''ਪੋਸਟਾਂ ਪਾਉਣ ਨਾਲ ਕੁੱਝ ਨ੍ਹੀਂ ਹੋਣਾ, ਧਰਨਿਆਂ 'ਚ ਬੈਠੋ'', ਸੈਮੀ ਧਾਲੀਵਾਲ ਦਾ ਸਿੱਧੂ 'ਤੇ ਨਿਸ਼ਾਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਸੈਮੀ ਧਾਲੀਵਾਲ ਨੇ ਨਵਜੋਤ ਸਿੱਧੂ ਤੇ ਸੰਨੀ ਦਿਓਲ ਨੂੰ ਸੁਣਾ ਦਿੱਤੀਆਂ ਖ਼ਰੀਆਂ-ਖ਼ਰੀਆਂ

Sammy Dhaliwal

ਸਰੀਂ (ਕੈਨੇਡਾ): ਖੇਤੀ ਆਰਡੀਨੈਂਸਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਵਿਰੋਧ ਦੇ ਚਲਦਿਆਂ ਹੁਣ ਬਹੁਤ ਸਾਰੇ ਗਾਇਕ ਵੀ ਕਿਸਾਨਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਨ ਲੱਗੇ ਹਨ। ਪੰਜਾਬੀ ਗਾਇਕਾ ਸੈਮੀ ਧਾਲੀਵਾਲ ਨੇ ਕਿਸਾਨਾਂ ਦੇ ਹੱਕ ਵਿਚ ਆਵਾਜ਼ ਉਠਾਉਂਦਿਆਂ ਜਿੱਥੇ ਭਾਜਪਾ ਸੰਸਦ ਮੈਂਬਰ ਸੰਨੀ ਦਿਓਲ 'ਤੇ ਤਿੱਖਾ ਨਿਸ਼ਾਨਾ ਸਾਧਿਆ, ਉਥੇ ਹੀ ਉਸ ਨੇ ਨਵਜੋਤ ਸਿੰਘ ਸਿੱਧੂ ਨੂੰ ਵੀ ਖ਼ਰੀਆਂ ਖ਼ਰੀਆਂ ਸੁਣਾ ਦਿੱਤੀਆਂ।

ਉਸ ਨੇ ਕਿਹਾ ਕਿ ਕਿਸਾਨਾਂ ਦੀ ਆਵਾਜ਼ ਉਠਾਉਣ ਦੇ ਦਾਅਵੇ ਕਰਨ ਵਾਲਾ ਸੰਨੀ ਦਿਓਲ ਹੁਣ ਮੋਦੀ ਸਰਕਾਰ ਨਾਲ ਜਾ ਕੇ ਖੜ੍ਹਾ ਹੋ ਗਿਆ। ਇਸੇ ਤਰ੍ਹਾਂ ਨਵਜੋਤ ਸਿੱਧੂ 'ਤੇ ਹਮਲਾ ਬੋਲਦਿਆਂ ਸੈਮੀ ਧਾਲੀਵਾਲ ਨੇ ਕਿਹਾ ਕਿ ਸੋਸ਼ਲ ਮੀਡੀਆ 'ਤੇ ਪੋਸਟਾਂ ਪਾ ਕੇ ਕਿਸਾਨਾਂ ਦਾ ਸਮਰਥਨ ਨਹੀਂ ਹੋਣਾ, ਧਰਨਿਆਂ ਵਿਚ ਆ ਕੇ ਕਿਸਾਨਾਂ ਦਾ ਸਾਥ ਦਿਓ।

