'ਏਵੀਏਸ਼ਨ ਸਕਿਉਰਿਟੀ ਸਰਵਿਸ' ਵਿਚ ਪਹਿਲੇ ਦਸਤਾਰਧਾਰੀ ਨੌਜਵਾਨ ਦੀ ਹੋਈ ਚੋਣ
ਸ੍ਰੀ ਸਾਹਿਬ ਪਾ ਕੇ ਕਰੇਗਾ ਡਿਊਟੀ ਅਤੇ ਚੈਕਿੰਗ
ਔਕਲੈਂਡ (ਹਰਜਿੰਦਰ ਸਿੰਘ ਬਸਿਆਲਾ) : ਨਿਊਜ਼ੀਲੈਂਡ 'ਚ ਵਸਦੇ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਇਸ ਗੱਲ ਦੀ ਖੁਸ਼ੀ ਹੋਏਗੀ ਕਿ ਹੁਣ 'ਏਵੀਏਸ਼ਨ ਸਕਿਉਰਿਟੀ ਸਰਵਿਸ' ਜੋ ਕਿ ਘਰੇਲੂ ਅਤੇ ਅੰਤਰਰਾਸ਼ਟਰੀ ਹਵਾਈ ਅੱਡਿਆਂ ਉਤੇ ਸਕਿਉਰਿਟੀ ਚੈਕਿੰਗ ਕਰਦਾ ਹੈ, ਦੇ ਵਿਚ ਇਕ ਦਸਤਾਰਧਾਰੀ ਨੌਜਵਾਨ ਵਰੁਣ ਭਾਰਦਵਾਜ (30) ਜਿਸ ਨੂੰ ਅੰਮ੍ਰਿਤ ਛਕਣ ਉਪਰੰਤ ਪੰਜ ਪਿਆਰਿਆਂ ਵਲੋਂ ਸ. ਹਰੀ ਸਿੰਘ ਦਾ ਨਾਮ ਦਿਤਾ ਗਿਆ ਸੀ, ਦੀ ਏਵੀਏਸ਼ਨ ਸਕਿਊਰਿਟੀ ਅਫ਼ਸਰ ਵਜੋਂ ਚੋਣ ਹੋਈ ਹੈ।
ਇਸਨੇ ਅਪਣਾ ਕੰਮ ਔਕਲੈਂਡ ਦੇ ਘਰੇਲੂ ਅਤੇ ਅੰਤਰਰਾਸ਼ਟਰੀ ਹਵਾਈ ਅੱਡੇ ਉਤੇ ਸ਼ੁਰੂ ਕਰ ਦਿਤਾ ਹੈ। ਇਹ ਨੌਜਵਾਨ 6 ਸੈਂਟੀਮੀਟਰ ਵਾਲੀ ਸ੍ਰੀ ਸਾਹਿਬ ਪਹਿਨ ਕੇ ਅਤੇ ਗੋਲ ਦਸਤਾਰ ਸਜਾ ਕੇ ਨੌਕਰੀ ਕਰਦਾ ਹੈ ਅਤੇ ਪੂਰੇ ਸਟਾਫ਼ ਸ਼ਾਇਦ ਨਿਊਜ਼ੀਲੈਂਡ ਦੇ ਵਿਚ ਇਕੋ-ਇਕ ਦਸਤਾਰਧਾਰੀ ਨੌਜਵਾਨ ਹੈ। ਇਸ ਨੌਜਵਾਨ ਨੇ ਇਸ ਨੌਕਰੀ ਦੇ ਲਈ ਲੱਗਭਗ 150 ਹੋਰ ਉਮੀਦਵਾਰਾਂ ਨੂੰ ਪਛਾੜਿਆ ਹੈ ਅਤੇ ਕਈ ਇੰਟਰਵਿਊਜ਼ ਅਤੇ ਅਸਾਈਨਮੈਂਟਾਂ ਨੂੰ ਪਾਸ ਕੀਤਾ ਹੈ।
ਖਾਸ ਗੱਲ ਇਹ ਹੈ ਕਿ ਇਹ ਨੌਜਵਾਨ ਮੁਢਲੇ ਤੌਰ 'ਤੇ ਹਿੰਦੂ ਪਰਵਾਰ ਨਾਲ ਸਬੰਧ ਰੱਖਦਾ ਹੈ ਪਰ ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਪਾਤਸ਼ਾਹੀ ਛੇਵੀਂ ਵੀਰੀ ਸਟੇਸ਼ਨ ਰੋਡ, ਵੀਰੀ (ਔਕਲੈਂਡ) ਵਿਖੇ ਲਗਾਤਾਰ ਜਾਣ ਕਰ ਕੇ ਅਤੇ ਚਲਦੇ ਸਿੱਖੀ ਪ੍ਰਚਾਰ ਤੋਂ ਪ੍ਰਭਾਵਤ ਹੋ ਕੇ ਇਸ ਨੇ 2017 ਦੇ ਵਿਚ ਅੰਮ੍ਰਿਤ ਛਕ ਲਿਆ ਸੀ ਅਤੇ ਵਰੁਣ ਭਾਰਦਵਾਜ ਤੋਂ ਸ. ਹਰੀ ਸਿੰਘ ਬਣ ਗਿਆ ਸੀ। ਇਸ ਦਾ ਜੱਦੀ ਪਿੰਡ ਮਰਹਾਣਾ ਤਹਿਸੀਲ ਤਰਨਤਾਰਨ ਹੈ। ਨਿਊਜ਼ੀਲੈਂਡ ਵਿਖੇ ਇਹ ਨੌਜਵਾਨ 2008 ਦੇ ਵਿਚ ਸ਼ੈਫ਼ ਦੀ ਪੜ੍ਹਾਈ ਕਰਨ ਆਇਆ ਸੀ ਅਤੇ 2009 ਦੇ ਵਿੱਚ ਹੀ ਪੱਕਾ ਹੋ ਗਿਆ ਸੀ।
ਇਸ ਵੇਲੇ ਇਹ ਨੌਜਵਾਨ ਇਥੇ ਆਪਣੀ ਧਰਮ ਪਤਨੀ ਸ੍ਰੀਮਤੀ ਅਨੂਮੀਨ ਪ੍ਰੀਤ ਕੌਰ ਅਤੇ 4 ਸਾਲ ਦੇ ਬੇਟੇ ਊਧਮ ਸਿੰਘ ਦੇ ਨਾਲ ਰਹਿ ਰਿਹਾ ਹੈ। ਪਿੰਡ ਰਹਿੰਦੇ ਪਿਤਾ ਸ੍ਰੀ ਸ਼ਾਮ ਸੁੰਦਰ ਅਤੇ ਮਾਤਾ ਸ੍ਰੀਮਤੀ ਸੁਨੀਤਾ ਰਾਣੀ ਨੂੰ ਆਪਣੇ ਇਸ ਹੋਣਹਾਰ ਪੁੱਤਰ ਉਤੇ ਜਰੂਰ ਮਾਣ ਹੋਏਗਾ। ਨਿਊਜ਼ੀਲੈਂਡ ਵਸਦੇ ਪੰਜਾਬੀ ਭਾਈਚਾਰੇ ਅਤੇ ਪੰਜਾਬੀ ਮੀਡੀਆ ਕਰਮੀਆਂ ਵਲੋਂ ਇਸ ਨੌਜਵਾਨ ਨੂੰ ਬਹੁਤ-ਬਹੁਤ ਮੁਬਾਰਕਬਾਦ।