ਪੁਲਿਸ ਯਾਦਗਾਰੀ ਦਿਵਸ: ਅਮਿਤ ਸ਼ਾਹ ਨੇ ਸ਼ਹੀਦ ਪੁਲਿਸ ਕਰਮਚਾਰੀਆਂ ਨੂੰ ਦਿੱਤੀ ਸ਼ਰਧਾਂਜਲੀ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਕੋਰੋਨਾ ਜੰਗ ਦੌਰਾਨ 343 ਪੁਲਿਸ ਕਰਮੀਆਂ ਦੀ ਹੋਈ ਮੌਤ- ਅਮਿਤ ਸ਼ਾਹ

Amit Shah

ਨਵੀਂ ਦਿੱਲੀ: ਦੇਸ਼ ਭਰ ਵਿਚ ਅੱਜ ਪੁਲਿਸ ਯਾਦਵਾਗੀ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ਦਿੱਲੀ ਸਥਿਤ ਪੁਲਿਸ ਯਾਦਗਾਰੀ ਵਿਖੇ ਪਰੇਡ ਦਾ ਅਯੋਜਨ ਕੀਤਾ ਗਿਆ। ਇੱਥੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਦੇਸ਼ਵਾਸੀਆਂ ਨੂੰ ਸੰਬੋਧਨ ਕੀਤਾ।

ਅਪਣੇ ਸੰਬੋਧਨ ਦੌਰਾਨ ਉਹਨਾਂ ਕਿਹਾ ਕਿ ਪੁਲਿਸ ਕਰਮਚਾਰੀਆਂ ਨੇ ਦੇਸ਼ ਦੀ ਸੁਰੱਖਿਆ ਲਈ ਬਲਿਦਾਨ ਦਿੱਤਾ ਹੈ, ਉਹਨਾਂ ਦੇ ਬਲਿਦਾਨ ਕਾਰਨ ਅੱਜ ਦੇਸ਼ ਵਿਕਾਸ ਵੱਲ਼ ਵਧ ਰਿਹਾ ਹੈ। ਅਮਿਤ ਸ਼ਾਹ ਨੇ ਕਿਹਾ ਕਿ ਜਦੋਂ ਪੂਰਾ ਦੇਸ਼ ਤਿਉਹਾਰ ਮਨਾਉਂਦਾ ਹੈ ਤਾਂ ਪੁਲਿਸ ਵਾਲੇ ਡਿਊਟੀ ਕਰਦੇ ਹਨ।

ਉਹਨਾਂ ਕਿਹਾ ਕਿ ਇਸ ਸਾਲ 260 ਪੁਲਿਸ ਕਰਮਚਾਰੀਆਂ ਨੇ ਸ਼ਹਾਦਤ ਦਿੱਤੀ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਕੋਰੋਨਾ ਵਾਇਰਸ ਲੌਕਡਾਊਨ ਦੌਰਾਨ ਪੁਲਿਸ ਦੀ ਭੂਮਿਕਾ ਅਹਿਮ ਰਹੀ। ਕੋਰੋਨਾ ਜੰਗ ਦੌਰਾਨ 343 ਪੁਲਿਸ ਕਰਮਚਾਰੀਆਂ ਦੀ ਮੌਤ ਹੋਈ।

ਕੇਂਦਰੀ ਗ੍ਰਹਿ ਮੰਤਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੁਲਿਸ ਲਈ ਚੁਣੌਤੀਆਂ ਲਗਾਤਾਰ ਵਧ ਰਹੀਆਂ ਹਨ। ਅੱਤਵਾਦ, ਨਕਲੀ ਕਰੰਸੀ, ਡਰੱਗਸ, ਔਰਤਾਂ ਖਿਲਾਫ਼ ਅਪਰਾਧ ਸਮੇਤ ਕਈ ਚੁਣੌਤੀਆਂ ਸਮਾਜ ਵਿਚ ਆ ਰਹੀਆਂ ਹਨ, ਜਿਨ੍ਹਾਂ ਦਾ ਸਾਹਮਣਾ ਕਰਨਾ ਹੋਵੇਗਾ। ਉਹਨਾਂ ਕਿਹਾ ਕਿ ਹੁਣ 12ਵੀਂ ਕਲਾਸ ਤੋਂ ਬਾਅਦ ਹੀ ਬੱਚਿਆਂ ਨੂੰ ਸੁਰੱਖਿਆ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ।

ਇਸ ਮੌਕੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਟਵੀਟ ਜ਼ਰੀਏ ਪੁਲਿਸ ਜਵਾਨਾਂ ਨੂੰ ਸਲਾਮ ਕੀਤਾ। ਉਹਨਾਂ ਨੇ ਲਿਖਿਆ 'ਅੱਜ ਪੁਲਿਸ ਕਰਮੀ ਅਤੇ ਉਹਨਾਂ ਦੇ ਪਰਿਵਾਰ ਨੂੰ ਸਲਾਮ ਕਰਨ ਦਾ ਦਿਨ ਹੈ। ਅਸੀਂ ਹਰ ਸ਼ਹੀਦ ਨੂੰ ਨਮਨ ਕਰਦੇ ਹਾਂ। ਪੁਲਿਸ ਕਰਮੀ ਹਮੇਸ਼ਾ ਕਾਨੂੰਨ ਵਿਵਸਥਾ ਲਾਗੂ ਕਰਨ ਅਤੇ ਦੇਸ਼ਵਾਸੀਆਂ ਦੀ ਸੇਵਾ ਕਰਨ ਵਿਚ ਜੁਟੇ ਰਹਿੰਦੇ ਹਨ, ਉਹਨਾਂ ਨੇ ਕੋਰੋਨਾ ਸੰਕਟ ਦੌਰਾਨ ਵੀ ਅਜਿਹਾ ਕੀਤਾ'।