ਡਾਰਕ ਵੈੱਬ ਰਾਹੀਂ ਪਾਬੰਦੀਸ਼ੁਦਾ ਪਦਾਰਥ ਵੇਚਣ ਦੇ ਦੋਸ਼ ’ਚ ਭਾਰਤੀ ਵਿਅਕਤੀ ਨੂੰ 5 ਸਾਲ ਦੀ ਕੈਦ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਹਲਦਵਾਨੀ ਦੇ ਬਨਮੀਤ ਸਿੰਘ ਨੂੰ ਅਮਰੀਕਾ ਦੀ ਬੇਨਤੀ ’ਤੇ ਅਪ੍ਰੈਲ 2019 ’ਚ ਲੰਡਨ ’ਚੋਂ ਗ੍ਰਿਫਤਾਰ ਕੀਤਾ ਗਿਆ ਸੀ

Representative Image.

ਵਾਸ਼ਿੰਗਟਨ: ਅਮਰੀਕਾ ’ਚ ਇਕ 40 ਸਾਲ ਦੇ ਇਕ ਭਾਰਤੀ ਨਾਗਰਿਕ ਨੂੰ ਡਾਰਕ ਵੈੱਬ ਮਾਰਕੀਟਪਲੇਸ ’ਤੇ ਪਾਬੰਦੀਸ਼ੁਦਾ ਪਦਾਰਥ ਵੇਚਣ ਦੇ ਦੋਸ਼ ’ਚ 5 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ ਅਤੇ ਕਰੀਬ 15 ਕਰੋੜ ਡਾਲਰ ਜ਼ਬਤ ਕਰਨ ਦਾ ਹੁਕਮ ਦਿਤਾ ਗਿਆ ਹੈ। ਡਾਰਕ ਵੈੱਬ ਇੰਟਰਨੈੱਟ ਦਾ ਉਹ ਹਿੱਸਾ ਹੈ ਜਿਸ ਤਕ ਆਮ ‘ਸਰਚ ਇੰਜਣ’ ਨਹੀਂ ਪਹੁੰਚ ਸਕਦਾ ਅਤੇ ਇਸ ਤਕ ਸਿਰਫ ਇਕ ਵਿਸ਼ੇਸ਼ ਵੈੱਬ ਬ੍ਰਾਊਜ਼ਰ ਰਾਹੀਂ ਪਹੁੰਚਿਆ ਜਾ ਸਕਦਾ ਹੈ। 

ਹਲਦਵਾਨੀ ਦੇ ਬਨਮੀਤ ਸਿੰਘ ਨੂੰ ਅਮਰੀਕਾ ਦੀ ਬੇਨਤੀ ’ਤੇ ਅਪ੍ਰੈਲ 2019 ’ਚ ਲੰਡਨ ’ਚੋਂ ਗ੍ਰਿਫਤਾਰ ਕੀਤਾ ਗਿਆ ਸੀ। ਉਸ ਨੂੰ ਮਾਰਚ 2023 ਵਿਚ ਅਮਰੀਕਾ ਹਵਾਲੇ ਕੀਤਾ ਗਿਆ ਸੀ। ਇਸ ਨੇ ਜਨਵਰੀ ਵਿਚ ਪਾਬੰਦੀਸ਼ੁਦਾ ਪਦਾਰਥਾਂ ਤੋਂ ਬਚਣ ਦੀ ਸਾਜ਼ਸ਼ ਰਚਣ ਅਤੇ ਮਨੀ ਲਾਂਡਰਿੰਗ (ਕਾਲੇ ਧਨ ਨੂੰ ਚਿੱਟਾ ਕਰਨ) ਦੇ ਦੋਸ਼ਾਂ ਨੂੰ ਕਬੂਲ ਕਰ ਲਿਆ ਸੀ।

ਪਾਬੰਦੀਸ਼ੁਦਾ ਪਦਾਰਥ ਆਮ ਤੌਰ ’ਤੇ ਇਕ ਦਵਾਈ ਜਾਂ ਰਸਾਇਣ ਹੁੰਦਾ ਹੈ ਜਿਸ ਦਾ ਨਿਰਮਾਣ ਅਤੇ ਵਰਤੋਂ ਸਰਕਾਰ ਵਲੋਂ ਪਾਬੰਦੀਸ਼ੁਦਾ ਕੀਤੀ ਹੁੰਦੀ ਹੈ। ਅਦਾਲਤ ਦੇ ਦਸਤਾਵੇਜ਼ਾਂ ਅਤੇ ਅਦਾਲਤ ’ਚ ਦਿਤੇ ਬਿਆਨਾਂ ਅਨੁਸਾਰ, ਬਨਮੀਤ ਨੇ ਸਿਲਕ ਰੋਡ, ਅਲਫਾ ਬੇ, ਹੰਸਾ ਅਤੇ ਹੋਰਾਂ ’ਤੇ ਵਿਕਰੇਤਾ ਮਾਰਕੀਟਿੰਗ ਸਾਈਟਾਂ ਬਣਾਈਆਂ, ਜੋ ਫੈਂਟਾਨਿਲ, ਐਲ.ਐਸ.ਡੀ., ਐਕਸਟੈਸੀ, ਜ਼ੈਨੈਕਸ, ਕੇਟਾਮਾਈਨ ਅਤੇ ਟ੍ਰਾਮਾਡੋਲ ਵਰਗੇ ਪਾਬੰਦੀਸ਼ੁਦਾ ਪਦਾਰਥਾਂ ਨੂੰ ਵੇਚਣ ਲਈ ਸਨ।

ਗਾਹਕਾਂ ਨੇ ਇਸ ਸਾਈਟ ਦੀ ਵਰਤੋਂ ਕ੍ਰਿਪਟੋਕਰੰਸੀ ਰਾਹੀਂ ਬਨਮੀਤ ਸਿੰਘ ਤੋਂ ਆਰਡਰ ਕੀਤੀਆਂ ਦਵਾਈਆਂ ਲਈ ਭੁਗਤਾਨ ਕਰਨ ਲਈ ਕੀਤੀ। ਬਨਮੀਤ ਸਿੰਘ ਨੇ ਫਿਰ ਨਿੱਜੀ ਤੌਰ ’ਤੇ ਦਵਾਈਆਂ ਦੀਆਂ ਖੇਪਾਂ ਨੂੰ ਯੂਰਪ ਤੋਂ ਅਮਰੀਕੀ ਡਾਕ ਜਾਂ ਹੋਰ ਸ਼ਿਪਿੰਗ ਸੇਵਾਵਾਂ ਰਾਹੀਂ ਅਮਰੀਕਾ ਪਹੁੰਚਾਉਣ ਦਾ ਪ੍ਰਬੰਧ ਕੀਤਾ। ਇਕ ਅਧਿਕਾਰੀ ਨੇ ਦਸਿਆ ਕਿ ਇਸ ਕੰਮ ਦੇ ਜ਼ਰੀਏ ਬਨਮੀਤ ਨੇ ਕਰੀਬ 15 ਕਰੋੜ ਡਾਲਰ ਦੀ ਕਮਾਈ ਕੀਤੀ।