ਚਰਨਪ੍ਰੀਤ ਸਿੰਘ ਲਾਲ ਦਾ ਪਰਵਾਰਕ ਮੈਂਬਰਾਂ ਨੇ ਕੀਤਾ ਸ਼ਾਨਦਾਰ ਸਵਾਗਤ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਮਹਾਰਾਣੀ ਦੇ ਸੁਰੱਖਿਆ ਗਾਰਡ ਚਰਨਪ੍ਰੀਤ ਸਿੰਘ ਲਾਲ ਦਾ ਉਸ ਦੇ ਸ਼ਹਿਰ ਲੈਸਟਰ ਪੁੱਜਣ 'ਤੇ ਨਿੱਘਾ ਸਵਾਗਤ ਕੀਤਾ ਗਿਆ

Charanpreet singh lal

ਸਿੱਖਾਂ ਨੇ ਅਪਣੀ ਕਾਬਲੀਅਤ ਅਤੇ ਮਿਹਨਤ ਨਾਲ ਹਮੇਸ਼ਾ ਇਕ ਵੱਖਰੀ ਪਹਿਚਾਣ ਬਣਾਈ ਹੈ ਅਤੇ ਪੂਰੀ ਦੁਨੀਆਂ ਵਿੱਚ ਸਿੱਖ ਕੌਮ ਦਾ ਨਾਮ ਉਚਾ ਕੀਤਾ ਹੈ | ਅਜਿਹਾ ਹੀ ਇਕ ਮੁਕਾਮ ਬਣਾਇਆ ਹੈ ਚਰਨਪ੍ਰੀਤ ਸਿੰਘ ਲਾਲ ਨੇ ਜੋ ਬੀਤੇ ਦਿਨੀਂ ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈੱਥ-2 ਦੇ ਜਨਮ ਦਿਨ ਦੇ ਸਬੰਧ ਹੋਈ ਫ਼ੌਜੀ ਪਰੇਡ ਵਿੱਚ ਸ਼ਾਮਿਲ ਹੋਏ | ਤੁਹਾਨੂੰ ਦੱਸ ਦੇਈਏ ਕਿ ਚਰਨਪ੍ਰੀਤ ਸਿੰਘ ਉਹ ਪਹਿਲੇ ਦਸਤਾਰਧਾਰੀ ਸਿੱਖ ਬਣੇ ਹਨ ਜੋ ਇਸ ਪਰੇਡ ਵਿਚ ਸ਼ਾਮਿਲ ਹੋਏ ਸਨ |   ਮਹਾਰਾਣੀ ਦੇ ਸੁਰੱਖਿਆ ਗਾਰਡ ਚਰਨਪ੍ਰੀਤ ਸਿੰਘ ਲਾਲ ਦਾ ਉਸ ਦੇ ਸ਼ਹਿਰ ਲੈਸਟਰ ਪੁੱਜਣ 'ਤੇ ਨਿੱਘਾ ਸਵਾਗਤ ਕੀਤਾ ਗਿਆ।

ਸਮੂਹ ਸਿੱਖ ਭਾਈਚਾਰੇ ਅਤੇ ਉਸ ਦੇ ਪਰਿਵਾਰ ਵੱਲੋਂ ਉਸ ਦੇ ਪੂਰੀ ਦੁਨੀਆ 'ਚ ਸਿੱਖ ਕੌਮ ਦਾ ਨਾਂ ਰੌਸ਼ਨ ਕਰਨ ਲਈ ਇਕ ਵਿਸ਼ਾਲ ਸਨਮਾਨ ਸਮਾਰੋਹ ਕਰਵਾਇਆ ਗਿਆ।  ਅਪਣੀ ਪੂਰੀ ਫ਼ੌਜੀ ਵਰਦੀ 'ਚ ਇਸ ਸਮਾਰੋਹ 'ਚ ਪੁੱਜੇ ਸਾਬਤ ਸੂਰਤ ਸਿੱਖ ਨੌਜਵਾਨ ਫ਼ੌਜੀ ਚਰਨਪ੍ਰੀਤ ਸਿੰਘ ਨੇ ਅਪਣੀ ਇਸ ਪ੍ਰਾਪਤੀ ਪਿਛੇ ਅਪਣੇ ਮਾਤਾ-ਪਿਤਾ ਅਤੇ ਅਪਣੇ ਫੌਜੀ ਅਫ਼ਸਰਾਂ ਦਾ ਹੱਥ ਦੱਸਿਆ ਹੈ। ਲੈਸਟਰ 'ਚ ਚਰਨਪ੍ਰੀਤ ਸਿੰਘ ਲਾਲ ਦਾ ਢੋਲ ਵਜਾ ਕੇ ਸਵਾਗਤ ਕੀਤਾ ਗਿਆ | ਉਨ੍ਹਾਂ ਦੇ ਪਰਵਾਰਕ ਮੈਂਬਰਾਂ 'ਤੇ ਖੁਸ਼ੀ ਸਾਫ ਦਿਖਾਈ ਦੇ ਰਹੀ ਸੀ |

ਚਰਨਪ੍ਰੀਤ ਸਿੰਘ ਲਾਲ ਨੇ ਹੋਰਨਾਂ ਸਿੱਖ ਨੌਜਵਾਨਾਂ ਨੂੰ ਵੀ ਸਿੱਖੀ ਬਾਣੇ 'ਚ ਰਹਿ ਕੇ ਵੱਖ-ਵੱਖ ਖੇਤਰਾਂ 'ਚ ਅੱਗੇ ਆਉਣ ਦੀ ਅਪੀਲ ਕੀਤੀ ਹੈ। ਇਸ ਸਨਮਾਨ ਸਮਾਰੋਹ 'ਚ ਲੈਸਟਰ ਦੇ ਸਹਾਇਕ ਮੇਅਰ ਪਿਆਰਾ ਸਿੰਘ ਕਲੇਰ, ਲੈਸਟਰ ਦੇ ਹਾਈ ਸੈਰਿਫ਼ ਸ: ਰੇਸ਼ਮ ਸਿੰਘ ਸੰਧੂ, ਸਮਾਜ ਸੇਵੀ ਸੁਖਦੇਵ ਸਿੰਘ ਬਾਂਸਲ, ਗੁ: ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਧਾਨ ਸ: ਮੰਗਲ ਸਿੰਘ, ਜਨਰਲ ਸਕੱਤਰ ਮਹਿੰਦਰ ਸਿੰਘ ਸੰਘਾ, ਗੁ: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਰਲ ਸਕੱਤਰ ਅਮਰੀਕ ਸਿੰਘ ਗਿੱਲ, ਕੌਂਸਲਰ ਕੁਲਵਿੰਦਰ ਸਿੰਘ ਜੌਹਲ, ਮਸ਼ਹੂਰ ਕਬੱਡੀ ਪਰਮੋਟਰ ਨਿਰਮਲ ਸਿੰਘ ਸਮੇਤ ਹੋਰ ਲੈਸਟਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਚਰਨਪ੍ਰੀਤ ਸਿੰਘ ਲਾਲ ਦੀ ਇਸ ਪ੍ਰਾਪਤੀ ਲਈ ਉਸ ਦੇ ਪਿਤਾ ਸ: ਕੁਲਵਿੰਦਰ ਸਿੰਘ ਲਾਲ ਅਤੇ ਮਾਤਾ ਰਵਿੰਦਰ ਕੌਰ ਲਾਲ ਨੂੰ ਮੁਬਾਰਕਬਾਦ ਅਤੇ ਚਰਨਪ੍ਰੀਤ ਸਿੰਘ ਲਾਲ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ।