ਕੈਨੇਡਾ : ਹਿੰਸਕ ਹਮਲੇ ’ਚ ਜਾਨ ਗੁਆਉਣ ਵਾਲੇ ਪੰਜਾਬੀ ਵਿਦਿਆਰਥੀ ਨੂੰ ਸੈਂਕੜਿਆਂ ਨੇ ਸ਼ਰਧਾਂਜਲੀ ਦਿਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਗੁਰਵਿੰਦਰ ਨਾਥ ਦੀ ਦੇਹ ਨੂੰ 27 ਜੁਲਾਈ ਨੂੰ ਭਾਰਤ ਲਿਆਂਦਾ ਜਾਵੇਗਾ

photo

 

ਟੋਰਾਂਟੋ: ਕੈਨੇਡਾ ’ਚ ਇਕ ਫੂਡ ਡਿਲੀਵਰੀ ਕੰਪਨੀ ਦੇ ਮੁਲਾਜ਼ਮ, 24 ਵਰ੍ਹਿਆਂ ਦੇ ਪੰਜਾਬੀ ਮੂਲ ਦੇ ਵਿਦਿਆਰਥੀ ਗੁਰਵਿੰਦਰ ਨਾਥ, ਦੀ ਹਿੰਸਕ ਹਮਲੇ ਤੋਂ ਕੁਝ ਦਿਨ ਬਾਅਦ ਹੋਈ ਮੌਤ ਮਗਰੋਂ ਮਿਸੀਸਾਗੂਆ ਵਿਖੇ ਸੈਂਕੜੇ ਲੋਕਾਂ ਨੇ ਮੋਮਬੱਤੀਆਂ ਬਾਲ ਕੇ ਉਸ ਨੂੰ ਸ਼ਰਧਾਂਜਲੀ ਦਿਤੀ। ਗੁਰਵਿੰਦਰ ਨਾਥ ਪੰਜਾਬ ਦੇ ਨਵਾਂਸ਼ਹਿਰ ਜ਼ਿਲ੍ਹੇ ਦੇ ਬਲਾਚੌਰ ’ਚ ਪੈਂਦੇ ਪਿੰਡ ਕਰੀਮਪੁਰ ਚਾਹਵਾਲਾ ਦਾ ਰਹਿਣ ਵਾਲਾ ਸੀ।

ਇਹ ਵੀ ਪੜ੍ਹੋ: ਫਿਲੌਰ 'ਚ ਦਿਨ-ਦਿਹਾੜੇ ਵੱਡੀ ਵਾਰਦਾਤ, ਮੈਨੇਜਰ ਤੋਂ ਲੁੱਟੀ 23 ਲੱਖ ਦੀ ਨਕਦੀ 

ਸ਼ਰਧਾਂਜਲੀ ਦੇਣ ਦੌਰਾਨ ਗੁਰਵਿੰਦਰ ਨਾਥ ਦੇ ਇਕ ਰਿਸ਼ਤੇਦਾਰ ਦੇ ਦੋਸਤ ਬੌਬੀ ਸਿੱਧੂ ਨੇ ਕਿਹਾ, ‘‘ਤੂੰ ਕੈਨੇਡਾ ਇਕ ਸੁਪਨਾ ਲੈ ਕੇ ਆਇਆ ਸੀ। ਤੂੰ ਅਪਣੇ ਜੀਵਨ ਦੀ ਸ਼ੁਰੂਆਤ ਕੀਤੀ। ਪਰ ਇਨ੍ਹਾਂ ਲੋਕਾਂ ਨੇ ਤੇਰਾ ਸੁਪਨਾ ਚੋਰੀ ਕਰ ਲਿਆ।’’ ਬੌਬੀ ਸਿੱਧੂ ਨੇ ਬਾਅਦ ’ਚ ਕਿਹਾ, ‘‘ਕੈਨੇਡਾ ਨੂੰ ਸ਼ਾਂਤੀ ਲਈ ਪਛਾਣਿਆ ਜਾਂਦਾ ਸੀ। ਅਤੇ ਮੈਨੂੰ ਉਮੀਦ ਹੈ ਕਿ ਸਾਡੇ ਦੇਸ਼ ’ਚ ਅਜਿਹੇ ਮੂਰਖਾਨਾ ਅਤੇ ਬੇਦਰਦ ਜੁਰਮਾਂ ਦਾ ਅੰਤ ਹੋ ਜਾਵੇਗਾ। ਗੁਰਵਿੰਦਰ ਦੀ ਥਾਂ ਕੋਈ ਵੀ ਹੋ ਸਕਦਾ ਸੀ। ਮੈਨੂੰ ਲਗਦਾ ਹੈ ਕਿ ਇਸੇ ਕਾਰਨ ਵੱਡੀ ਗਿਣਤੀ ’ਚ ਲੋਕ ਉਸ ਨੂੰ ਸ਼ਰਧਾਂਜਲ ਦੇਣ ਪੁੱਜੇ ਹਨ।’’

