ਲੇਖਕ ਖ਼ੁਸ਼ਵੰਤ ਸਿੰਘ ਦੀ ਭਤੀਜੀ ਐ ਇੰਗਲੈਂਡ ਦੇ ਨਵੇਂ ਪ੍ਰਧਾਨ ਮੰਤਰੀ ਦੀ ਪਤਨੀ ਮੇਰਿਨਾ
ਸੈਫ਼ ਅਲੀ ਖ਼ਾਨ ਵੀ ਮੇਰਿਨਾ ਦੇ ਰਿਸ਼ਤੇਦਾਰ
ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦਾ ਭਾਰਤ ਨਾਲ ਕਾਫ਼ੀ ਗੂੜ੍ਹਾ ਨਾਤਾ ਹੈ ਕਿਉਂਕਿ ਉਨ੍ਹਾਂ ਦੀ ਪਤਨੀ ਮੇਰੀਨਾ ਵੀਲ੍ਹਰ ਭਾਰਤੀ ਹੈ ਅਤੇ ਭਾਰਤ ਦੇ ਮਸ਼ਹੂਰ ਲੇਖਕ ਮਰਹੂਮ ਖ਼ੁਸ਼ਵੰਤ ਸਿੰਘ ਦੀ ਭਤੀਜੀ ਹੈ। ਜੌਨਸਨ ਨੇ ਮੇਰੀਨਾ ਨਾਲ 1993 ਵਿਚ ਵਿਆਹ ਕੀਤਾ ਸੀ ਹੁਣ ਭਾਵੇਂ ਦੋਵੇਂ ਵੱਖ ਹੋ ਚੁੱਕੇ ਹਨ। ਜੌਨਸਨ ਨੇ ਪਿਛਲੇ ਸਾਲ ਅਪਣੇ 25 ਸਾਲਾਂ ਦੇ ਵਿਆਹ ਸਬੰਧਾਂ ਨੂੰ ਤੋੜਨ ਦਾ ਐਲਾਨ ਕੀਤਾ ਸੀ।
ਕੀ ਤੁਸੀਂ ਜਾਣਦੇ ਹੋ ਕਿ ਮੇਰਿਨਾ ਹਾਫ਼ ਇੰਡੀਅਨ ਹੈ। 55 ਸਾਲਾ ਮੇਰਿਨਾ ਦਰਅਸਲ ਬੀਬੀਸੀ ਦੇ ਸਟਾਫ਼ ਰਿਪੋਰਟਰ ਚਾਰਲਸ ਵ੍ਹੀਲਰ ਅਤੇ ਦੀਪਾ ਸਿੰਘ ਦੀ ਧੀ ਹੈ ਜੋ 1960 ਦੌਰਾਨ ਦਿੱਲੀ ਵਿਚ ਹੀ ਤਾਇਨਾਤ ਸਨ। ਮੇਰਿਨਾ ਦੀ ਮਾਂ ਦੀਪਾ ਸਿੰਘ ਚਾਰਲਸ ਦੀ ਦੂਜੀ ਪਤਨੀ ਸੀ ਜਿਨ੍ਹਾਂ ਨੇ 1961 ਵਿਚ ਦਿੱਲੀ ਵਿਖੇ ਵਿਆਹ ਰਚਾਇਆ ਸੀ। ਪਾਕਿਸਤਾਨ ਦੇ ਸਰਗੋਧਾ ਵਿਖੇ ਜਨਮੀ ਦੀਪਾ ਸਿੰਘ ਦਾ ਦਾ ਪਰਿਵਾਰ 1947 ਵਿਚ ਦੇਸ਼ ਦੀ ਵੰਡ ਦੌਰਾਨ ਭਾਰਤ ਆ ਗਿਆ ਸੀ।
ਮੇਰੀਨਾ ਦੀ ਮਾਂ ਦਾ ਪਹਿਲਾ ਵਿਆਹ ਦਿੱਲੀ ਦੇ ਉੱਘੇ ਬਿਲਡਰ ਸ਼ੋਭਾ ਸਿੰਘ ਦੇ ਚਾਰ ਲੜਕਿਆਂ ਵਿਚੋਂ ਇਕ ਦਲਜੀਤ ਸਿੰਘ ਨਾਲ ਹੋਇਆ ਸੀ ਜੋ ਉੱਘੇ ਪੱਤਰਕਾਰ ਤੇ ਲੇਖਕ ਖ਼ੁਸ਼ਵੰਤ ਸਿੰਘ ਦੇ ਸਭ ਤੋਂ ਛੋਟੇ ਭਰਾ ਹਨ। ਖ਼ੁਸ਼ਵੰਤ ਸਿੰਘ ਦੇ ਪਰਿਵਾਰ ਨਾਲ ਜੁੜੇ ਹੋਣ ਕਰਕੇ ਮੇਰਿਨਾ ਦੀ ਪਟੌਦੀ ਪਰਿਵਾਰ ਨਾਲ ਵੀ ਦੂਰ ਦੀ ਰਿਸ਼ਤੇਦਾਰੀ ਪੈਂਦੀ ਹੈ। ਇਹ ਗੱਲ ਸੁਣ ਕੇ ਭਾਵੇਂ ਤੁਹਾਨੂੰ ਹੈਰਾਨੀ ਹੋਈ ਹੋਵੇਗੀ ਪਰ ਇਹ ਸੱਚ ਹੈ ਦਰਅਸਲ ਮੇਰਿਨਾ ਦੀ ਮਾਸੀ ਅਮਰਜੀਤ ਦਾ ਵਿਆਹ ਖ਼ੁਸ਼ਵੰਤ ਸਿੰਘ ਦੇ ਵੱਡੇ ਭਰਾ ਭਗਵੰਤ ਸਿੰਘ ਨਾਲ ਹੋਇਆ ਸੀ ਅਤੇ ਭਗਵੰਤ ਸਿੰਘ ਦੀ ਭਾਣਜੀ ਹੈ।
ਅੰਮ੍ਰਿਤਾ ਸਿੰਘ ਜਿਸ ਨੇ ਪਟੌਦੀ ਖ਼ਾਨਦਾਨ ਦੇ ਨਵਾਬ ਅਤੇ ਬਾਲੀਵੁੱਡ ਅਦਾਕਾਰ ਸੈਫ਼ ਅਲੀ ਖ਼ਾਨ ਨਾਲ ਵਿਆਹ ਕੀਤਾ ਸੀ। ਮੇਰਿਨਾ ਅਪਣੇ ਪਤੀ ਬੋਰਿਸ ਜੌਨਸਨ ਨਾਲ ਜਦੋਂ ਵੀ ਕਦੇ ਭਾਰਤ ਆਉਂਦੀ ਸੀ ਤਾਂ ਉਨ੍ਹਾਂ ਦੀ ਮੁਲਾਕਾਤ ਅਕਸਰ ਅਪਣੇ ਇਨ੍ਹਾਂ ਰਿਸ਼ਤੇਦਾਰਾਂ ਨਾਲ ਵੀ ਹੁੰਦੀ ਸੀ। ਇੰਗਲੈਂਡ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਆਮ ਤੌਰ 'ਤੇ ਆਪਣੀ ਗੱਲਬਾਤ ਵਿਚ ਆਪਣੇ ਭਾਰਤੀ ਰਿਸ਼ਤੇਦਾਰਾਂ ਦੀ ਗੱਲ ਹੁਣ ਵੀ ਕਰਦੇ ਰਹਿੰਦੇ ਹਨ।
ਉਨ੍ਹਾਂ ਨੂੰ ਸਿੱਖ ਪੰਥ ਬਾਰੇ ਵੀ ਬਹੁਤ ਜਾਣਕਾਰੀ ਹਾਸਲ ਹੈ। ਉਨ੍ਹਾਂ ਨੇ ਇਕ ਪ੍ਰੋਗਰਾਮ ਦੌਰਾਨ ਅਪਣੇ ਆਪ ਨੂੰ 'ਭਾਰਤ ਦਾ ਜਵਾਈ' ਵੀ ਦੱਸਿਆ ਸੀ ਹੁਣ ਜਦੋਂ ਬੋਰਿਸ ਜੌਨਸਨ ਇੰਗਲੈਂਡ ਦੇ ਪ੍ਰਧਾਨ ਮੰਤਰੀ ਬਣ ਗਏ ਹਨ ਤਾਂ ਭਾਰਤ ਅਤੇ ਭਾਰਤੀਆਂ ਨਾਲ ਚੰਗੇ ਸਬੰਧਾਂ ਨੂੰ ਲੈ ਕੇ ਉਨ੍ਹਾਂ ਤੋਂ ਬਹੁਤ ਸਾਰੀਆਂ ਉਮੀਦਾਂ ਕੀਤੀਆਂ ਜਾ ਰਹੀਆਂ ਹਨ। ਦੇਖਣਾ ਹੋਵੇਗਾ ਕਿ ਬ੍ਰਿਟੇਨ ਦੇ ਨਵੇਂ ਪੀਐਮ ਬੋਰਿਸ ਜੌਨਸਨ ਇਨ੍ਹਾਂ ਉਮੀਦਾਂ 'ਤੇ ਖ਼ਰੇ ਉਤਰਦੇ ਹਨ ਜਾਂ ਨਹੀਂ।