ਹੁਣ ਆਸਟ੍ਰੇਲੀਆ 'ਚ ਉਠਣ ਲੱਗਿਆ ਸਿੱਖਾਂ ਦੀ ਦਸਤਾਰ ਦਾ ਮਸਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਸਿੱਖ ਡਰਾਈਵਰਾਂ ਨੂੰ ਨੰਗੇ ਸਿਰ ਹੈਲਮਟ ਪਾਉਣ ਦੀ ਸ਼ਰਤ, ਮਦਦ ਲਈ ਆਈ ਵਿਕਟੋਰੀਅਨ ਸਿੱਖ ਗੁਰਦੁਆਰਾ ਕੌਂਸਲ

ਹੁਣ ਆਸਟ੍ਰੇਲੀਆ 'ਚ ਉਠਣ ਲੱਗਿਆ ਸਿੱਖਾਂ ਦੀ ਦਸਤਾਰ ਦਾ ਮਸਲਾ

ਮੈਲਬੌਰਨ (ਪਰਮਵੀਰ ਸਿੰਘ ਆਹਲੂਵਾਲੀਆ)- ਆਸਟ੍ਰੇਲੀਆ ਦੇ ਬਹੁਤ ਸਾਰੇ ਸ਼ਹਿਰਾਂ ਵਿਚ ਪਿਛਲੇ ਕੁੱਝ ਸਮੇਂ ਤੋਂ ਦਸਤਾਰਧਾਰੀ ਸਿੱਖ ਟਰੱਕ ਡਰਾਈਵਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਹਾਲ ਹੀ ਵਿਚ ਬਹੁਤ ਸਾਰੀਆਂ ਕੰਪਨੀਆਂ ਵੱਲੋਂ ਆਪਣੇ ਕਾਨੂੰਨਾਂ ਵਿਚ ਬਦਲਾਅ ਦਾ ਹਵਾਲਾ ਦਿੰਦੇ ਹੋਏ ਕੰਪਨੀ ਵਿਚ ਦਾਖਲ ਹੋਣ ਲਈ ਨੰਗੇ ਸਿਰ ਹੈਲਮਟ ਪਾਉਣ ਦੀ ਸ਼ਰਤ ਰੱਖਦੇ ਹੋਏ ਦਸਤਾਰਧਾਰੀ ਟਰੱਕ ਚਾਲਕਾਂ ਨੂੰ ਪੱਗ ਲਾਹ ਕੇ ਸਿਰ 'ਤੇ ਬਿਨਾ ਕੋਈ ਕੱਪੜਾ ਬੰਨ੍ਹੇ ਹੈਲਮਟ ਪਾਉਣ ਕਈ ਮਜਬੂਰ ਕੀਤਾ ਜਾ ਰਿਹਾ ਹੈ

ਅਤੇ ਜਿਹੜੇ ਸਿੱਖ ਡਰਾਈਵਰ ਅਜਿਹਾ ਨਹੀਂ ਕਰਦੇ ਉਨ੍ਹਾਂ ਨੂੰ ਆਪਣੀ ਨੌਕਰੀ ਤੋਂ ਵੀ ਹੱਥ ਧੋਣੇ ਪੈ ਰਹੇ ਹਨ ਹਾਲ ਹੀ ਵਿਚ ਮੈਲਬੌਰਨ ਦੇ ਇਕ ਦਸਤਾਰਧਾਰੀ ਸਿੱਖ ਡਰਾਈਵਰ ਨਰਿੰਦਰ ਸਿੰਘ ਨਾਲ ਵੀ ਅਜਿਹੀ ਘਟਨਾ ਵਾਪਰ ਚੁੱਕੀ ਹੈ ਜਿਸ ਨੇ ਦਸਤਾਰ ਨਹੀਂ ਲਾਹੀ ਪਰ ਅਪਣੀ ਨੌਕਰੀ ਨੂੰ ਅਲਵਿਦਾ ਆਖ ਦਿੱਤਾ। ਸਿੱਖ ਡਰਾਈਵਰ ਨਰਿੰਦਰ ਸਿੰਘ ਦੀ ਮਦਦ ਲਈ ਵਿਕਟੋਰੀਅਨ ਸਿੱਖ ਗੁਰਦੁਆਰਾ ਕੌਂਸਲ ਅੱਗੇ ਆਈ ਹੈ।

ਵਿਕਟੋਰੀਅਨ ਸਿੱਖ ਗੁਰਦੁਆਰਾ ਕੌਂਸਲ ਦੇ ਪ੍ਰਧਾਨ ਗੁਰਦੀਪ ਸਿੰਘ ਮਠਾੜੂ ਅਤੇ ਮੈਂਬਰ ਗੁਰਇੰਦਰ ਕੌਰ ਦੀ ਮੀਟਿੰਗ ਗੁਰਦੁਆਰਾ ਸਿੰਘ ਸਭਾ ਕਰੇਗੀਬਰਨ ਵਿਖੇ ਹੋਈ, ਜਿਸ ਦੌਰਾਨ ਗੁਰੂਦੁਅਰਾ ਕੌਂਸਲ ਨੇ ਹੋਰ ਵੀ ਇਸ ਤਰ੍ਹਾਂ ਦੇ ਭੇਦਭਾਵ ਦਾ ਸ਼ਿਕਾਰ ਹੋਏ ਸਿੱਖ ਚਾਲਕਾਂ ਨੂੰ ਅੱਗੇ ਆਉਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਇਸ ਮੁੱਦੇ ਨੂੰ ਲੈ ਕੇ ਕਾਨੂੰਨੀ ਲੜਾਈ ਵੀ ਲੜੀ ਜਾਵੇਗੀ।

ਇਸ ਮੀਟਿੰਗ ਦੌਰਾਨ ਹੋਰਨਾਂ ਤੋਂ ਇਲਾਵਾ ਆਸਟ੍ਰੇਲੀਅਨ ਸਿੱਖ ਸਪੋਟਸ ਤੋਂ ਮਨਪ੍ਰੀਤ ਸਿੰਘ ਸਪਰਾ ਤੇ ਕਰੇਗੀਬਰਨ ਗੁਰਦੁਆਰੇ ਦੀ ਕਮੇਟੀ ਤੋਂ ਉਪ ਸਕੱਤਰ ਗੁਰਵਿੰਦਰ ਸਿੰਘ ਅਟਵਾਲ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਆਸਟ੍ਰੇਲੀਅਨ ਸਿੱਖਾਂ ਦੁਆਰਾ ਅਕਾਲ ਤਖ਼ਤ ਤੋਂ ਵੀ ਇਸ ਮੁੱਦੇ 'ਤੇ ਦਖ਼ਲ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਜੋ ਕਿ ਭਵਿੱਖ ਵਿਚ ਆਸਟ੍ਰੇਲੀਆ ਵਿਚ ਪੱਗ ਨੂੰ ਲੈ ਕੇ ਸਰਕਾਰਾਂ ਨੂੰ ਫਰਾਂਸ ਵਰਗੀ ਨੀਤੀ ਬਣਾਉਣ ਤੋਂ ਰੋਕਿਆ ਜਾ ਸਕੇ।