ਲਾਹੌਰ ਵਿਚ ਸਥਿਤ ਸ਼ਹੀਦੀ ਅਸਥਾਨ ਭਾਈ ਤਾਰੂ ਸਿੰਘ ਲੁਪਤ ਹੋਣ ਕਿਨਾਰੇ
ਸਿੱਖੀ ਦੀ ਖ਼ਾਤਰ ਖੋਪੜੀ ਲੁਹਾਉਣ ਵਾਲੇ ਭਾਈ ਤਾਰੂ ਸਿੰਘ ਦਾ ਸ਼ਹੀਦੀ ਅਸਥਾਨ ਲਾਹੌਰ ਵਿਚ ਲੁਪਤ ਹੋਣ ਦੀ ਕਗਾਰ 'ਤੇ ਹੈ।
ਅੰਮ੍ਰਿਤਸਰ (ਚਰਨਜੀਤ ਸਿੰਘ): ਸਿੱਖੀ ਦੀ ਖ਼ਾਤਰ ਖੋਪੜੀ ਲੁਹਾਉਣ ਵਾਲੇ ਭਾਈ ਤਾਰੂ ਸਿੰਘ ਦਾ ਸ਼ਹੀਦੀ ਅਸਥਾਨ ਲਾਹੌਰ ਵਿਚ ਲੁਪਤ ਹੋਣ ਦੀ ਕਗਾਰ 'ਤੇ ਹੈ। ਲਾਹੌਰ ਸ਼ਹਿਰ ਦੇ ਅੰਦਰੂਨੀ ਹਿੱਸੇ ਵਿਚ ਸਥਿਤ ਸ਼ਹੀਦ ਗੰਜ ਭਾਈ ਤਾਰੂ ਸਿੰਘ ਦੀ ਹਾਲਤ ਬੇਹਦ ਖਸਤਾ ਹੈ। ਇਹ ਅਸਥਾਨ ਇਕ ਛੋਟੀ ਜਿਹੀ ਇਮਾਰਤ ਤਕ ਸੀਮਤ ਹੋ ਕੇ ਰਹਿ ਗਿਆ ਹੈ। ਸ਼ਹੀਦ ਗੰਜ ਭਾਈ ਤਾਰੂ ਸਿੰਘ ਦੇ ਐਨ ਸਾਹਮਣੇ ਇਕ ਸਮਾਧ ਦਾ ਨਿਰਮਾਣ ਹੋ ਚੁਕਾ ਹੈ ਜਿਸ ਬਾਰੇ ਕਿਹਾ ਜਾ ਰਿਹਾ ਹੈ ਕਿ ਇਹ ਸਥਾਨ ਸ਼ੇਖ਼ ਫ਼ਰੀਦ ਦੇ ਪੜਪੋਤਰੇ ਦੀ ਸਮਾਧ ਹੈ।
ਗੁਰਦਵਾਰਾ ਸਮੂਹ ਵਿਚ ਹੀ ਗੁਰਦਵਾਰਾ ਸਾਹਿਬ ਦੇ ਐਨ ਬਾਹਰ ਤਹਿਰੀਕ ਏ ਅਕਬਰੀ ਨਾਮਕ ਜਥੇਬੰਦੀ ਵਲੋਂ ਕਬਜ਼ੇ ਦੀ ਤਿਆਰੀ ਕੀਤੀ ਜਾ ਰਹੀ ਹੈ। ਗੁਰਦਵਾਰੇ ਨਾਲ ਬਣੀ ਪੁਰਾਣੀ ਇਮਾਰਤ 'ਤੇ ਉਰਦੂ ਵਿਚ ਕੁੱਝ ਨਾਹਰੇ ਲਿਖੇ ਹੋਏ ਹਨ, ਜਿਨ੍ਹਾਂ ਵਿਚ ਕਿਹਾ ਜਾ ਰਿਹਾ ਹੈ ਕਿ ਇਥੇ ਕਾਕੂ ਸ਼ਾਹ ਨਾਮਕ ਕਿਸੇ ਫ਼ਕੀਰ ਦੀ ਇਬਦਤਗਾਹ ਬਣਾਈ ਜਾਵੇ। ਦਸਣਯੋਗ ਹੈ ਕਿ ਸ਼ਹੀਦ ਗੰਜ ਭਾਈ ਤਾਰੂ ਸਿੰਘ ਨੂੰ ਜਾਣ ਵਾਲਾ ਰਾਹ ਦੁਕਾਨਾਂ ਦੇ ਵਿਚ ਅਤੇ ਬੇਹਦ ਛੋਟਾ ਹੋਣ ਕਾਰਨ ਆਮ ਸੰਗਤਾਂ ਦੀ ਨਜ਼ਰ ਤੋਂ ਓਹਲੇ ਹੈ। ਅਜਿਹੀ ਹਾਲਤ ਵਿਚ ਇਹ ਅਸਥਾਨ ਅਪਣੀ ਪਹਿਚਾਣ ਗਵਾ ਦੇਵੇਗਾ।
ਪੰਥਕ ਹਲਕਿਆਂ ਵਿਚ ਆਸ ਕੀਤੀ ਜਾ ਰਹੀ ਹੈ ਕਿ ਹੁਣ ਜਦ ਪਾਕਿਸਤਾਨ ਵਿਚ ਸ੍ਰੀ ਗੁਰੂ ਨਾਨਕ ਸਾਹਿਬ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਦੀਆਂ ਤਿਆਰੀਆਂ ਨੂੰ ਅੰਤਮ ਛੋਹਾਂ ਦਿਤੀਆਂ ਜਾ ਰਹੀਆਂ ਹਨ ਅਤੇ ਜਦ ਸ਼੍ਰੋਮਣੀ ਕਮੇਟੀ ਦਾ ਇਕ ਹਾਈ ਪਾਵਰ ਡੈਲੀਵੇਸ਼ਨ ਪਾਕਿਸਤਾਨ ਵੀ ਜਾ ਰਿਹਾ ਹੈ ਤਾਂ ਅਜਿਹੇ ਹਾਲਾਤ ਵਿਚ ਸ਼ਹੀਦ ਗੰਜ ਭਾਈ ਤਾਰੂ ਸਿੰਘ ਦੇ ਅਸਥਾਨ ਬਾਰੇ ਪਾਕਿਸਤਾਨ ਔਕਾਫ਼ ਬੋਰਡ ਅਤੇ ਨਵੀਂ ਗਠਤ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਨਾਲ ਗੱਲਬਾਤ ਕਰ ਕੇ ਇਸ ਸਥਾਨ ਨੂੰ ਬਚਾਇਆ ਜਾਵੇ।