ਵਿਦੇਸ਼ ਬੈਠੇ ਭਗੌੜੇ ਲਾੜਿਆਂ ਵਿਰੁਧ ਕਾਰਵਾਈ ਲਈ ਸਖ਼ਤ ਕਾਨੂੰਨ ਬਣੇਗਾ : ਗੁਲਾਟੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਮਨੀਸ਼ਾ ਗੁਲਾਟੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਬੀਤੇ ਦਿਨੀਂ ਕੀਤੀ ਸੀ ਮੁਲਾਕਾਤ

Indian government will make law against NRI husbands

ਚੰਡੀਗੜ੍ਹ : ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਅੱਜ ਇਥੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਛੇਤੀ ਹੀ ਇਕ ਅਜਿਹਾ ਕਾਨੂੰਨ ਲੈ ਕੇ ਆਉਣ ਵਾਲੀ ਹੈ, ਜਿਸ ਨਾਲ ਵਿਦੇਸ਼ੀ ਲਾੜਿਆਂ ਵਲੋਂ ਭਾਰਤੀ ਲੜਕੀਆਂ ਨਾਲ ਕੀਤੇ ਜਾਂਦੇ ਧੱਕੇ ਨੂੰ ਨੱਥ ਪਾਈ ਜਾ ਸਕੇਗੀ।

ਉਨ੍ਹਾਂ ਦਸਿਆ ਕਿ ਬੀਤੇ ਕੱਲ ਉਨ੍ਹਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਸੀ, ਜਿਸ ਦੌਰਾਨ ਵਿਦੇਸ਼ੀ ਲਾੜ੍ਹਿਆਂ ਵਲੋਂ ਲੜਕੀਆਂ ਨਾਲ ਕੀਤੀ ਜਾਂਦੀ ਧੋਖਾ-ਧੜ੍ਹੀ ਦੇ ਮਾਮਲੇ ਉੱਤੇ ਲੰਮੀ ਚੌੜੀ ਚਰਚਾ ਹੋਈ, ਜਿਸ ਦੌਰਾਨ ਪ੍ਰਧਾਨ ਮੰਤਰੀ ਨੇ ਦਸਿਆ ਕਿ ਇਸ ਤਰ੍ਹਾਂ ਦੇ ਮਾਮਲੇ ਨਾ ਕੇਵਲ ਪੰਜਾਬ ਵਿਚੋਂ ਸਗੋਂ ਦੇਸ਼ ਦੇ ਹੋਰ ਸੂਬਿਆਂ ਵਿਚੋਂ ਵੀ ਸਾਹਮਣੇ ਆ ਰਹੇ ਹਨ ਅਤੇ ਕੇਂਦਰ ਸਰਕਾਰ ਇਸ ਸਬੰਧੀ ਨੀਤੀ ਤਿਆਰ ਕਰ ਰਹੀ ਹੈ, ਜਿਸ ਨੂੰ ਕਿ ਛੇਤੀ ਹੀ ਲਾਗੂ ਕਰ ਦਿੱਤਾ ਜਾਵੇਗਾ।

ਉਨ੍ਹਾਂ ਦਸਿਆ ਕਿ ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇ ਇਸ ਨੀਤੀ ਨੂੰ ਲਾਗੂ ਕਰਨ ਲਈ ਕਾਨੂੰਨ ਵਿਚ ਕਿਸੇ ਕਿਸਮ ਦੀ ਫੇਰਬਦਲ ਕਰਨ ਦੀ ਵੀ ਲੋੜ੍ਹ ਪਈ ਤਾਂ ਉਹ ਵੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਇਹ ਵੀ ਭਰੋਸਾ ਦਵਾਇਆ ਕਿ ਵਿਦੇਸ਼ਾਂ ਵਿਚ ਭਗੋੜੇ ਹੋ ਕੇ ਲੁਕੇ ਹੋਏ ਲਾੜਿਆਂ ਨੂੰ ਦੇਸ਼ ਵਾਪਸ ਲੈ ਕੇ ਆਉਣ ਲਈ ਜੇ ਵਿਦੇਸ਼ੀ ਸਰਕਾਰਾਂ ਨਾਲ ਗੱਲ ਵੀ ਕਰਨ ਦੀ ਲੋੜ ਪਈ ਤਾਂ ਉਹ ਵੀ ਕੀਤੀ ਜਾਵੇਗੀ।

ਗੁਲਾਟੀ ਨੇ ਦੱਸਿਆ ਕਿ ਮੀਡੀਆ ਰਾਹੀਂ ਪਤਾ ਲੱਗਾ ਹੈ ਕਿ ਪੰਜਾਬ ਰਾਜ ਦੀਆਂ ਪੜ੍ਹੀਆਂ ਲਿਖੀਆਂ, ਡਾਕਟਰ, ਇੰਜੀਨੀਅਰ ਅਤੇ ਹੋਰ ਉੱਚ ਯੋਗਤਾ ਪ੍ਰਾਪਤ ਲੜਕੀਆਂ ਵਿਦੇਸ਼ੀ ਲਾੜਿਆਂ ਦੇ ਧੋਖਾਧੜੀ ਕਾਰਨ ਧੱਕੇ ਖਾਣ ਨੂੰ ਮਜਬੂਰ ਹਨ। ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਕਿਹਾ ਕਿ ਪੰਜਾਬ ਰਾਜ ਵਿਚ ਕੁਝ ਅਫਸਰ ਕਮਿਸ਼ਨ ਦੇ ਹੁਕਮਾਂ ਨੂੰ ਤਵੱਜੋ ਨਹੀਂ ਦਿੰਦੇ, ਪਰ ਭਵਿੱਖ ਵਿਚ ਅਜਿਹਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਕਾਨੂੰਨ ਅਨੁਸਾਰ ਕਮਿਸ਼ਨ ਦੇ ਹੁਕਮਾਂ ਦੀ ਅਦੂਲੀ ਕਰਨ ਵਾਲਿਆਂ ਵਿਰੁਧ ਕਾਨੂੰਨ ਅਨੁਸਾਰ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।