ਕੈਨੇਡਾ ’ਚ ਹਰਕੀਰਤ ਸਿੰਘ ਬਣੇ ਬਰੈਂਪਟਨ ਸਿਟੀ ਦੇ ਪਹਿਲੇ ਦਸਤਾਰਧਾਰੀ ਡਿਪਟੀ ਮੇਅਰ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਹਰਕੀਰਤ ਸਿੰਘ ਨੂੰ 2022-26 ਤੱਕ ਮੇਅਰ ਨਿਯੁਕਤ ਕੀਤਾ ਗਿਆ ਹੈ।

Harkirat Singh

 

ਚੰਡੀਗੜ੍ਹ: ਕੈਨੇਡਾ ਦੇ ਬਰੈਂਪਟਨ ਸਿਟੀ ’ਚ ਪਹਿਲੀ ਵਾਰ ਸਿੱਖ ਦੀ ਡਿਪਟੀ ਮੇਅਰ ਵਜੋਂ ਨਿਯੁਕਤੀ ਹੋਈ ਹੈ।  ਕੈਨੇਡਾ ਦਾ ਜੰਮਪਲ਼, ਈਮਾਨਦਾਰ ਅਤੇ ਪੜ੍ਹੇ ਲਿਖੇ ਨੌਜਵਾਨ ਹਰਕੀਰਤ ਸਿੰਘ ਨੂੰ ਸਰਬਸੰਮਤੀ ਨਾਲ ਸਿਟੀ ਆਫ਼ ਬਰੈਂਪਟਨ ਦਾ ਡਿਪਟੀ ਮੇਅਰ ਚੁਣਿਆ ਗਿਆ ਹੈ। ਇਸ ਮੌਕੇ ਨਵੇਂ ਚੁਣੇ ਗਏ ਡਿਪਟੀ ਮੇਅਰ ਹਰਕੀਰਤ ਸਿੰਘ ਨੇ ਮੇਅਰ ਪੈਟਰਿਕ ਬ੍ਰਾਊਨ  ਅਤੇ ਸਮੂਹ ਕੌਂਸਲਰਾਂ ਦਾ ਧੰਨਵਾਦ ਕੀਤਾ। 

ਇਸ ਮੌਕੇ ਬਰੈਂਪਟਨ ਸਿਟੀ ਕੌਂਸਲ ਵਲੋਂ ਜਾਰੀ ਕੀਤੇ ਗਏ ਬਿਆਨ ’ਚ ਦੱਸਿਆ ਗਿਆ ਕਿ ਵਾਰਡ ਨੰ. 9 ਅਤੇ 10 ਦੀ ਨੁਮਾਇੰਦਗੀ ਕਰਨ ਵਾਲੇ ਹਰਕੀਰਤ ਸਿੰਘ ਨੂੰ 2022-26 ਤੱਕ ਮੇਅਰ ਨਿਯੁਕਤ ਕੀਤਾ ਗਿਆ ਹੈ। ਦੱਸ ਦਈਏ ਕਿ ਡਿਪਟੀ ਮੇਅਰ ਸ਼ਹਿਰ ਦੀ ਕੌਂਸਲ ਅਤੇ ਹੋਰਨਾਂ ਬੈਠਕਾਂ ਦੀ ਪ੍ਰਧਾਨਗੀ ਕਰਦਾ ਹੈ। 

ਇਸ ਬਾਰੇ ਮੇਅਰ ਪੈਟ੍ਰਿਕ ਬ੍ਰਾਊ ਨੇ ਕਿਹਾ ਕਿ, "ਮੈਨੂੰ ਮਾਣ ਹੈ ਕਿ ਕੌਂਸਲਰ ਹਰਕੀਰਤ ਸਿੰਘ ਨੂੰ ਬਰੈਂਪਟਨ ਦੀ ਕੌਂਸਲ ਦੇ ਡਿਪਟੀ ਮੇਅਰ ਦੇ ਤੌਰ ’ਤੇ ਚੁਣਿਆ ਗਿਆ ਹੈ। ਕੌਂਸਲਰ ਦੇ ਤੌਰ ’ਤੇ ਦੂਜੀ ਵਾਰ ਭੂਮਿਕਾ ਨਿਭਾਉਣ ਜਾ ਰਹੇ ਹਰਕੀਰਤ ਪਹਿਲਾਂ ਸਕੂਲ ਦੇ ਟਰੱਸਟੀ ਵੀ ਰਹੇ ਹਨ। ਮੈਨੂੰ ਯਕੀਨ ਹੈ ਕਿ ਉਹ ਡਿਪਟੀ ਮੇਅਰ ਦੇ ਤੌਰ ’ਤੇ ਸ਼ਹਿਰ ਦੀ ਨੁਮਾਇੰਦਗੀ ਕਰਦਿਆਂ ਲੋਕਾਂ ਦੀ ਸੇਵਾ ’ਚ ਹਾਜ਼ਰ ਰਹਿਣਗੇ। 

ਜ਼ਿਕਰਯੋਗ ਹੈ ਕਿ ਬਰੈਂਪਟਨ ਸਿਟੀ ਕੌਂਸਲ ਵਿਚ ਪੰਜ ਸਿਟੀ ਕੌਂਸਲਰ, ਪੰਜ ਰਿਜਨਲ ਕੌਂਸਲਰ ਅਤੇ ਪੰਜ ਸਕੂਲ ਟਰੱਸਟੀ ਚੁਣੇ ਜਾਂਦੇ ਹਨ। ਇਸ ਦੇ ਨਾਲ ਹੀ ਪੈਟਰਿਕ ਬਰਾਊਨ ਦੋ ਪੰਜਾਬੀਆਂ ਨਿੱਕੀ ਕੌਰ ਅਤੇ ਬੌਬ ਦੋਸਾਂਝ ਨੂੰ ਹਰਾ ਕੇ ਦੂਜੀ ਵਾਰ ਮੇਅਰ ਚੁਣੇ ਗਏ ਹਨ।