ਸੈਮੀ ਧਾਲੀਵਾਲ  ਨੇ ਕਿਹਾ ਕਿਸਾਨਾਂ ਨਾਲ ਸ਼ੁਰੂ ਤੋਂ ਹੀ ਧੱਕਾ ਹੁੰਦਾ ਆ ਰਿਹਾ ਹੈ ਤੇ ਕਿਸੇ ਵੀ ਸਰਕਾਰ ਨੇ ਕਿਸਾਨਾਂ ਦੀ ਸਾਰ ਨਹੀਂ ਲਈ। ਉਹਨਾਂ ਕਿਹਾ ਕਈ ਵਾਰ ਤਾਂ ਰੱਬ ਵੀ ਕਿਸਾਨਾਂ ਨਾਲ ਧੱਕਾ ਕਰ ਜਾਂਦਾ ਹੈ। ਉਹਨਾਂ ਕਿਹਾ ਦੇਸ਼ ਵਿਚ ਕਈ ਸਰਕਾਰਾਂ ਆਈਆਂ, ਕਦੇ ਕਿਸੇ ਪਾਰਟੀ ਦੀ ਸਰਕਾਰ ਆਈ ਤਾਂ ਕਦੇ ਕਿਸੇ ਪਾਰਟੀ ਦੀ। ਪਰ ਦੇਸ਼ ਦਾ ਕਿਸਾਨ ਉੱਥੇ ਦਾ ਉੱਥੇ ਹੀ ਖੜ੍ਹਾ ਹੈ। ਕਿਸਾਨ ਦੀ ਹਾਲਤ ਵਿਚ ਕੋਈ ਸੁਧਾਰ ਨਹੀਂ ਹੋਇਆ।

ਉਹਨਾਂ ਕਿਹਾ ਕਿ ਸੰਨੀ ਦਿਓਲ ਨੇ ਵੋਟਾਂ ਦੌਰਾਨ ਗੁਰਦਾਸਪੁਰ ਦੇ ਲੋਕਾਂ ਨੂੰ ਭਾਵੂਕ ਕੀਤਾ ਤੇ ਦਾਅਵਾ ਕਰਦਾ ਰਿਹਾ ਕਿ ਉਹ ਕਿਸਾਨ ਦਾ ਪੁੱਤ ਹੈ। ਵੋਟਾਂ ਹਾਸਲ ਕਰਕੇ ਸੰਸਦ ਮੈਂਬਰ ਬਣਨ ਤੋਂ ਬਾਅਦ ਹੁਣ ਉਸ ਨੇ ਦੂਜੇ ਪਾਸੇ ਵੋਟ ਪਾ ਦਿੱਤੀ। ਇਸ ਤੋਂ ਇਲਾਵਾ ਸੈਮੀ ਧਾਲੀਵਾਲ ਨੇ ਹਰਸਿਮਰਤ ਬਾਦਲ ਦੇ ਅਸਤੀਫ਼ੇ ਨੂੰ ਲੈ ਕੇ ਵੀ ਉਸ ‘ਤੇ ਹਮਲਾ ਬੋਲਿਆ।

ਸੈਮੀ ਧਾਲੀਵਾਲ ਨੇ ਪੰਜਾਬੀ ਗਾਇਕਾਂ ‘ਤੇ ਨਿਸ਼ਾਨਾ ਵਿੰਨਿਆ, ਉਹਨਾਂ  ਕਿਹਾ ਜਿਹੜੇ ਗਾਇਕ ਗਾਣਿਆਂ ਵਿਚ ਕਹਿੰਦੇ ਹਨ ਕਿ ਜੱਟ ਕੋਲ ਘੋੜੇ ਹਨ, ਟਰੈਕਟਰ ਹਨ, ਥਾਰ ਹੈ, ਸ਼ੇਰ ਹੈ ਅੱਜ ਉਹ ਜੱਟ ਹੁਣ ਕਿੱਥੇ ਹੈ। ਹੁਣ ਉਹ ਧਰਨਿਆਂ ‘ਤੇ ਕਿਸਾਨਾਂ ਨਾਲ ਕਿਉਂ ਨਹੀਂ ਬੈਠ ਰਹੇ। ਸੈਮੀ ਧਾਲੀਵਾਲ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਬਣਾਏ ਇਸ ਕਾਨੂੰਨ ਨਾਲ ਸਿਰਫ਼ ਪੰਜਾਬ ਨਹੀਂ ਬਲਕਿ ਪੂਰੇ ਦੇਸ਼ ਦੇ ਕਿਸਾਨਾਂ ‘ਤੇ ਪ੍ਰਭਾਵ ਹੋਵੇਗਾ, ਇਸ ਦੇ ਲਈ ਹੁਣ ਸਾਰਿਆਂ ਨੂੰ ਇਕਜੁੱਟ ਹੋਣਾ ਚਾਹੀਦਾ ਹੈ।