'ਅਗਨੀਪਥ ਯੋਜਨਾ' ਦੇਸ਼ ਦੀ ਸੇਵਾ ਕਰਨ ਦਾ ਸੁਨਹਿਰੀ ਮੌਕਾ - ਰਾਜਨਾਥ ਸਿੰਘ
ਕਿਹਾ- 2 ਸਾਲ ਤੋਂ ਸੈਨਾ 'ਚ ਭਰਤੀ ਦੀ ਪ੍ਰਕਿਰਿਆ ਨਾ ਹੋਣ ਕਾਰਨ ਬਹੁਤ ਸਾਰੇ ਨੌਜਵਾਨ ਦੇਸ਼ ਦੀ ਸੇਵਾ ਕਰਨ ਤੋਂ ਰਹੇ ਵਾਂਝੇ
ਨਵੀਂ ਦਿੱਲੀ : ਕੇਂਦਰ ਸਰਕਾਰ ਵੱਲੋਂ ਫੌਜ ਵਿੱਚ ਭਰਤੀ ਲਈ ਹਾਲ ਹੀ ਵਿਚ ਲਾਗੂ ਕੀਤੀ ਗਈ ਯੋਜਨਾ ਅਗਨੀਪਥ ਨੂੰ ਲੈ ਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ ਉਨ੍ਹਾਂ ਨੇ ਨੂੰ ਇਤਿਹਾਸਕ ਫ਼ੈਸਲਾ ਕਰਾਰ ਦਿਤਾ ਹੈ ਅਤੇ ਦੱਸਿਆ ਕਿ ਬਹੁਤ ਜਲਦ ਹੀ ਇਸ ਦੀ ਭਰਤੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ।
ਇਸ ਬਾਰੇ ਉਨ੍ਹਾਂ ਕਿਹਾ, ''ਕੇਂਦਰ ਦੀ 'ਅਗਨੀਪਥ ਯੋਜਨਾ' ਭਾਰਤ ਦੇ ਨੌਜਵਾਨਾਂ ਨੂੰ ਦੇਸ਼ ਦੀ ਰੱਖਿਆ ਵਿਵਸਥਾ ਨਾਲ ਜੁੜਨ ਅਤੇ ਦੇਸ਼ ਦੀ ਸੇਵਾ ਕਰਨ ਦਾ ਸੁਨਹਿਰੀ ਮੌਕਾ ਹੈ। ਪਿਛਲੇ 2 ਸਾਲ ਤੋਂ ਸੈਨਾ 'ਚ ਭਰਤੀ ਦੀ ਪ੍ਰਕਿਰਿਆ ਨਾ ਹੋਣ ਕਾਰਨ ਬਹੁਤ ਸਾਰੇ ਨੌਜਵਾਨਾਂ ਨੂੰ ਫ਼ੌਜ 'ਚ ਭਰਤੀ ਹੋਣ ਦਾ ਮੌਕਾ ਨਹੀਂ ਮਿਲ ਸਕਿਆ।'' ਰੱਖਿਆ ਮੰਤਰੀ ਨੇ ਕਿਹਾ ਕਿ ਇਹ ਭਰਤੀ ਜਲਦ ਹੀ ਕੀਤੀ ਜਾ ਰਹੀ ਹੈ ਜਿਸ ਲਈ ਤਿਆਰੀਆਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਇਹ ਰਾਹਤ ਇੱਕ ਸਮੇਂ ਲਈ ਹੀ ਦਿਤੀ ਜਾ ਰਹੀ ਹੈ ਅਤੇ ਇਸ ਨਾਲ ਬਹੁਤ ਸਾਰੇ ਨੌਜਵਾਨਾਂ ਨੂੰ ਫ਼ਾਇਦਾ ਹੋਵੇਗਾ। ਦੱਸਣਯੋਗ ਹੈ ਕਿ ਕੇਂਦਰ ਨੇ ਇਸ ਯੋਜਨਾ ਤਹਿਤ ਹੋਣ ਵਾਲੀ ਭਰਤੀ ਲਈ ਉਮਰ ਹੱਦ ਵਿਚ 2 ਸਾਲ ਦਾ ਵਾਧਾ ਕਰ ਦਿਤਾ ਹੈ। ਹੁਣ ਵੱਧ ਤੋਂ ਵੱਧ ਉਮਰ ਸੀਮਾ 23 ਸਾਲ ਕਰ ਦਿਤੀ ਗਈ ਹੈ ਜੋ ਕਿ ਪਹਿਲਾਂ 21 ਸਾਲ ਸੀ।