ਇਹ ਵੀ ਪੜ੍ਹੋ: ਸ੍ਰੀ ਮੁਕਤਸਰ ਸਾਹਿਬ 'ਚ ਦੋ ਵੱਖ-ਵੱਖ ਵਾਪਰੇ ਹਾਦਸਿਆਂ 'ਚ 5 ਲੋਕਾਂ ਦੀ ਮੌਤ

ਸੀ.ਟੀ.ਵੀ. ਨਿਊਜ਼ ਚੈਨਲ ਦੀ ਰੀਪੋਰਟ ਮੁਤਾਬਕ ਗੁਰਵਿੰਦਰ ਨਾਥ 9 ਜੁਲਾਈ ਨੂੰ ਸਵੇਰੇ 2.10 ਵਜੇ ਮਿਸੀਸਾਗਾ ਦੇ ਬ੍ਰਿਟੈਨਿਆ ਅਤੇ ਕ੍ਰੈਡਿਟਵਿਊ ਰੋਡ ’ਤੇ ਪੀਜ਼ਾ ਡਿਲੀਵਰ ਕਰ ਰਿਹਾ ਸੀ ਕਿ ਕੁਝ ਅਣਪਛਾਤੇ ਸ਼ੱਕੀਆਂ ਨੇ ਉਸ ਨਾਲ ਝਗੜਾ ਕੀਤਾ ਅਤੇ ਉਸ ਦੀ ਗੱਡੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ।
ਪੀਲ ਰੀਜਨਲ ਪੁਲਿਸ ਦੇ ਹੋਮੀਸਾਈਡ ਬਿਊਰੋ ਦੇ ਇੰਸਪੈਕਟਰ ਫਿਲ ਕਿੰਗ ਨੇ ਕਿਹਾ, ‘‘ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਇਸ ’ਚ ਕਈ ਸ਼ੱਕੀ ਸ਼ਾਮਲ ਹਨ ਅਤੇ ਪੀੜਤ ਨੂੰ ਇਥੇ ਸੱਦਣ ਲਈ ਖਾਣਾ ਮੰਗਵਾਇਆ ਸੀ।’’ ਉਨ੍ਹਾਂ ਕਿਹਾ ਕਿ ਜਾਂਚਕਰਤਾਵਾਂ ਨੇ ਹਮਲੇ ਤੋਂ ਪਹਿਲਾਂ ਮੰਗਵਾਏ ਪੀਜ਼ਾ ਆਰਡਰ ਦੀ ਆਡੀਉ ਰੀਕਾਰਡਿੰਗ ਹਾਸਲ ਕਰ ਲਈ ਹੈ।

ਪੁਲਸ ਨੇ ਦਸਿਆ ਕਿ ਨਾਥ ਦੇ ਆਉਣ ਮਗਰੋਂ ਹਮਲਾਵਰਾਂ ਨੇ ਉਸ ’ਤੇ ਹਮਲਾ ਕਰ ਦਿਤਾ ਅਤੇ ਉਸ ਨੂੰ ਗੰਭੀਰ ਰੂਪ ’ਚ ਜ਼ਖਮੀ ਕਰ ਕੇ ਗੱਡੀ ਲੈ ਕੇ ਫਰਾਰ ਹੋ ਗਏ। ਮੌਕੇ ’ਤੇ ਕਈ ਲੋਕ ਮਦਦ ਲਈ ਅੱਗੇ ਆਏ ਅਤੇ ਮਦਦ ਦੀ ਗੁਹਾਰ ਲਗਾਈ। ਨਾਥ ਨੂੰ ਟਰਾਮਾ ਸੈਂਟਰ ਲਿਜਾਇਆ ਗਿਆ ਜਿੱਥੇ 14 ਜੁਲਾਈ ਨੂੰ ਉਸ ਨੂੰ ਮ੍ਰਿਤਕ ਐਲਾਨ ਦਿਤਾ ਗਿਆ। ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ (ਸੀ.ਬੀ.ਸੀ.) ਦੀ ਰੀਪੋਰਟ ਅਨੁਸਾਰ ਟੋਰਾਂਟੋ ’ਚ ਭਾਰਤ ਦੇ ਕੌਂਸਲ ਜਨਰਲ ਸਿਧਾਰਥ ਨਾਥ ਨੇ ਗੁਰਵਿੰਦਰ ਦੀ ਮੌਤ ਨੂੰ ਇਕ ‘ਦਿਲ-ਦਹਿਲਾਉਣ ਵਾਲਾ ਘਾਟਾ’ ਦਸਿਆ ਅਤੇ ਉਨ੍ਹਾਂ ਨੇ ਉਸ ਦੇ ਪਰਵਾਰ, ਦੋਸਤਾਂ ਤੇ ਭਾਈਚਾਰੇ ਪ੍ਰਤੀ ਹਮਦਰਦੀ ਪ੍ਰਗਟ ਕੀਤੀ। ਕੌਂਸਲ ਜਨਰਲ ਨੇ ਗੁਰਵਿੰਦਰ ਦੇ ਪ੍ਰਵਾਰ ਨਾਲ ਵੀ ਸੰਪਰਕ ਕੀਤਾ। ਉਨ੍ਹਾਂ ਕਿਹਾ, ‘‘ਜਿਸ ਤਰ੍ਹਾਂ ਸਥਾਨਕ ਲੋਕਾਂ ਨੇ ਮਦਦ ਦਾ ਹੱਥ ਵਧਾਇਆ ਹੈ, ਉਸ ਨੂੰ ਵੇਖ ਕੇ ਮੈਂ ਖੁਸ਼ ਹਾਂ ਕਿ ਉਹ ਇਸ ਦੁੱਖ ਦੀ ਘੜੀ ’ਚ ਪਰਿਵਾਰ ਦੀ ਮਦਦ ਲਈ ਲੋਕ ਕਿਵੇਂ ਅੱਗੇ ਆਏ ਹਨ।’’

