ਇੰਗਲੈਂਡ ਅਤੇ ਵੇਲਜ਼ ਵਿਚ ਆਬਾਦੀ ਅਨੁਸਾਰ 77.7 ਸਿੱਖਾਂ ਕੋਲ ਹਨ ਆਪਣੇ ਘਰ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਖੁਦ ਦੇ ਘਰਾਂ ’ਚ ਰਹਿਣ ਵਾਲੇ ਧਾਰਮਿਕ ਸਮੂਹਾਂ ’ਚੋਂ ਸਿੱਖ ਭਾਈਚਾਰਾ ਮੋਹਰੀ

Image: For representation purpose only

 

ਲੰਡਨ: ਇੰਗਲੈਂਡ ਅਤੇ ਵੇਲਜ਼ ਵਿਚ ਖੁਦ ਦੇ ਘਰਾਂ ’ਚ ਰਹਿਣ ਵਾਲੇ ਧਾਰਮਿਕ ਸਮੂਹਾਂ ’ਚੋਂ ਸਿੱਖ ਭਾਈਚਾਰਾ ਮੋਹਰੀ ਹੈ। ਤਾਜ਼ਾ ਅੰਕੜਿਆਂ ਅਨੁਸਾਰ 5 ਕਰੋੜ 86 ਲੱਖ ਦੀ ਆਬਾਦੀ 'ਚੋਂ ਸਿਰਫ 62.8 ਫੀਸਦੀ ਭਾਵ 3 ਕਰੋੜ 68 ਲੱਖ ਲੋਕ ਆਪਣੇ ਘਰਾਂ 'ਚ ਰਹਿੰਦੇ ਹਨ। ਇਹਨਾਂ 'ਚੋਂ ਆਬਾਦੀ ਅਨੁਪਾਤ ਅਨੁਸਾਰ 77.7 ਫੀਸਦੀ ਸਿੱਖਾਂ ਕੋਲ ਆਪਣੇ ਘਰ ਹਨ, 28 ਫੀਸਦੀ ਸਿੱਖਾਂ ਕੋਲ ਖੁਦ ਦੇ ਘਰਾਂ ਦੀ ਮਾਲਕੀ ਹੈ (ਘਰਾਂ 'ਤੇ ਕਿਸੇ ਤਰ੍ਹਾਂ ਦਾ ਕਰਜ਼ਾ ਨਹੀਂ)। ਦਰਅਸਲ ਹਾਲ ਹੀ ਵਿਚ 2021 ਦੀ ਇੰਗਲੈਂਡ ਅਤੇ ਵੇਲਜ਼ ਦੀ ਜਨਗਣਨਾਂ ਦੇ ਧਰਮ ਅਧਾਰਿਤ ਘਰ, ਸਿਹਤ, ਸਿੱਖਿਆ ਅਤੇ ਰੁਜ਼ਗਾਰ ਸਬੰਧੀ ਅੰਕੜੇ ਪ੍ਰਕਾਸ਼ਿਤ ਹੋਏ ਹਨ।

ਇਹ ਵੀ ਪੜ੍ਹੋ: ਪੰਜਾਬ ਵਿਚ 1 ਅਪ੍ਰੈਲ ਤੋਂ ਮਹਿੰਗਾ ਹੋਵੇਗਾ ਟੋਲ ਟੈਕਸ, 5 ਤੋਂ 10 ਰੁਪਏ ਤੱਕ ਦਾ ਹੋਵੇਗਾ ਵਾਧਾ

