੇ ਬੱਚਿਆਂ ਦੀ ਗਿਣਤੀ ਵਿਚ ਗਿਰਾਵਟ ਆਈ ਹੈ। ਸਾਲ 2004-05 ਤੋਂ 2015-16 ਦੇ 10 ਸਾਲਾਂ ਦੇ ਸਮੇਂ ਦੌਰਾਨ ਛੇ ਸਾਲ ਦੇ ਕੁਪੋਸ਼ਣ ਪ੍ਰਭਾਵਤ ਅਜਿਹੇ ਬੱਚਿਆਂ ਦੇ ਅਨੁਪਾਤ ਵਿਚ ਸਾਲਾਨਾ ਇਕ ਫ਼ੀ ਸਦੀ ਦੀ ਦਰ ਨਾਲ 10 ਫ਼ੀ ਸਦੀ ਦੀ ਗਿਰਾਵਟ ਆਈ ਸੀ। ਅਧਿਕਾਰੀ ਨੇ ਕਿਹਾ ਕਿ ਇਸ ਸਰਵੇਖਣ ਮੁਤਾਬਕ 2015-16 ਤੋਂ 2017-18 ਦੌਰਾਨ ਬੱਚਿਆਂ ਦੇ ਕੁਪੋਸ਼ਣ ਵਿਚ ਚਾਰ ਫ਼ੀ ਸਦੀ ਦੀ ਗਿਰਾਵਟ ਆਈ ਹੈ। ਇਹ ਸਾਲਾਨਾ ਦੋ ਫ਼ੀ ਸਦੀ ਦੀ ਗਿਰਾਵਟ ਹੈ ਜੋ ਇਕ ਵੱਡੀ ਉਪਲਭਧੀ ਹੈ। ਇਹ ਸਰਵੇਖਣ 1.12 ਲੱਖ ਪਰਿਵਾਰਾਂ ਨੂੰ ਲੈ ਕੇ ਕੀਤਾ ਗਿਆ ਸੀ। 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਰਚ 2018 ਵਿਚ ਪੋਸ਼ਣ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਇਸ ਦਾ ਮਕਸਦ ਕੁਪੋਸ਼ਣ ਨੂੰ 2015-16 ਦੇ 38.4 ਫ਼ੀ ਸਦੀ ਤੋਂ ਘਟਾ ਕੇ 2022 ਵਿਚ 25 ਫ਼ੀ ਸਦੀ 'ਤੇ ਲਿਆਉਣਾ ਹੈ। ਅਧਿਕਾਰੀ ਨੇ ਦਸਿਆ ਕਿ ਸਰਵੇਖਣ ਵਿਚ ਔਰਤਾਂ ਵਿਚ ਖ਼ੂਨ ਦੀ ਕਮੀ ਵਿਚ ਵੀ ਸੁਧਾਰ ਵੇਖਣ ਨੂੰ ਮਿਲਿਆ ਹੈ। ਆਲਮੀ ਪੋਸ਼ਣ ਰਿਪੋਰਟ 2018 ਮੁਤਾਬਕ ਦੁਨੀਆਂ ਵਿਚ ਕੁਪੋਸ਼ਣ ਕਾਰਨ ਕਮਜ਼ੋਰ ਸਰੀਰ ਵਾਲੇ ਇਕ ਤਿਹਾਈ ਬੱਚੇ ਭਾਰਤ ਵਿਚ ਹਨ। ਭਾਰਤ ਵਿਚ ਅਜਿਹੇ ਬੱਚਿਆਂ ਦੀ ਗਿਣਤੀ 4.66 ਕਰੋÂ ਹੈ। ਭਾਰਤ ਤੋਂ 13.9 ਫ਼ੀ ਸਦੀ ਨਾਲ ਨਾਈਜੀਰੀਆ ਦੂਜੇ ਤੇ 10.7 ਫ਼ੀ ਸਦੀ ਪਾਕਿਸਤਾਨ ਦਾ ਨਾਂ ਤੀਜੇ ਸਥਾਨ 'ਤੇ ਹੈ।  (ਏਜੰਸੀ)