ਕਾਂਗਰਸ ਵਿਰੁੱਧ ਮੋਦੀ ਦੀ ਨਵੀਂ ਚਾਲ : ਸਮਰਥਕਾਂ ਨੂੰ ਕਿਹਾ, 'ਮੈਂ ਵੀ ਚੌਕੀਦਾਰ' ਦੀ ਸਹੁੰ ਚੁੱਕੋ
ਅੱਜ ਹਰ ਭਾਰਤੀ ਕਹਿ ਰਿਹੈ 'ਮੈਂ ਵੀ ਚੌਕੀਦਾਰ' : ਮੋਦੀ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਦੇ 'ਚੌਕੀਦਾਰ ਚੋਰ ਹੈ' ਦੇ ਨਾਹਰੇ ਦਾ ਨਵਾਂ ਤੋੜ ਕੱਢਿਆ ਹੈ। ਮੋਦੀ ਨੇ ਇਸ ਨਾਹਰੇ ਦਾ ਜਵਾਬ ਦੇਣ ਲਈ ਆਪਣੇ ਸਮਰਥਕਾਂ ਨੂੰ ਕਿਹਾ ਕਿ ਉਹ ਕਹਿਣ ਕਿ ਉਹ ਵੀ ਚੌਕੀਦਾਰ ਹਨ। ਸਨਿਚਰਵਾਰ ਨੂੰ ਮੋਦੀ ਨੇ ਆਪਣੇ ਟਵਿਟਰ ਅਕਾਉਂਟ 'ਤੇ ਇੱਕ ਟਵੀਟ ਕਰ ਕੇ ਆਪਣੇ ਸਮਰਥਕਾਂ ਨੂੰ ਅਪੀਲ ਕੀਤੀ ਕਿ ਉਹ 'ਮੈਂ ਵੀ ਚੌਕੀਦਾਰ' ਦੀ ਸਹੁੰ ਚੁੱਕਣ। ਇਸ ਦੇ ਨਾਲ ਹੀ ਉਨ੍ਹਾਂ ਨੇ #MaiBhiChowkidar ਦਾ ਹੈਸ਼ਟੈਗ ਵੀ ਸ਼ੇਅਰ ਕੀਤਾ।
ਮੋਦੀ ਨੇ ਕਿਹਾ ਕਿ ਉਹ ਭ੍ਰਿਸ਼ਟਾਚਾਰ ਅਤੇ ਸਮਾਜਿਕ ਬੁਰਾਈ ਵਿਰੁੱਧ ਲੜਾਈ 'ਚ ਇਕੱਲੇ ਨਹੀਂ ਹਨ। ਜੋ ਵੀ ਇਨ੍ਹਾਂ ਵਿਰੁੱਧ ਲੜ ਰਿਹਾ ਹੈ, ਉਹ ਵੀ ਚੌਕੀਦਾਰ ਹੈ। ਮੋਦੀ ਨੇ ਟਵੀਟ ਕੀਤਾ, "ਤੁਹਾਡਾ ਚੌਕੀਦਾਰ ਮਜ਼ਬੂਤੀ ਨਾਲ ਖੜਾ ਹੈ ਅਤੇ ਦੇਸ਼ ਦੀ ਸੇਵਾ ਕਰ ਰਿਹਾ ਹੈ ਪਰ ਮੈਂ ਇਕੱਲਾ ਨਹੀਂ ਹਾਂ। ਭ੍ਰਿਸ਼ਟਾਚਾਰ, ਗੰਦਗੀ, ਸਮਾਜਕ ਬੁਰਾਈ ਵਿਰੁੱਧ ਲੜਨ ਵਾਲਾ ਹਰ ਵਿਅਕਤੀ ਚੌਕੀਦਾਰ ਹੈ। ਭਾਰਤ ਦੇ ਵਿਕਾਸ ਲਈ ਸਖ਼ਤ ਮਿਹਨਤ ਕਰਨ ਵਾਲਾ ਹਰ ਵਿਅਕਤੀ ਚੌਕੀਦਾਰ ਹੈ। ਅੱਜ ਹਰ ਭਾਰਤੀ ਕਹਿ ਰਿਹਾ ਹੈ 'ਮੈਂ ਵੀ ਚੌਕੀਦਾਰ' ।"
ਚੌਕੀਦਾਰ ਬਣੇ ਭਾਜਪਾ ਆਗੂ : ਮੋਦੀ ਨੇ ਆਪਣਾ ਸੰਦੇਸ਼ ਲੋਕਾਂ ਤਕ ਪਹੁੰਚਾਉਣ ਲਈ 30 ਮਿੰਟ ਤੋਂ ਵੱਧ ਸਮੇਂ ਦਾ ਇਕ ਵੀਡੀਓ ਵੀ ਪੋਸਟ ਕੀਤਾ ਹੈ। ਮੋਦੀ ਨੇ ਅੱਜ ਆਪਣੇ ਟਵਿਟਰ ਅਕਾਉਂਟ 'ਤੇ ਨਾਂ ਬਦਲ ਕੇ 'ਚੌਕੀਦਾਰ ਨਰਿੰਦਰ ਮੋਦੀ' ਕਰ ਲਿਆ ਹੈ। ਇਸ ਤੋਂ ਇਲਾਵਾ ਭਾਜਪਾ ਪ੍ਰਧਾਨ ਅਮਿਤ ਸ਼ਾਹ, ਰੇਲ ਮੰਤਰੀ ਪੀਯੂਸ਼ ਗੋਇਲ, ਸਿਹਤ ਮੰਤਰੀ ਜੇ.ਪੀ. ਨੱਡਾ, ਉੱਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ, ਝਾਰਖੰਡ ਦੇ ਮੁੱਖ ਮੰਤਰੀ ਰਘੁਬਰ ਦਾਸ, ਪਾਰਟੀ ਬੁਲਾਰੇ ਮੁਖਤਾਰ ਅੱਬਾਸ ਨਕਵੀ, ਸੰਬਿਤ ਪਾਤਰਾ, ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਰਮਨ ਸਿੰਘ, ਯਸ਼ਵੰਤ ਸਿੰਘ ਦੇ ਪੁੱਤਰ ਜਯੰਤ ਸਿਨਹਾ ਅਤੇ ਮਿਨਾਕਸ਼ੀ ਲੇਖੀ ਨੇ ਵੀ ਆਪਣੇ ਟਵਿਟਰ ਅਕਾਉਂਟ 'ਤੇ ਨਾਂ ਅੱਗੇ ਚੌਕੀਦਾਰ ਲਿਖ ਲਿਆ ਹੈ।
ਜ਼ਿਕਰਯੋਗ ਹੈ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਰਾਫੇਲ ਲੜਾਕੂ ਜਹਾਜ਼ ਸਮਝੌਤੇ 'ਚ ਕਥਿਤ ਘੁਟਾਲਿਆਂ ਨੂੰ ਲੈ ਕੇ ਮੋਦੀ 'ਤੇ ਵਾਰ-ਵਾਰ ਨਿਸ਼ਾਨਾ ਲਗਾਉਂਦਿਆਂ ਕਹਿੰਦੇ ਹਨ 'ਚੌਕੀਦਾਰ ਚੋਰ ਹੈ'।