ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਨੇ ਵੀ ਕੀਤੀ ਸੀ ਬਾਲਾਕੋਟ 'ਤੇ ਚੜ੍ਹਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੀਤੇ ਮੰਗਲਵਾਰ ਭਾਰਤ ਵਲੋਂ ਜਿਸ ਇਲਾਕੇ 'ਤੇ ਹਵਾਈ ਹਮਲਾ ਕੀਤਾ ਗਿਆ ਸੀ ਉਥੇ ਕਿਸੇ ਸਮੇਂ ਸ਼ੇਰ-ਏ-ਪੰਜਾਬ ਮਹਾਰਾਜਾ...

Maharaja Ranjit Singh

ਚੰਡੀਗੜ੍ਹ : ਬੀਤੇ ਮੰਗਲਵਾਰ ਭਾਰਤ ਵਲੋਂ ਜਿਸ ਇਲਾਕੇ 'ਤੇ ਹਵਾਈ ਹਮਲਾ ਕੀਤਾ ਗਿਆ ਸੀ ਉਥੇ ਕਿਸੇ ਸਮੇਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀਆਂ ਫ਼ੌਜਾਂ ਨੇ ਹਮਲਾ ਕੀਤਾ ਸੀ। ਦਰਅਸਲ ਬਾਲਾਕੋਟ ਪਹਿਲਾਂ ਤੋਂ ਹੀ ਕਥਿਤ ਜਹਾਦੀਆਂ ਦਾ ਅੱਡਾ ਰਿਹਾ ਹੈ ਅਤੇ ਇਥੇ ਮੌਜੂਦ ਸਿਖਲਾਈ ਕੈਂਪਾਂ ਵਿਚ ਅਤਿਵਾਦੀ ਤਿਆਰ ਕੀਤੇ ਜਾਂਦੇ ਸਨ। 

ਦੱਸ ਦਈਏ ਕਿ 1831 ਈ. ਵਿਚ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਨੇ ਸਈਅਦ ਅਹਿਮਦ ਸ਼ਾਹ ਬਰੇਵਲੀ ਨੂੰ ਮਾਰਨ ਤੋਂ ਬਾਅਦ ਪੇਸ਼ਾਵਰ 'ਤੇ ਕਬਜ਼ਾ ਕੀਤਾ ਸੀ। ਅਹਿਮਦ ਸ਼ਾਹ ਨੇ ਖ਼ੁਦ ਨੂੰ ਇਮਾਮ ਐਲਾਨ ਕੇ ਉਸ ਸਮੇਂ ਦੇ ਹਾਲਾਤ ਮੁਤਾਬਕ 'ਜਿਹਾਦ' ਸ਼ੁਰੂ ਕੀਤਾ ਸੀ। 1824 ਤੋਂ 1831 ਈ. ਤੱਕ ਸ਼ਾਹ ਦੇ ਜਿਹਾਦੀ ਬਾਲਾਕੋਟ ਵਿਚ ਸਰਗਰਮ ਰਹੇ ਸਨ।

ਬਾਲਾਕੋਟ ਪਹਾੜੀ ਇਲਾਕਾ ਹੋਣ ਕਰਕੇ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਸੀ ਅਤੇ ਦਹਿਸ਼ਤਗਰਦਾਂ ਵਲੋਂ ਇਸ ਨੂੰ ਅਪਣਾ ਸੁਰੱਖਿਅਤ ਟਿਕਾਣਾ ਬਣਾਇਆ ਗਿਆ ਸੀ। ਪਾਕਿਸਤਾਨੀ ਲੇਖਕ ਆਇਸ਼ਾ ਜਲਾਲ ਦੀ ਕਿਤਾਬ 'ਪਾਰਟੀਜੰਸ ਆਫ ਅੱਲ੍ਹਾ' ਦੇ ਮੁਤਾਬਕ ਅਹਿਮਦ ਸ਼ਾਹ ਭਾਰਤੀ ਉਪ ਮਹਾਂਦੀਪ ਵਿਚ ਇਸਲਾਮਿਕ ਰਾਜ ਸਥਾਪਤ ਕਰਨਾ ਚਾਹੁੰਦਾ ਸੀ। ਇਸੇ ਉਦੇਸ਼ ਨਾਲ ਉਸ ਨੇ ਹਜ਼ਾਰਾਂ ਜਿਹਾਦੀਆਂ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਵਿਰੁਧ ਇਕੱਠਾ ਕੀਤਾ ਸੀ।

ਦੱਸ ਦਈਏ ਕਿ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਸ਼ੇਰ ਸਿੰਘ ਦੀ ਅਗਵਾਈ ਵਿਚ ਲੜੀ ਜੰਗ 'ਚ ਸਈਅਦ ਅਹਿਮਦ ਸ਼ਾਹ ਮਾਰਿਆ ਗਿਆ ਤੇ ਫਿਰ ਪੇਸ਼ਾਵਰ ਨੂੰ ਮਹਾਰਾਜਾ ਦੇ ਰਾਜ ਵਿਚ ਸ਼ਾਮਲ ਕੀਤਾ ਗਿਆ ਸੀ।