ਕੈਨੇਡਾ ਸੜਕ ਹਾਦਸੇ 'ਚ ਪੰਜਾਬੀ ਨੌਜਵਾਨ ਦੀ ਮੌਤ, ਦੋ ਸਾਲ ਪਹਿਲਾਂ ਹੋਇਆ ਸੀ ਵਿਆਹ
ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਦੀਪਇੰਦਰ ਵਿਨੀਪੈਗ ਵਿਚ ਇਕ ਗੱਡੀ 'ਚ ਸਫ਼ਰ ਕਰ ਰਿਹਾ ਸੀ
ਵਿਨੀਪੈਗ: ਕੈਨੇਡਾ ਦੇ ਸ਼ਹਿਰ ਵਿਨੀਪੈਗ ਵਿਚ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਪੰਜਾਬੀ ਨੌਜਵਾਨ ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਮਿਲੀ ਹੈ। ਨੌਜਵਾਨ ਦੀ ਪਛਾਣ ਜ਼ਿਲ੍ਹਾ ਸੰਗਰੂਰ ਦੇ ਪਿੰਡ ਹਰੀਗੜ੍ਹ ਨਾਲ ਸਬੰਧਤ ਦੀਪਇੰਦਰ ਸਿੰਘ ਉਰਫ ਰੂਬੀ (27) ਪੁੱਤਰ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ।
ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਦੀਪਇੰਦਰ ਵਿਨੀਪੈਗ ਵਿਚ ਇਕ ਗੱਡੀ 'ਚ ਸਫ਼ਰ ਕਰ ਰਿਹਾ ਸੀ ਅਤੇ ਇਸ ਦੌਰਾਨ ਸੜਕ 'ਤੇ ਬਰਫ਼ ਅਤੇ ਧੁੰਦ ਕਾਰਨ ਗੱਡੀ ਸੰਤੁਲਨ ਗੁਆ ਕੇ ਡਿਵਾਈਡਰ ਨਾਲ ਟਕਰਾ ਗਈ। ਇਸ ਦੌਰਾਨ ਪਿੱਛੋਂ ਆ ਰਹੇ ਟਰੱਕ ਨੇ ਗੱਡੀ ਨੂੰ ਟੱਕਰ ਮਾਰੀ, ਜਿਸ ਨਾਲ ਦੀਪਇੰਦਰ ਸਿੰਘ ਦੇ ਸੱਟਾਂ ਲੱਗੀਆਂ ਅਤੇ ਉਸ ਨੂੰ ਗੰਭੀਰ ਹਾਲਾਤ ਵਿਚ ਹਸਪਤਾਲ ਪਹੁੰਚਿਆ ਗਿਆ, ਜਿੱਥੇ ਉਸ ਨੇ ਦਮ ਤੋੜ ਦਿੱਤਾ।
ਦੱਸ ਦੇਈਏ ਕਿ ਦੀਪਇੰਦਰ ਸਿੰਘ ਦਾ ਕਰੀਬ ਦੋ ਸਾਲ ਪਹਿਲਾਂ ਕੈਨੇਡਾ ਪੀਆਰ ਲੜਕੀ ਨਾਲ ਵਿਆਹ ਹੋਇਆ ਸੀ ਅਤੇ ਉਸ ਨੂੰ ਵੀ ਕੁਝ ਮਹੀਨੇ ਪਹਿਲਾਂ ਹੀ ਕੈਨੇਡਾ ਦੀ ਪੀਆਰ ਮਿਲੀ ਸੀ।