ਇਹਨਾਂ ਅੰਕੜਿਆਂ ਅਨੁਸਾਰ ਖੁਦ ਦੇ ਘਰਾਂ 'ਚ ਰਹਿਣ ਵਾਲੇ ਭਾਈਚਾਰਿਆਂ 'ਚੋਂ ਯਹੂਦੀ ਦੂਜੇ, ਇਸਾਈ ਤੀਜੇ, ਹਿੰਦੂ ਚੌਥੇ, ਜਿਨ੍ਹਾਂ ਦਾ ਕੋਈ ਧਰਮ ਨਹੀਂ ਪੰਜਵੇਂ, ਬੋਧੀ ਛੇਵੇਂ, ਹੋਰ ਧਰਮਾਂ ਵਾਲੇ ਸੱਤਵੇਂ ਅਤੇ ਮੁਸਲਮਾਨ ਅੱਠਵੇਂ ਸਥਾਨ 'ਤੇ ਹਨ। ਸਰਕਾਰ ਵਲੋਂ ਦਿੱਤੇ ਜਾਂਦੇ ਸੋਸ਼ਲ ਘਰਾਂ 'ਚ ਸਿਰਫ 5 ਫੀਸਦੀ ਸਿੱਖ ਕਿਰਾਏਦਾਰ ਹਨ ਅਤੇ 18 ਫੀਸਦੀ ਸਿੱਖ ਨਿੱਜੀ ਕਿਰਾਏ ਦੇ ਘਰਾਂ 'ਚ ਹਨ। ਹਿੰਦੂ ਭਾਈਚਾਰੇ ਦੀ ਆਬਾਦੀ ਅਨੁਸਾਰ ਲਗਪਗ 20 ਫੀਸਦੀ ਕੋਲ ਪੂਰੀ ਮਾਲਕੀ ਹੈ। ਸਿਹਤ ਸੰਬੰਧੀ ਜਾਰੀ ਅੰਕੜਿਆਂ 'ਚ ਹਿੰਦੂ ਭਾਈਚਾਰਾ ਚੰਗੀ ਸਿਹਤ 'ਚ ਸਭ ਤੋਂ ਅੱਗੇ ਹੈ, ਜਦਕਿ ਸਿੱਖ ਦੂਜੇ ਸਥਾਨ 'ਤੇ ਹਨ। ਹਿੰਦੂ ਅਤੇ ਸਿੱਖਾਂ 'ਚ ਅਪੰਗ ਲੋਕਾਂ ਦੀ ਗਿਣਤੀ ਕ੍ਰਮਵਾਰ ਸਭ ਤੋਂ ਘੱਟ ਹੈ।

ਇਹ ਵੀ ਪੜ੍ਹੋ: ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ: ਸਾਧੂ ਦੇ ਭੇਸ 'ਚ ਦਿੱਲੀ ਦੇ ISBT 'ਤੇ ਦਿਖਾਈ ਦਿੱਤਾ ਅੰਮ੍ਰਿਤਪਾਲ ਸਿੰਘ 

ਰੁਜ਼ਗਾਰ ਪੱਖੋਂ ਇਸਾਈ ਪਹਿਲੇ, ਜਿਨ੍ਹਾਂ ਦਾ ਕੋਈ ਧਰਮ ਨਹੀਂ ਦੂਜੇ, ਯਹੂਦੀ ਤੀਜੇ, ਹਿੰਦੂ ਚੌਥੇ ਅਤੇ ਸਿੱਖ ਪੰਜਵੇਂ ਸਥਾਨ 'ਤੇ ਹਨ। ਇਸੇ ਤਰ੍ਹਾਂ ਪੇਸ਼ੇਵਾਰ ਕਿੱਤਿਆਂ 'ਚ ਯਹੂਦੀ ਪਹਿਲੇ, ਹਿੰਦੂ ਦੂਜੇ, ਸਿੱਖ ਤੀਜੇ, ਇਸਾਈ ਚੌਥੇ ਸਥਾਨ 'ਤੇ ਹਨ। ਜਦਕਿ ਵੱਧ ਪੜ੍ਹ ਲਿਖੇ ਭਾਈਚਾਰਿਆਂ 'ਚ ਹਿੰਦੂ ਮੋਹਰੀ ਹਨ। ਅੰਕੜਿਆਂ ਅਨੁਸਾਰ 54.8 ਫੀਸਦੀ ਹਿੰਦੂ, 36. 8 ਫੀਸਦੀ ਸਿੱਖ, 32.3 ਫੀਸਦੀ ਮੁਸਲਿਮ ਦੀ ਯੋਗਤਾ ਪੱਧਰ 4 ਜਾਂ ਇਸ ਤੋਂ ਵੱਧ ਹੈ, ਜਦਕਿ 15.1 ਫੀਸਦੀ ਹਿੰਦੂ, 22.4 ਫੀਸਦੀ ਸਿੱਖ ਅਤੇ 25.3 ਫੀਸਦੀ ਮੁਸਲਮਾਨਾਂ ਕੋਲ ਕੋਈ ਵਿਦਿਅਕ ਯੋਗਤਾ ਨਹੀਂ ਹੈ।