ਸੰਦੀਪ ਸਿੰਘ ਧਾਲੀਵਾਲ ਦੇ ਨਾਂਅ 'ਤੇ ਰਖਿਆ ਜਾਵੇਗਾ ਸੜਕ ਦਾ ਨਾਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਭਾਰਤੀ-ਅਮਰੀਕੀ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੇ ਸਨਮਾਨ ਵਿਚ ਭਾਈਚਾਰੇ ਦੇ ਨੇਤਾ ਇਥੇ ਇਕ ਸਥਾਈ ਯਾਦਗਾਰੀ ਬਣਾਉਣ ਦੀ ਦਿਸ਼ਾ ਵਿਚ ਕੰਮ ਕਰ ਰਹੇ ਹਨ।

Sandeep Singh Dhaliwal

ਹਿਊਸਟਨ : ਭਾਰਤੀ-ਅਮਰੀਕੀ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੇ ਸਨਮਾਨ ਵਿਚ ਭਾਈਚਾਰੇ ਦੇ ਨੇਤਾ ਇਥੇ ਇਕ ਸਥਾਈ ਯਾਦਗਾਰੀ ਬਣਾਉਣ ਦੀ ਦਿਸ਼ਾ ਵਿਚ ਕੰਮ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਸੰਦੀਪ ਸਿੰਘ ਧਾਲੀਵਾਲ ਦੀ ਡਿਊਟੀ ਦੌਰਾਨ ਹਤਿਆ ਕਰ ਦਿਤੀ ਗਈ ਸੀ।

ਹੈਰਿਸ ਕਾਊਂਟੀ ਕਮਿਸ਼ਨਰ ਕੋਰਟ ਨੇ ਸੈਮ ਹਿਊਟਨ ਟੋਲਵੇਅ ਦੇ ਇਕ ਹਿੱਸੇ ਦਾ ਨਾਂ ਸੰਦੀਪ ਸਿੰਘ ਧਾਲੀਵਾਲ ਦੇ ਨਾਮ 'ਤੇ ਰੱਖਣ ਦੀ ਸਿਫ਼ਾਰਸ਼ ਕੀਤੀ। ਕੋਰਟ ਦੇ ਮੈਂਬਰਾਂ ਨੇ ਪ੍ਰੇਸਿਨਕਟ-2 ਦੇ ਕਮਿਸ਼ਨਰ ਐਂਡ੍ਰੀਅਨ ਗਾਰਸੀਆ ਦੀ ਅਪੀਲ ਸਰਬਸੰਮਤੀ ਨਾਲ ਸਵੀਕਾਰ ਕਰ ਲਈ। ਉਨ੍ਹਾਂ ਨੇ ਟੈਕਸਾਸ 249 ਤੇ ਯੂ.ਐਸ. 290 ਦੇ ਵਿਚਾਲੇ ਰੋਡਵੇਅ ਦੇ ਇਕ ਹਿੱਸੇ ਦਾ ਨਾਂਅ ਸੰਦੀਪ ਸਿੰਘ ਧਾਲੀਵਾਲ ਦੇ ਨਾਂਅ 'ਤੇ ਰੱਖਣ ਦੀ ਅਪੀਲ ਕੀਤੀ ਸੀ।

ਹਾਲਾਂਕਿ ਇਸ ਅਪੀਲ ਨੂੰ ਅਜੇ ਟੈਕਸਾਸ ਪ੍ਰੀਵਾਹਨ ਵਿਭਾਗ ਤੋਂ ਮੰਜ਼ੂਰੀ ਲੈਣਾ ਬਾਕੀ ਹੈ। ਇਸ ਕਦਮ ਦਾ ਸਵਾਗਤ ਕਰਦੇ ਹੋਏ ਭਾਰਤ-ਅਮਰੀਕਾ ਚੈਂਬਰ ਆਫ਼ ਕਾਮਰਸ ਗ੍ਰੇਟਰ ਹਿਊਸਟਨ ਦੇ ਸੰਸਥਾਪਕ ਸਕੱਤਰ ਜਗਦੀਪ ਆਹਲੂਵਾਲੀਆ ਤੇ ਇਸ ਦੇ ਪ੍ਰਧਾਨ ਸਵਪਨ ਧੈਰਯਾਵਾਨ ਨੇ ਕਿਹਾ ਕਿ ਭਾਰਤੀ-ਅਮਰੀਕੀ ਨਾਇਕ ਨੂੰ ਇਹ ਸਨਮਾਨ ਦੇਣਾ ਸਹੀ ਹੋਵੇਗਾ।

ਆਵਾਜਾਈ ਵਿਭਾਗ ਵਿਚ ਤਾਇਨਾਤ 42 ਸਾਲਾ ਧਾਲੀਵਾਲ ਹੈਰਿਸ ਕਾਊਂਟੀ ਵਿਚ ਸ਼ੈਰਿਫ਼ ਦੇ ਸਹਾਇਕ ਦੇ ਰੂਪ ਵਿਚ ਤਾਇਨਾਤ ਸਨ। ਉਹ ਪਹਿਲੇ ਅਜਿਹੇ ਸਿੱਖ ਅਧਿਕਾਰੀ ਸਨ, ਜਿਨ੍ਹਾਂ ਨੂੰ ਡਿਊਟੀ 'ਤੇ ਅਪਣੇ ਧਾਰਮਕ ਚਿੰਨ੍ਹਾਂ ਦੀ ਵਰਤੋਂ ਕਰਨ ਦੀ ਆਗਿਆ ਦਿਤੀ ਗਈ ਸੀ ਜਿਸ ਵਿਚ ਦਾੜ੍ਹੀ ਰੱਖਣਾ ਤੇ ਪੱਗੜੀ ਪਹਿਨਣਾ ਸ਼ਾਮਲ ਸੀ। (ਪੀ.ਟੀ.ਆਈ)