ਅਮਰੀਕਾ ’ਚ ਗੁਰਦੁਆਰਾ ਸਾਹਿਬ ਨੂੰ ਸਾੜਨ ਦੀ ਸਾਜ਼ਸ਼ ਰਚਣ ਦੇ ਦੋਸ਼ਾਂ ਤਹਿਤ ਭਾਰਤੀ ਮੂਲ ਦਾ ਸਿੱਖ ਆਗੂ ਅਦਾਲਤ ’ਚ ਪੇਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

4 ਮਾਰਚ ਨੂੰ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਖ਼ਾਲਸਾ ਦਰਬਾਰ ਨੂੰ ਨਿਸ਼ਾਨਾ ਬਣਾਉਣ ਅਤੇ ਸਾੜਨ ਦੀ ਸਾਜ਼ਿਸ਼ ਰਚਣ ਦੇ ਦੋਸ਼ ਹੇਠ ਕੀਤਾ ਗਿਆ ਸੀ ਗ੍ਰਿਫ਼ਤਾਰ

Rajvir Singh Gill

 

ਨਿਊਯਾਰਕ: ਅਮਰੀਕਾ ਦੇ ਕੈਲੀਫ਼ੋਰਨੀਆ ਵਿਚ ਇਕ ਪ੍ਰਮੁੱਖ ਗੁਰਦੁਆਰਾ ਸਾਹਿਬ ਨੂੰ ਸਾੜਨ ਦੀ ਸਾਜ਼ਸ਼ ਰਚਣ ਦੇ ਦੋਸ਼ ਵਿਚ ਇਸ ਸਾਲ ਦੇ ਸ਼ੁਰੂ ਵਿਚ ਗ੍ਰਿਫ਼ਤਾਰ ਕੀਤਾ ਗਿਆ ਭਾਰਤੀ ਮੂਲ ਦਾ ਸਿੱਖ ਆਗੂ ਮੁਢਲੀ ਸੁਣਵਾਈ ਲਈ ਤਰੀਕਾਂ ਤੈਅ ਕਰਨ ਲਈ ਅਦਾਲਤ ਵਿਚ ਪੇਸ਼ ਹੋਇਆ। ਏ.ਬੀ.ਸੀ ਨਿਊਜ਼ ਨੇ ਦਸਿਆ ਕਿ ਬੇਕਰਸਫ਼ੀਲਡ ਸਿਟੀ ਕੌਂਸਲ ਦੇ ਸਾਬਕਾ ਉਮੀਦਵਾਰ ਰਾਜਵੀਰ ਸਿੰਘ ਗਿੱਲ 17 ਅਗੱਸਤ ਨੂੰ ਅਪਣੀ ਨਿਰਧਾਰਤ ਮੁਢਲੀ ਸੁਣਵਾਈ ਲਈ ਪੇਸ਼ ਹੋਇਆ। ਉਸ ਨੂੰ 4 ਮਾਰਚ ਨੂੰ ਬੇਕਰਸਫ਼ੀਲਡ ਦੇ ਸੱਭ ਤੋਂ ਵੱਡੇ ਸਿੱਖ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਖ਼ਾਲਸਾ ਦਰਬਾਰ ਨੂੰ ਨਿਸ਼ਾਨਾ ਬਣਾਉਣ ਅਤੇ ਸਾੜਨ ਦੀ ਸਾਜ਼ਿਸ਼ ਰਚਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ।

 

