ਗਣਤੰਤਰ ਦਿਵਸ ਮੌਕੇ ਨੈਸ਼ਨਲ ਵਾਰ ਮੈਮੋਰੀਅਲ ਪਹੁੰਚੇ ਪੀਐਮ ਮੋਦੀ, ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
72ਵਾਂ ਗਣਤੰਤਰ ਦਿਵਸ ਅੱਜ
ਨਵੀਂ ਦਿੱਲੀ: ਦੇਸ਼ ਵਿਚ ਅੱਜ 72ਵਾਂ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ਦੇਸ਼ ਦੀਆਂ ਦਿੱਗਜ਼ ਹਸਤੀਆਂ ਨੇ ਦੇਸ਼ਵਾਸੀਆਂ ਨੂੰ ਇਸ ਦਿਹਾੜੇ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਦੇਸ਼ ਵਾਸੀਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ।
ਗਣਤੰਤਰ ਦਿਵਸ ਮਨਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੈਸ਼ਨਲ ਮੈਮੋਰੀਅਲ ਪਹੁੰਚ ਚੁੱਕੇ ਹਨ। ਇਸ ਮੌਕੇ ਉਹਨਾਂ ਨਾਲ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ, ਸੀਡੀਐਸ ਜਨਰਲ ਬਿਪਨ ਰਾਵਤ ਸਮੇਤ ਤਿੰਨੇ ਸੈਨਾਵਾਂ ਦੇ ਮੁਖੀ ਮੌਜੂਦ ਹਨ। ਇੱਥੇ ਪਹੁੰਚ ਕੇ ਪੀਐਮ ਮੋਦੀ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ।
ਦੱਸ ਦਈਏ ਕਿ ਇਸ ਵਾਰ ਗਣਤੰਤਰ ਦਿਵਸ ਮੌਕੇ ਪਰੇਡ ਦੌਰਾਨ ਪਹਿਲੀ ਵਾਰ ਰਾਫੇਲ ਲੜਾਕੂ ਜਹਾਜ਼ਾਂ ਦੀ ਉਡਾਨ ਨਾਲ ਟੀ-90 ਟੈਕਾਂ, ਸਮਵਿਜੈ ਇਲੈਕਟ੍ਰਾਨਿਕ ਯੁੱਧਕ ਪ੍ਰਣਾਲੀ, ਸੁਖੋਈ-30 ਐਮਕੇ ਆਈ ਲੜਾਕੂ ਜਹਾਜ਼ਾਂ ਸਣੇ ਆਪਣੀ ਫੌਜ ਸ਼ਕਤੀ ਦਾ ਪ੍ਰਦਰਸ਼ਨ ਕਰੇਗਾ।
ਇਸ ਤੋਂ ਇਲਾਵਾ ਇਹ ਗਣਤੰਤਰ ਦਿਵਸ ਇਕ ਨਵਾਂ ਇਤਿਹਾਸ ਸਿਰਜਣ ਜਾ ਰਿਹਾ ਹੈ। ਅੱਜ ਗਣਤੰਤਰ ਦਿਵਸ ਮੌਕੇ ਦੇਸ਼ ਦੇ ਕਿਸਾਨ ਦਿੱਲੀ ਵਿਚ ਇਤਿਹਾਸਕ ਟਰੈਕਟਰ ਪਰੇਡ ਕਰਨ ਜਾ ਰਹੇ ਹਨ। ਭਾਰੀ ਗਿਣਤੀ ਵਿਚ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਕਿਸਾਨ ਦਿੱਲੀ ਪਹੁੰਚੇ ਹਨ।
ਵੱਡੀ ਗਿਣਤੀ ਵਿਚ ਕਿਸਾਨ ਦਿੱਲੀ ਦੇ ਸਿੰਘੂ, ਟੀਕਰੀ ਤੇ ਗਾਜ਼ੀਪੁਰ ਬਾਰਡਰ ‘ਤੇ ਜੁਟੇ ਹੋਏ ਹਨ। ਰਾਜਧਾਨੀ ਦੇ ਬਾਰਡਰਾਂ ‘ਤੇ ਟਰੈਕਟਰ ਹੀ ਟਰੈਕਟਰ ਦਿਖਾਈ ਦੇ ਰਹੇ ਹਨ। ਕਿਸਾਨਾਂ ਦੀ ਟਰੈਕਟਰ ਪਰੇਡ ਦੇ ਮੱਦੇਨਜ਼ਰ ਭਾਰੀ ਗਿਣਤੀ ਵਿਚ ਪੁਲਿਸ ਫੋਰਸ ਵੀ ਤੈਨਾਤ ਕੀਤੀ ਗਈ ਹੈ।