ਪਾਕਿ ਸਰਕਾਰ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੀ ਯਾਦ 'ਚ ਬੁੱਤ ਸਥਾਪਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

27 ਜੂਨ ਨੂੰ ਕੀਤੀ ਜਾਏਗੀ ਬੁੱਤ ਦੀ ਘੁੰਡ ਚੁਕਾਈ

Pakistan government has set up a statue in memory of Maharaja Ranjit Singh

ਲਾਹੌਰ : ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ 180ਵੀਂ ਬਰਸੀ ਸ਼ਰਧਾ ਭਾਵਨਾ ਨਾਲ ਮਨਾਉਣ ਲਈ ਪੰਜਾਬ ਦੇ ਨਾਲ-ਨਾਲ ਗੁਆਂਢੀ ਦੇਸ਼ ਪਾਕਿਸਤਾਨ 'ਚ ਵੀ ਤਿਆਰੀਆਂ ਚੱਲ ਰਹੀਆਂ ਹਨ। ਇਸ ਮੌਕੇ ਕਿਲ੍ਹਾ ਲਾਹੌਰ ਵਿਚ ਸਿੱਖ ਗੈਲਰੀ ਦੇ ਬਾਹਰ ਮਹਾਰਾਜਾ ਰਣਜੀਤ ਸਿੰਘ ਜੀ ਦੇ ਘੋੜੇ 'ਤੇ ਸਵਾਰ ਹੋਣ ਦਾ ਬੁੱਤ ਲਗਾਇਆ ਗਿਆ ਹੈ। ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੀ ਘੁੰਡ ਚੁਕਾਈ 27 ਜੂਨ ਨੂੰ ਕੀਤੀ ਜਾਏਗੀ।

ਜਾਣਕਾਰੀ ਮੁਤਾਬਕ ਇਸ ਬੁੱਤ ਦੀ ਮਿਆਦ 35 ਤੋਂ 50 ਸਾਲ ਹੋਵੇਗੀ ਅਤੇ ਹਰ ਸਾਲ ਇਸ ਦੀ ਸਾਂਭ-ਸੰਭਾਲ ਵੀ ਕੀਤੀ ਜਾਵੇਗੀ। ਖ਼ਾਸ ਗੱਲ ਇਹ ਹੈ ਕਿ ਭਾਰਤ-ਪਾਕਿ ਵਿਚ ਸਿੱਖ ਪੰਜਾਬੀ ਸ਼ਾਸਕ ਦਾ ਇਹ ਜੀਵਨ-ਅਕਾਰ ਬੁੱਤ ਆਪਣੀ ਕਿਸਮ ਦਾ ਪਹਿਲਾ ਬੁੱਤ ਹੈ। ਇਸ ਬੁੱਤ ਨੂੰ ਬਣਾਉਣ ਵਾਲੇ ਸ਼ਖ਼ਸ ਨੇ ਮੀਡੀਆ ਨੂੰ ਦੱਸਿਆ ਕਿ ਇਹ ਬੁੱਤ ਬੇਹੱਦ ਸੁੰਦਰ ਤੇ ਅਸਲ ਦਿੱਖ ਵਾਲਾ ਹੈ ਅਤੇ ਮਹਾਰਾਜਾ ਰਣਜੀਤ ਸਿੰਘ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ ਨੂੰ ਦਰਸ਼ਾਉਂਦਾ ਹੈ।

ਬੁੱਤ 'ਚ ਮਹਾਰਾਜਾ ਰਣਜੀਤ ਸਿੰਘ ਦੀ ਸਵਾਰੀ ਲਈ ਉਨ੍ਹਾਂ ਦੇ ਮਨਪਸੰਦੀਦਾ ਅਰਬੀ ਘੋੜੇ ਕਹਿਰ ਬਹਿਰ ਦਾ ਇਸਤੇਮਾਲ ਕੀਤਾ ਗਿਆ ਹੈ ਜੋ ਉਨ੍ਹਾਂ ਦੇ ਦੋਸਤ ਮੁਹੰਮਦ ਖ਼ਾਨ ਨੇ ਉਨ੍ਹਾਂ ਨੂੰ ਤੋਹਫ਼ੇ ਵਜੋਂ ਦਿੱਤਾ ਸੀ। ਇਹ ਛੋਟੇ ਆਕਾਰ ਦਾ ਘੋੜਾ ਬਹੁਤ ਬੁੱਧੀਮਾਨ ਤੇ ਤੇਜ਼ ਸੀ। ਉਹ ਮਹਾਰਾਜਾ ਦਾ ਪਿਆਰਾ ਘੋੜਾ ਬਣ ਗਿਆ ਕਿਉਂਕਿ ਮਹਾਰਾਜਾ ਦੀ ਆਪਣੀ ਲੰਬਾਈ 5.5 ਇੰਚ ਸੀ।

ਜ਼ਿਕਰਯੋਗ ਹੈ ਕਿ 29 ਜੂਨ ਨੂੰ ਮਹਾਰਾਜਾ ਰਣਜੀਤ ਸਿੰਘ ਦੀ 180ਵੀਂ ਬਰਸੀ ਮਨਾਉਣ ਲਈ ਗੁਰੂਦੁਆਰਾ ਡੇਰਾ ਸਾਹਿਬ ਵਿੱਚ ਲਗਪਗ 465 ਭਾਰਤੀ ਸਿੱਖ ਸ਼ਰਧਾਲੂ ਲਾਹੌਰ ਜਾ ਰਹੇ ਹਨ। ਇੱਥੇ ਹੀ ਮਹਾਰਾਜਾ ਰਣਜੀਤ ਸਿੰਘ ਦੀ ਸਮਾਧੀ ਹੈ, ਜਿੱਥੇ ਉਨ੍ਹਾਂ ਦਾ ਸਸਕਾਰ ਕੀਤਾ ਗਿਆ ਸੀ।  27 ਜੂਨ ਤੋਂ 6 ਜੁਲਾਈ ਤੱਕ ਵੱਖ-ਵੱਖ ਸਮਾਗਮ ਹੋਣਗੇ।