  ਗਿੱਲ ’ਤੇ ਸਥਾਨਕ ਗੁਰਦੁਆਰਾ ਸਾਹਿਬ ਨੂੰ ਸਾੜਨ ਦੀ ਸਾਜ਼ਸ਼ ਰਚਣ ਅਤੇ ਸ਼ਰਾਰਤੀ ਅਨਸਰਾਂ ਨੂੰ ਦੂਜਿਆਂ ’ਤੇ ਗੋਲੀ ਚਲਾਉਣ ਲਈ ਸੁਪਾਰੀ ਮੁਹਈਆ ਕਰਵਾਉਣ ਦਾ ਦੋਸ਼ ਹੈ। ਰਿਪੋਰਟ ਵਿਚ ਕਿਹਾ ਗਿਆ ਕਿ ਗਿੱਲ ਦੇ 31 ਅਗੱਸਤ ਨੂੰ ਕੇਰਨ ਕਾਉਂਟੀ ਦੀ ਅਦਾਲਤ ਵਿਚ ਦੁਬਾਰਾ ਪੇਸ਼ ਹੋਣ ਦੀ ਉਮੀਦ ਹੈ। ਉਹ 5 ਅਤੇ 6 ਅਕਤੂਬਰ ਨੂੰ ਮੁਢਲੀ ਸੁਣਵਾਈ ਲਈ ਅਦਾਲਤ ਵਿਚ ਵੀ ਪੇਸ਼ ਹੋਵੇਗਾ। ਗਿੱਲ ਨੇ 2022 ਦੀ ਸਿਟੀ ਕੌਂਸਲ ਵਾਰਡ ਸੱਤ ਦੀ ਚੋਣ ਇਕ ਹੋਰ ਭਾਰਤੀ ਮੂਲ ਦੀ ਉਮੀਦਵਾਰ ਮਨਪ੍ਰੀਤ ਕੌਰ ਵਿਰੁਧ ਲੜੀ ਸੀ, ਜਿਸ ਵਿਚ ਉਹ ਹਾਰ ਗਿਆ ਸੀ। ਮਨਪ੍ਰੀਤ ਕੌਰ ਬੇਕਰਸਫ਼ੀਲਡ ਸਿਟੀ ਕੌਂਸਲ ਲਈ ਚੁਣੀ ਗਈ ਪਹਿਲੀ ਸਿੱਖ ਔਰਤ ਸੀ।

 

ਚੋਣ ਜਿੱਤਣ ਤੋਂ ਬਾਅਦ ਮਨਪ੍ਰੀਤ ਕੌਰ ਨੇ ਕਿਹਾ ਸੀ ਕਿ ਉਹ ਕਥਿਤ ਦੋਸ਼ਾਂ ਤੋਂ ਜਾਣੂ ਹੈ। ਉਸ ਨੂੰ ਭਰੋਸਾ ਹੈ ਕਿ ਬੇਕਰਸਫ਼ੀਲਡ ਪੁਲਿਸ ਸਾਡੇ ਭਾਈਚਾਰੇ ਨੂੰ ਸੁਰੱਖਿਅਤ ਰੱਖਣ ਲਈ ਕੰਮ ਕਰ ਰਹੀ ਹੈ ਅਤੇ ਇਸ ਮਾਮਲੇ ਨੂੰ ਹੱਲ ਕਰੇਗੀ। ਇਸ ਧਾਰਮਕ ਸਥਾਨ ਨੂੰ ਨਸ਼ਟ ਕਰਨ ਦੀ ਕਥਿਤ ਕੋਸ਼ਿਸ਼ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ। ਗੁਰਦੁਆਰਾ ਬੋਰਡ ਦੇ ਮੈਂਬਰ ਅਮਰੀਕ ਸਿੰਘ ਅਟਵਾਲ ਨੇ ਕਿਹਾ ਕਿ ਗਿੱਲ ਨੇ ਲੋਕਾਂ ਨੂੰ ਕਿਰਾਏ ’ਤੇ ਲਿਆ। ਜਿਨ੍ਹਾਂ ਲੋਕਾਂ ਨੂੰ ਉਸ ਨੇ ਕਿਰਾਏ ’ਤੇ ਰਖਿਆ ਸੀ, ਉਨ੍ਹਾਂ ਨੇ ਆ ਕੇ ਸਾਨੂੰ ਦਸਿਆ ਅਤੇ ਅਸੀਂ ਪੁਲਿਸ ਨੂੰ ਸੂਚਨਾ ਦਿਤੀ। ਪੁਲਿਸ ਨੇ ਸਾਨੂੰ ਬੁਲਾ ਕੇ ਪੁਛਗਿਛ ਕੀਤੀ। ਅਸੀਂ ਉਨ੍ਹਾਂ ਨੂੰ ਦਸਿਆ ਕਿ ਕੀ ਹੋ ਰਿਹਾ ਸੀ।”