ਜਾਨ ਤਲੀ 'ਤੇ ਧਰ ਕੇ ਮਿਲਖਾ ਸਿੰਘ ਦੀ ਧੀ ਅਮਰੀਕਾ ਵਿਚ ਬਚਾ ਰਹੀ ਲੋਕਾਂ ਦੀ ਜਾਨ
ਐਮਰਜੈਂਸੀ ਵਾਰਡ ਵਿਚ ਕਰ ਰਹੀ ਹੈ ਡਿਊਟੀ
ਨਵੀਂ ਦਿੱਲੀ: ਪੂਰੀ ਦੁਨੀਆ ਵਿਚ ਡਾਕਟਰ ਕੋਰੋਨਾ ਮਰੀਜਾਂ ਦੀ ਸੇਵਾ ਵਿਚ ਜੁਟੇ ਹੋਏ ਹਨ। ਅਜਿਹੇ ਵਿਚ ਭਾਰਤ ਦੇ ਸਾਬਕਾ ਓਲੰਪੀਅਨ ਮਿਲਖਾ ਸਿੰਘ ਦੀ ਧੀ ਵੀ ਅਮਰੀਕਾ ਵਿਚ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਮੁਕਤ ਕਰਨ ਲਈ ਸੇਵਾਵਾਂ ਨਿਭਾਅ ਰਹੀ ਹੈ। ਇਸ ਦੀ ਜਾਣਕਾਰੀ ਖੁਦ ਮਿਲਖਾ ਸਿੰਘ ਨੇ ਦਿੱਤੀ ਹੈ।
ਮਿਲਖਾ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਧੀ ਮੋਨਾ ਮਿਲਖਾ ਸਿੰਘ ਨਿਊਯਾਰਕ ਵਿਚ ਡਾਕਟਰ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਅਪਣੀ ਧੀ ‘ਤੇ ਮਾਣ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹ ਰੋਜ਼ਾਨਾ ਅਪਣੀ ਧੀ ਨਾਲ ਗੱਲ ਕਰਦੇ ਹਨ ਅਤੇ ਉਹਨਾਂ ਨੂੰ ਅਪਣੀ ਦੀ ਧੀ ਵੀ ਚਿੰਤਾ ਰਹਿੰਦੀ ਹੈ। ਮੋਨਾ ਮਿਲਖਾ ਸਿੰਘ ਨਿਊਯਾਰਕ ਦੇ ਮੈਟ੍ਰੋਪਾਲੀਟਨ ਹਸਪਤਾਲ ਸੈਂਟਰ ਵਿਚ ਡਾਕਟਰ ਹੈ।
ਉਹ ਕੋਰੋਨਾ ਵਾਇਰਸ ਦੇ ਮਰੀਜਾਂ ਦਾ ਇਲਾਜ ਕਰ ਰਹੀ ਹੈ। ਦੱਸ ਦਈਏ ਕਿ ਹੁਣ ਤੱਕ ਅਮਰੀਕਾ ਵਿਚ ਕੋਰੋਨਾ ਵਾਇਰਸ ਨਾਲ ਦੁਨੀਆ ਵਿਚ ਸਭ ਤੋਂ ਜ਼ਿਆਦਾ (40 ਹਜ਼ਾਰ ਤੋਂ ਜ਼ਿਆਦਾ) ਲੋਕਾਂ ਦੀ ਮੌਤ ਹੋ ਚੁੱਕੀ ਹੈ। 54 ਸਾਲਾ ਮੋਨਾ ਮਿਲਖਾ ਸਿੰਘ ਨੇ ਪਟਿਆਲਾ ਤੋਂ ਐਮਬੀਬੀਐਸ ਕੀਤੀ ਸੀ ਅਤੇ 90 ਦੇ ਦਹਾਕੇ ਵਿਚ ਉਹ ਅਮਰੀਕਾ ਚਲੀ ਗਈ ਸੀ।
ਉਹਨਾਂ ਦੇ ਭਰਾ ਮਸ਼ਹੂਰ ਗੋਲਫਰ ਜੀਵ ਮਿਲਖਾ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਅਪਣੀ ਭੈਣ ‘ਤੇ ਮਾਣ ਹੈ ਕਿ ਉਹ ਇਸ ਮੁਸ਼ਕਿਲ ਸਮੇਂ ਵਿਚ ਮਰੀਜ਼ਾਂ ਦੀ ਸੇਵਾ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦਾ ਪ੍ਰਕੋਪ ਜਾਰੀ ਹੈ। ਹੁਣ ਤੱਕ ਦੁਨੀਆ ਵਿਚ 25 ਲੱਖ ਤੋਂ ਜ਼ਿਆਦਾ ਲੋਕ ਇਸ ਵਾਇਰਸ ਨਾਲ ਪੀੜਤ ਹੋ ਚੁੱਕੇ ਹਨ ਜਦਕਿ 1 ਲੱਖ 78 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਸ ਦੌਰਾਨ ਕੋਰੋਨਾ ਪੀੜਤਾਂ ਦੀ ਸੇਵਾ ਕਰਕੇ ਪੰਜਾਬ ਦੀ ਧੀ ਮੋਨਾ ਮਿਲਖਾ ਸਿੰਘ ਅਪਣੇ ਪਰਿਵਾਰ ਅਤੇ ਪੰਜਾਬ ਦਾ ਨਾਂਅ ਰੌਸ਼ਨ ਕਰ ਰਹੀ ਹੈ। ਹੁਣ ਤੱਕ ਭਾਰਤ ਵਿਚ 19,984 ਲੋਕਾ ਕਰੋਨਾ ਵਾਇਰਸ ਦੇ ਪ੍ਰਭਾਵ ਹੇਠ ਆ ਚੁੱਕੇ ਹਨ ਅਤੇ 640 ਲੋਕਾਂ ਦੀ ਇਸ ਖਤਰਨਾਕ ਮਹਾਂਮਾਰੀ ਦੇ ਕਾਰਨ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ 3,870 ਲੋਕ ਅਜਿਹੇ ਵੀ ਹਨ ਜੋ ਇਸ ਵਾਇਰਸ ਨੂੰ ਮਾਤ ਦੇਣ ਤੋਂ ਬਾਅਦ ਠੀਕ ਹੋ ਚੁੱਕੇ ਹਨ।