ਬ੍ਰਿਟੇਨ ਦੇ 'ਟਰੂਪਿੰਗ ਦਿ ਕਲਰ' ਸਮਾਗਮ ਵਿਚ ਦਸਤਾਰ ਸਜਾਉਣ ਵਾਲਾ ਪਹਿਲਾ ਸਿੱਖ ਬਣੇਗਾ ਚਰਨਪ੍ਰੀਤ ਸਿੰਘ
ਬਰਤਾਨੀਆ ਦੀ ਮਹਾਰਾਣੀ ਏਲੀਜ਼ਾਬੇਥ ਦੇ ਜਨਮ ਦਿਨ ਮੌਕੇ ਕਰਵਾਏ ਜਾ ਰਹੇ 'ਟਰੂਪਿੰਗ ਦਿ ਕਲਰ' ਸਮਾਗਮ ਵਿਚ ਚਰਨਪ੍ਰੀਤ ਸਿੰਘ ਲਾਲ ਪਹਿਲੇ ਅਜਿਹੇ ....
ਲੰਦਨ : ਬਰਤਾਨੀਆ ਦੀ ਮਹਾਰਾਣੀ ਏਲੀਜ਼ਾਬੇਥ ਦੇ ਜਨਮ ਦਿਨ ਮੌਕੇ ਕਰਵਾਏ ਜਾ ਰਹੇ 'ਟਰੂਪਿੰਗ ਦਿ ਕਲਰ' ਸਮਾਗਮ ਵਿਚ ਚਰਨਪ੍ਰੀਤ ਸਿੰਘ ਲਾਲ ਪਹਿਲੇ ਅਜਿਹੇ ਫ਼ੌਜੀ ਬਣਨ ਜਾ ਰਹੇ ਹਨ ਜਿਨ੍ਹਾਂ ਦੇ ਸਿਰ 'ਤੇ ਇਥੇ ਹੋਣ ਵਾਲੇ ਮਾਰਚ ਦੌਰਾਨ ਟੋਪੀ ਦੀ ਥਾਂ 'ਤੇ ਦਸਤਾਰ ਹੋਵੇਗੀ। 22 ਦੇ ਸਮਾਗਮ ਵਿਚ ਮਾਰਚ ਕਰਨ ਲਈ ਲਗਭਗ ਇਕ ਹਜ਼ਾਰ ਫ਼ੌਜੀ ਹਿੱਸਾ ਲੈਣਗੇ।
ਜਨਵਰੀ 2016 ਵਿਚ ਬਰਤਾਨੀਆਈ ਫ਼ੌਜ ਵਿਚ ਸ਼ਾਮਲ ਹੋਣ ਵਾਲੇ ਚਰਨਪ੍ਰੀਤ ਸਿੰਘ ਦੀ ਦਸਤਾਰ ਹੋਰ ਫ਼ੌਜੀਆਂ ਦੀ ਹੈਟ ਦੇ ਰੰਗ ਨਾਲ ਮਿਲਾਉਣ ਲਈ ਕਾਲੇ ਰੰਗ ਦੀ ਹੋਵੇਗੀ। ਇਸ ਸਮਾਗਮ ਵਿਚ ਉਨ੍ਹਾਂ ਦੇ ਮਾਤਾ-ਪਿਤਾ ਅਤੇ ਭੈਣ ਦਰਸ਼ਕ ਬਣ ਕੇ ਹਾਜ਼ਰ ਰਹਿਣਗੇ। ਚਰਨਪ੍ਰੀਤ ਸਿੰਘ ਲਾਲ ਭਾਵੇਂ ਪੰਜਾਬ ਦੇ ਰਹਿਣ ਵਾਲੇ ਹਨ ਪਰ ਬਚਪਨ ਵਿਚ ਹੀ ਭਾਰਤ ਤੋਂ ਬ੍ਰਿਟੇਨ ਆ ਕੇ ਰਹਿਣ ਲੱਗ ਗਏ ਸਨ। ਉਹ ਬ੍ਰਿਟੇਨ ਦੇ ਸ਼ਹਿਰ ਲਾਇਸੈਸਟਰ ਦੇ ਰਹਿਣ ਵਾਲੇ ਹਨ।
ਇਸ ਸਬੰਧੀ ਉਨ੍ਹਾਂ ਕਿਹਾ ਕਿ ਇਸ ਮਾਰਚ ਵਿਚ ਦਸਤਾਰ ਸਜਾ ਕੇ ਇਸ ਸ਼ਾਹੀ ਮਾਰਚ ਪਾਸਟ ਵਿਚ ਹਿੱਸਾ ਲੈਣ ਵਾਲੇ ਪਹਿਲੇ ਸਿੱਖ ਬਣਨਾ ਮਾਣ ਵਾਲੀ ਗੱਲ ਹੈ। ਖ਼ਬਰਾਂ ਮੁਤਾਬਕ ਉਨ੍ਹਾਂ ਨੂੰ ਇਹ ਕਹਿੰਦੇ ਹੋਏ ਸੁਣਿਆ ਗਿਆ ਕਿ ਉਹ ਆਸ ਕਰਦੇ ਹਨ ਕਿ ਉਨ੍ਹਾਂ ਦੀ ਤਰ੍ਹਾਂ ਹੋਰ ਜ਼ਿਆਦਾ ਲੋਕ ਸਿਰਫ਼ ਸਿੱਖ ਹੀ ਨਹੀਂ, ਸਗੋਂ ਹੋਰ ਧਰਮਾਂ ਵਾਲੇ ਲੋਕ ਵੀ ਫ਼ੌਜ ਵਿਚ ਸ਼ਾਮਲ ਹੋਣ।
ਰਾਣੀ ਏਲੀਜ਼ਾਬੇਥ ਹਰ ਸਾਲ ਦੋ ਜਨਮ ਦਿਨ ਮਨਾਉਂਦੀ ਹੈ। ਇਕ ਉਹ ਜਿਸ ਦਿਨ ਉਹ ਪੈਦਾ ਹੋਈ ਸੀ ਯਾਨੀ 21 ਅਪ੍ਰੈਲ ਅਤੇ ਦੂਜਾ ਅਧਿਕਾਰਕ ਜਨਮ ਜੋ ਜੂਨ ਵਿਚ ਹਮੇਸ਼ਾ ਸਨਿਚਰਵਾਰ ਨੂੰ ਸਾਲ ਬਾਅਦ ਆਉਂਦਾ ਹੈ। (ਏਜੰਸੀ)