ਆਸਟ੍ਰੇਲੀਆ ਦੇ ਸਕੂਲਾਂ ’ਚ ਕਿਰਪਾਨ ’ਤੇ ਪਾਬੰਦੀ ਲਗਾਉਣ ਦੇ ਫੈਸਲੇ ਨੂੰ ਰਵੀ ਸਿੰਘ ਨੇ ਦੱਸਿਆ ਦੁਖਦਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਆਸਟ੍ਰੇਲੀਆ ਦੇ ਸੱਭ ਤੋਂ ਵੱਡੇ ਨਿਊ ਸਾਊਥ ਵੈਲਜ਼ ਨੇ ਅਪਣੇ ਸਕੂਲਾਂ ’ਚ ਸਿੱਖ ਧਾਰਮਕ ਚਿੰਨ੍ਹ ਕਿਰਪਾਨ ਲੈ ਕੇ ਆਉਣ ’ਤੇ ਪਾਬੰਦੀ ਲਗਾ ਦਿਤੀ ਹੈ।

Ravi Singh

ਕੈਨਬਰਾ: ਆਸਟ੍ਰੇਲੀਆ ਦੇ ਸੱਭ ਤੋਂ ਵੱਡੇ ਨਿਊ ਸਾਊਥ ਵੈਲਜ਼ ਨੇ ਅਪਣੇ ਸਕੂਲਾਂ ’ਚ ਸਿੱਖ ਧਾਰਮਕ ਚਿੰਨ੍ਹ ਕਿਰਪਾਨ ਲੈ ਕੇ ਆਉਣ ’ਤੇ ਪਾਬੰਦੀ ਲਗਾ ਦਿਤੀ ਹੈ। ਸਰਕਾਰ ਦੇ ਇਸ ਫ਼ੈਸਲੇ ਦੀ ਸਿੱਖ ਭਾਈਚਾਰੇ ਵੱਲੋਂ ਸਖ਼ਤ ਨਿਖੇਧੀ ਕੀਤੀ ਜਾ ਰਹੀ ਹੈ।  ਇਸ ਦੌਰਾਨ ਵਿਸ਼ਵ ਪ੍ਰਸਿੱਧ ਸਮਾਜ ਸੇਵੀ ਸੰਸਥਾ ਖ਼ਾਲਸਾ ਏਡ ਦੇ ਮੁਖੀ ਰਵੀ ਸਿੰਘ ਨੇ ਵੀ ਇਸ ਫੈਸਲੇ ਨੂੰ ਲੈ ਕੇ ਦੁੱਖ ਜ਼ਾਹਿਰ ਕੀਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਆਸਟਰੇਲੀਆਈ ਸਿੱਖ ਭਾਈਚਾਰਾ ਸਾਰੀਆਂ ਵੱਡੀਆਂ ਘਟਨਾਵਾਂ ਵਿਚ ਅਪਣੇ ਸਾਥੀ ਨਾਗਰਿਕਾਂ ਦੀ ਮਦਦ ਕਰਦਾ ਹੈ। ਇਸ ਲ਼ਈ ਇਹ ਫੈਸਲਾ ਬੇਹੱਦ ਦੁਖਦਾਈ ਹੈ।

ਉਹਨਾਂ ਨੇ ਟਵੀਟ ਕੀਤਾ, ‘ਆਸਟਰੇਲੀਆਈ ਸਿੱਖ ਭਾਈਚਾਰਾ ਹੜ੍ਹਾਂ, ਜੰਗਲਾਂ ਦੀ ਅੱਗ ਅਤੇ ਮਹਾਂਮਾਰੀ ਵਰਗੀਆਂ ਸਾਰੀਆਂ ਵੱਡੀਆਂ ਘਟਨਾਵਾਂ ਵਿਚ ਹਮੇਸ਼ਾਂ ਅਪਣੇ ਸਾਥੀ ਨਾਗਰਿਕਾਂ ਨਾਲ ਖੜ੍ਹਾ ਰਿਹਾ ਹੈ। ਨਿਊ ਸਾਊਥ ਵੇਲਜ਼ ਪ੍ਰੀਮੀਅਰ  Gladys Berejiklian ਵੱਲੋਂ ਸਿੱਖਾਂ ਦੀ ਸਲਾਹ ਲਏ ਬਿਨ੍ਹਾਂ ਕਿਰਪਾਨ ’ਤੇ ਪਾਬੰਦੀ ਲਗਾਉਣ ਦਾ ਫੈਸਲਾ ਬੇਹੱਦ ਦੁਖਦਾਈ ਹੈ’।

ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਦੇ ਪ੍ਰਧਾਨ ਰਵਿੰਦਰਜੀਤ ਸਿੰਘ ਕਹਿੰਦੇ ਹਨ ਕਿ ਕਿਰਪਾਨ ਨੂੰ ਸਿੱਖ ਸਦੀਆਂ ਤੋਂ ਇਕ ਧਾਰਮਕ ਚਿੰਨ੍ਹ ਦੇ ਰੂਪ ’ਚ ਧਾਰਨ ਕਰ ਰਹੇ ਹਨ। ਉਹਨਾਂ ਕਿਹਾ,  ਬਰਤਾਨੀਆ, ਫਰਾਂਸ, ਆਸਟ੍ਰੇਲੀਆ ਤੇ ਹੋਰ ਕਈ ਦੇਸ਼ਾਂ ਦੇ ਫੌਜੀਆਂ ਨੇ ਪਹਿਲਾਂ ਤੇ ਦੂਜੇ ਵਿਸ਼ਵ ਯੁੱਧ ’ਚ ਸਿੱਖਾਂ ਦੀ ਬਹਾਦਰੀ ਨੂੰ ਸਨਮਾਨ ਦੇਣ ਲਈ ਕਿਰਪਾਨ ਨੂੰ ਮਾਨਤਾ ਦਿਤੀ ਹੈ।

ਇਸ ’ਚ ਗਲੀਪਲੀ ਦੀ ਲੜਾਈ ਵੀ ਸ਼ਾਮਲ ਹੈ। ਪਹਿਲੇ ਵਿਸ਼ਵ ਯੁੱਧ ’ਚ ਤੁਰਕੀ ਦੇ ਗਲੀਪਲੀ ’ਚ ਹੋਈ ਲੜਾਈ ’ਚ ਬਹੁਤ ਸਾਰੇ ਸਿੱਖ ਆਸਟ੍ਰੇਲੀਆ ਵਲੋਂ ਲੜੇ ਸੀ। ਦੱਸ ਦਈਏ ਕਿ ਇਹ ਫੈਸਲਾ ਇਕ ਸਕੂਲ ’ਚ ਵਿਦਿਆਰਥੀ ਵੱਲੋਂ ਕਥਿਤ ਤੌਰ ’ਤੇ ਕਿਰਪਾਨ ਨਾਲ ਦੂਜਿਆਂ ਨੂੰ ਜ਼ਖ਼ਮੀ ਕਰਨ ਤੋਂ ਬਾਅਦ ਫ਼ੈਸਲਾ ਲਿਆ ਗਿਆ ਹੈ।