ਮੈਲਬੌਰਨ ਦੇ ਗੁਰੂ ਘਰਾਂ ਨੇ ਫੜੀ ਕੋਰੋਨਾ ਪੀੜਤ ਮਰੀਜ਼ਾਂ ਦੀ ਬਾਂਹ
ਘਰਾਂ 'ਚ ਪਹੁੰਚਾਇਆ ਜਾ ਰਿਹੈ ਖਾਣਾ ਤੇ ਹੋਰ ਸਮਾਨ
ਵਸ਼ਿੰਗਟਨ - ਮੌਜੂਦਾ ਸਮੇਂ ਜਾਨਲੇਵਾ ਕੋਰੋਨਾ ਵਾਇਰਸ ਨੇ ਦੁਨੀਆਂ ਦੇ ਕਈ ਮੁਲਕਾਂ ਨੂੰ ਅਪਣੀ ਲਪੇਟ ਵਿਚ ਲਿਆ ਹੋਇਆ ਹੈ। ਆਸਟ੍ਰੇਲੀਆ ਵਿਚ ਵੀ ਕੋਰੋਨਾ ਵਾਇਰਸ ਤੋਂ ਪੀੜਤ ਲੋਕਾਂ ਦੀ ਗਿਣਤੀ ਦਿਨ ਬ ਦਿਨ ਵਧਦੀ ਹੀ ਜਾ ਰਹੀ ਹੈ। ਅਜਿਹੇ ਵਿਚ ਆਸਟ੍ਰੇਲੀਆ ਸਰਕਾਰ ਵੱਲੋਂ ਕੋਰੋਨਾ ਪੀੜਤ ਸ਼ੱਕੀ ਮਰੀਜ਼ਾਂ ਨੂੰ ਦੋ ਹਫ਼ਤਿਆਂ ਲਈ ਅਪਣੇ ਘਰਾਂ ਵਿਚ ਬੰਦ ਰਹਿਣ ਦੇ ਹੁਕਮ ਜਾਰੀ ਕੀਤੇ ਗਏ ਹਨ ਤਾਂ ਜੋ ਇਸ ਬਿਮਾਰੀ ਨੂੰ ਅੱਗੇ ਫੈਲਣ ਤੋਂ ਰੋਕਿਆ ਜਾ ਸਕੇ।
ਸਰਕਾਰ ਦੇ ਨਾਲ-ਨਾਲ ਹੁਣ ਮੈਲਬੌਰਨ ਵਿਚ ਸਥਿਤੀ ਗੁਰੂ ਘਰਾਂ ਵੱਲੋਂ ਕੋਰੋਨਾ ਪੀੜਤ ਮਰੀਜ਼ਾਂ ਦੀ ਵਧ ਚੜ੍ਹ ਕੇ ਮਦਦ ਕੀਤੀ ਜਾ ਰਹੀ ਹੈ। ਦਰਅਸਲ ਦਲ ਬਾਬਾ ਬਿਧੀ ਚੰਦ ਖ਼ਾਲਸਾ ਛਾਉਣੀ ਪਲੰਮਟਨ ਅਤੇ ਖ਼ਾਲਸਾ ਦਰਬਾਰ ਮਿੱਕਲਮ ਦੇ ਗੁਰਦੁਆਰਿਆਂ ਵੱਲੋਂ ਘਰਾਂ ਵਿਚ ਬੰਦ ਸ਼ੱਕੀ ਮਰੀਜ਼ਾਂ ਲਈ ਭੋਜਨ ਅਤੇ ਹੋਰ ਸਮੱਗਰੀ ਮੁਹੱਈਆ ਕਰਵਾਈ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਸੇਵਾਦਾਰ ਵੱਲੋਂ ਕਿਹਾ ਗਿਆ ਕਿ ਗੁਰੂ ਘਰਾਂ ਵੱਲੋਂ ਆਸਟ੍ਰੇਲੀਆ ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਕਰਦਿਆਂ ਕੋਰੋਨਾ ਪੀੜਤ ਮਰੀਜ਼ਾਂ ਦੀ ਮਦਦ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਆਸਟ੍ਰੇਲੀਆ ਵਿਚ ਕੋਰੋਨਾ ਵਾਇਰਸ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਬੀਤੇ ਦਿਨ ਆਸਟ੍ਰੇਲੀਆ ਦੀਆਂ ਕਈ ਵੀਡੀਓਜ਼ ਸਾਹਮਣੇ ਆਈਆਂ ਸਨ,
ਜਿਨ੍ਹਾਂ ਵਿਚ ਲੋਕਾਂ ਨੂੰ ਸ਼ੋਅਰੂਮਾਂ ਤੋਂ ਵੱਡੀ ਗਿਣਤੀ ਵਿਚ ਘਰ ਦਾ ਸਮਾਨ ਖ਼ਰੀਦਦੇ ਹੋਏ ਦਿਖਾਇਆ ਗਿਆ ਸੀ। ਹਾਲਾਤ ਇਹ ਹੋ ਗਏ ਸਨ ਕਿ ਬਹੁਤ ਸਾਰੇ ਲੋਕਾਂ ਨੂੰ ਪੂਰਾ ਸਮਾਨ ਵੀ ਨਹੀਂ ਮਿਲ ਸਕਿਆ ਪਰ ਹੁਣ ਸਥਾਨਕ ਗੁਰਦੁਆਰਾ ਸਾਹਿਬ ਪੀੜਤ ਲੋਕਾਂ ਦੀ ਮਦਦ ਲਈ ਅੱਗੇ ਆ ਗਏ ਹਨ।