ਸ਼੍ਰੋਮਣੀ ਕਮੇਟੀ ਨੂੰ ਵਾਪਸ ਮਿਲੀ ਜੀਐਸਟੀ ਦੀ ਰਾਸ਼ੀ, ਸਿੱਖ ਸੰਗਤ 'ਚ ਖ਼ੁਸ਼ੀ ਦੀ ਲਹਿਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੇਂਦਰ ਅਤੇ ਪੰਜਾਬ ਸਰਕਾਰ ਦਾ ਕੀਤਾ ਧੰਨਵਾਦ

GST amount returned to Shiromani Committee, wave of happiness in Sikh Sangat

ਅਮ੍ਰਿੰਤਸਰ- ਸਰਕਾਰ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਲਗਾਏ ਜਾਂਦੇ ਲੰਗਰ 'ਤੇ ਲਗਾਈ ਜਾਣ ਵਾਲੀ ਜੀਐਸਟੀ ਨੂੰ ਹਟਾ ਦਿੱਤਾ ਗਿਆ ਹੈ। ਪਿਛਲੇ ਦਿਨੀਂ ਪੰਜਾਬ ਸਰਕਾਰ ਨੇ ਇਕ ਕਰੋੜ 96 ਲੱਖ 5710 ਰੁਪਏ ਦੀ ਰਾਸ਼ੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖ਼ਾਤੇ ਵਿਚ ਵਾਪਸ ਪਾ ਦਿੱਤੀ ਸੀ। ਇਸ ਨੂੰ ਲੈ ਕੇ ਹੁਣ ਸਿੱਖ ਸੰਗਤ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।

ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਵਿਚ ਲੰਗਰ ਛਕਣ ਲਈ ਪੁੱਜੇ ਸ਼ਰਧਾਲੂਆਂ ਨਾਲ ਜਦੋਂ ਲੰਗਰ 'ਤੇ ਜੀਐਸਟੀ ਹਟਾਏ ਜਾਣ ਨੂੰ ਲੈ ਕੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਸਰਕਾਰ ਦੇ ਇਸ ਫ਼ੈਸਲੇ 'ਤੇ ਖ਼ੁਸ਼ੀ ਜ਼ਾਹਰ ਕਰਦਿਆਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਅਤੇ ਕਿਸੇ ਵੀ ਧਾਰਮਿਕ ਲੰਗਰ ਨੂੰ ਜੀਐਸਟੀ ਤੋਂ ਮੁਕਤ ਰੱਖਣ ਦੀ ਅਪੀਲ ਕੀਤੀ ਕਿਉਂਕਿ ਲੰਗਰ ਮਾਨਵਤਾ ਦੀ ਸੇਵਾ ਹੈ।

ਇਸ ਸਬੰਧੀ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾਕਟਰ ਰੂਪ ਸਿੰਘ ਨੇ ਆਖਿਆ ਕਿ ਕਾਫ਼ੀ ਜੱਦੋ ਜਹਿਦ ਕੀਤੇ ਜਾਣ ਮਗਰੋਂ ਕੇਂਦਰ ਸਰਕਾਰ ਵੱਲੋਂ ਲੰਗਰ 'ਤੇ ਲਗਾਈ ਗਈ ਜੀਐਸਟੀ ਤੋਂ ਮੁਕਤ ਕਰਵਾਇਆ ਗਿਆ। ਉਨ੍ਹਾਂ ਆਖਿਆ ਕਿ ਲੰਗਰ 'ਤੇ ਕਿਸੇ ਤਰ੍ਹਾਂ ਦੀ ਜੀਐਸਟੀ ਨਹੀਂ ਲੱਗਣੀ ਚਾਹੀਦੀ। ਜੀਐਸਟੀ ਨੂੰ ਲਾਗੂ ਕਰਨ ਸਮੇਂ ਕੇਂਦਰ ਸਰਕਾਰ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਛਕਾਏ ਜਾਣ ਵਾਲੇ ਲੰਗਰ 'ਤੇ ਜੀਐਸਟੀ ਲਗਾ ਦਿੱਤੀ ਸੀ।

ਜਿਸ ਤੋਂ ਬਾਅਦ ਸਿੱਖ ਸੰਗਤ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਸੀ।  ਦੱਸ ਦਈਏ ਕਿ ਗੁਰੂ ਰਾਮਦਾਸ ਲੰਗਰ ਹਾਲ ਵਿਚ ਰੋਜ਼ਾਨਾ ਇਕ ਲੱਖ ਤੋਂ ਵੀ ਜ਼ਿਆਦਾ ਸ਼ਰਧਾਲੂਆਂ ਨੂੰ ਬਿਨਾਂ ਕਿਸੇ ਭੇਦਭਾਵ ਲੰਗਰ ਛਕਾਇਆ ਜਾਂਦਾ ਹੈ। ਦੇਸ਼ ਵਿਚ ਜਿੱਥੇ ਕਿਤੇ ਕੁਦਰਤੀ ਆਫ਼ਤਾਂ ਆਉਂਦੀਆਂ ਹਨ ਉਨ੍ਹਾਂ ਥਾਵਾਂ 'ਤੇ ਜਾ ਕੇ ਵੀ ਲੰਗਰ ਲਗਾਇਆ ਜਾਂਦਾ ਹੈ।