ਕੌਂਸਲ ਜਨਰਲ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ’ਚ ਲਿਆਂਦਾ ਜਾਵੇਗਾ। ਸੀ.ਬੀ.ਸੀ. ਨੇ ਦਸਿਆ ਕਿ ਨਾਥ ਦੀ ਦੇਹ ਨੂੰ ਟੋਰਾਂਟੋ ’ਚ ਭਾਰਤੀ ਕੌਂਸਲੇਟ ਜਨਰਲ ਦੀ ਮਦਦ ਨਾਲ 27 ਜੁਲਾਈ ਨੂੰ ਭਾਰਤ ਲਿਆਂਦਾ ਜਾਵੇਗਾ। ਪੁਲਿਸ ਨੇ ਕਿਹਾ ਕਿ ਨਾਥ ਅਤੇ ਹਮਲਾਵਰਾਂ ਵਿਚਕਾਰ ਕੋਈ ਜਾਣ-ਪਛਾਣ ਨਹੀਂ ਹੈ। ਕਿੰਗ ਨੇ ਕਿਹਾ ਕਿ ਭਾਵੇਂ ਜਾਂਚ ਮੁਢਲੇ ਪੜਾਅ ’ਤੇ ਹੈ ਪਰ ਪੁਲੀਸ ਦਾ ਮੰਨਣਾ ਹੈ ਕਿ ਨਾਥ ਬੇਕਸੂਰ ਸੀ। ਕਿੰਗ ਨੇ ਕਿਹਾ ਕਿ ਹਮਲੇ ਤੋਂ ਕੁਝ ਘੰਟਿਆਂ ਬਾਅਦ ਨਾਥ ਦੀ ਗੱਡੀ ਅਪਰਾਧ ਵਾਲੀ ਥਾਂ ਤੋਂ ਪੰਜ ਕਿਲੋਮੀਟਰ ਤੋਂ ਵੀ ਘੱਟ ਦੂਰੀ ’ਤੇ ਓਲਡ ਕ੍ਰੈਡਿਟਵਿਊ ਅਤੇ ਓਲਡ ਡੇਰੀ ਰੋਡ ਖੇਤਰ ’ਚ ਲਾਵਾਰਸ ਮਿਲੀ।

ਪਿਛਲੇ ਹਫ਼ਤੇ, ਸੀ.ਟੀ.ਵੀ. ਨਿਊਜ਼ ਟੋਰਾਂਟੋ ਨੇ ਨਾਥ ਦੇ ਪਰਵਾਰ ਅਤੇ ਦੋਸਤਾਂ ਨਾਲ ਵੀ ਗੱਲ ਕੀਤੀ, ਜਿਨ੍ਹਾਂ ਨੇ ਕਿਹਾ ਕਿ ਬਰੈਂਪਟਨ ਨਿਵਾਸੀ ਬਿਜ਼ਨਸ ਸਕੂਲ ਦੇ ਅਪਣੇ ਆਖ਼ਰੀ ਸਮੈਸਟਰ ਦੀ ਸ਼ੁਰੂਆਤ ਤੋਂ ਪਹਿਲਾਂ ਗਰਮੀਆਂ ਦੀਆਂ ਛੁੱਟੀਆਂ ’ਤੇ ਸੀ। ਨਾਥ ਦੇ ਜੀਜਾ ਬਲਰਾਮ ਕ੍ਰਿਸ਼ਨ ਨੇ ਕਿਹਾ, ‘‘ਉਹ ਬੇਕਸੂਰ ਸੀ ਅਤੇ ਸਿਰਫ਼ ਪੀਜ਼ਾ ਡਿਲੀਵਰ ਕਰ ਰਿਹਾ ਸੀ ਜਦੋਂ ਅਣਪਛਾਤੇ ਲੋਕਾਂ ਨੇ ਉਸ ’ਤੇ ਹਮਲਾ ਕੀਤਾ।’’ਭਾਰਤ ਤੋਂ ਨਾਥ ਜੁਲਾਈ 2021 ’ਚ ਕੈਨੇਡਾ ਗਿਆ ਸੀ ਅਤੇ ਉਸ ਦੀ ਅਪਣਾ ਕਾਰੋਬਾਰ ਸ਼ੁਰੂ ਕਰਨ ਦੀ ਯੋਜਨਾ ਸੀ।