ਕੈਲੀਫ਼ੋਰਨੀਆ ਵਿਚ ਸਿੱਖ ਬਜ਼ੁਰਗ ਦਾ ਚਾਕੂ ਮਾਰ ਕੇ ਕੀਤਾ ਕਤਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਰਾਤ ਨੂੰ ਪਾਰਕ ਵਿਚ ਸੈਰ ਕਰ ਰਹੇ ਸਨ ਪਰਮਜੀਤ ਸਿੰਘ

Parmjeet Singh

ਵਾਸ਼ਿੰਗਟਨ : ਕੈਲੀਫ਼ੋਰਨੀਆ ਵਿਚ ਰਾਤ ਨੂੰ ਸੈਰ ਕਰ ਰਹੇ ਭਾਰਤੀ ਮੂਲ ਦੇ 64 ਸਾਲਾ ਸਿੱਖ ਦੀ ਚਾਕੂ ਮਾਰ ਕੇ ਹਤਿਆ ਕਰ ਦਿਤੀ ਗਈ। ਏਬੀਸੀ ਨਿਊਜ਼ ਦੀ ਖ਼ਬਰ ਮੁਤਾਬਕ ਪਰਮਜੀਤ ਸਿੰਘ ’ਤੇ ਰਾਤ ਨੌਂ ਵਜੇ ਟਰੇਸੀ ਦੇ ‘ਗ੍ਰੇਚੇਨ ਟੈਲੀ ਪਾਰਕ’ ਵਿਚ ਹਮਲਾ ਕੀਤਾ ਗਿਆ ਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਿਸ ਦੇ ਜਾਸੂਸਾਂ ਨੇ ਦਸਿਆ ਕਿ ਉਥੋਂ ਲੰਘ ਰਹੇ ਲੋਕਾਂ ਨੇ ਪਰਮਜੀਤ ਸਿੰਘ ਨੂੰ ਖ਼ੂਨ ਵਿਚ ਲੱਥਪੱਥ ਵੇਖਿਆ ਅਤੇ ਤੁਰਤ ਐਮਰਜੈਂਸੀ ਨੰਬਰ 911 ’ਤੇ ਫ਼ੋਨ ਕੀਤਾ।

ਪੁਲਿਸ ਨੇ ਹਤਿਆ ਦੀ ਘਟਨਾ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਖ਼ਬਰ ਮੁਤਾਬਕ ਪੁਲਿਸ ਨੂੰ ਕੋਈ ਸਪੱਸ਼ਟ ਸੁਰਾਗ਼ ਨਹੀਂ ਮਿਲ ਸਕਿਆ। ਪੁਲਿਸ ਨੇ ਲੋਕਾਂ ਨੂੰ ਉਸ ਵਿਅਕਤੀ ਦੀ ਪਛਾਣ ਕਰਨ ਲਈ ਕਿਹਾ ਹੈ ਜਿਹੜਾ ਵੀਡੀਉ ਵਿਚ ਝਾੜੀਆਂ ਦੀ ਵਾੜ ਟੱਪ ਕੇ ਪਾਰਕ ਵਿਚੋਂ ਬਾਹਰ ਦੌੜਦਾ ਵਿਖਾਈ ਦੇ ਰਿਹਾ ਹੈ। ਇਹ ਵੀਡੀਉ ਘਟਨਾ ਸਮੇਂ ਆਲੇ ਦੁਆਲੇ ਦੀ ਹੈ।

ਟਰੇਸੀ ਪੁਲਿਸ ਦੇ ਬੁਲਾਰੇ ਲੈਫ਼ਟੀਨੈਂਟ ਟਰੇਵਿਨ ਫ਼ਰੀਟਾਸ ਨੇ ਕਿਹਾ ਕਿ ਉਹ ਪਤਾ ਕਰ ਰਹੇ ਹਨ ਕਿ ਹਤਿਆਰਾ ਕੌਣ ਸੀ ਅਤੇ ਉਸ ਨੇ ਹਤਿਆ ਕਿਉਂ ਕੀਤੀ? ਪਰਮਜੀਤ ਸਿੰਘ ਨੇ ਪੱਗ ਬੰਨ੍ਹੀ ਹੋਈ ਸੀ ਅਤੇ ਉਹ ਦਿਨ ਵਿਚ ਦੋ ਵਾਰ ਸੈਰ ’ਤੇ ਜਾਂਦੇ ਸਨ। ਕੁੱਝ ਸਥਾਨਕ ਲੋਕਾਂ ਨੇ ਖ਼ਦਸ਼ਾ ਪ੍ਰਗਟ ਕੀਤਾ ਕਿ ਸਿੱਖ ਹੋਣ ਕਾਰਨ ਉਨ੍ਹਾਂ ’ਤੇ ਹਮਲਾ ਕੀਤਾ ਗਿਆ। ਪੁਲਿਸ ਨੇ ਕਿਹਾ ਕਿ ਫ਼ਿਲਹਾਲ ਉਹ ਨਫ਼ਰਤੀ ਅਪਰਾਧ ਹੋਣ ਬਾਰੇ ਟਿਪਣੀ ਨਹੀਂ ਕਰ ਸਕਦੀ।

ਮਿ੍ਰਤਕ ਦੇ ਜਵਾਈ ਹਰਨੇਕ ਸਿੰਘ ਕੰਗ ਨੇ ਦਸਿਆ ਕਿ ਪਰਮਜੀਤ ਸਿੰਘ ਤਿੰਨ ਸਾਲ ਪਹਿਲਾਂ ਇਥੇ ਆਏ ਸਨ ਅਤੇ ਸਿੱਖ ਜਥੇਬੰਦੀ ਦੇ ਸਰਗਰਮ ਮੈਂਬਰ ਸਨ। ਉਨ੍ਹਾਂ ਕਿਹਾ, ‘ਅਸੀਂ ਦੇਸ਼ ਵਿਚ ਬੇਹੱਦ ਸੁਰੱਖਿਅਤ ਮਹਿਸੂਸ ਕਰਦੇ ਹਾਂ ਪਰ ਜੋ ਵੀ ਹੋਇਆ, ਉਹ ਪ੍ਰਵਾਨਯੋਗ ਨਹੀਂ।’ ਪਰਮਜੀਤ ਸਿੰਘ ਦੇ ਦੋ ਬੱਚੇ ਅਤੇ ਤਿੰਨ ਪੋਤੇ-ਪੋਤੀਆਂ ਹਨ।

ਘਟਨਾ ਕਾਰਨ ਸਥਾਨਕ ਲੋਕ ਡਰੇ ਹੋਏ ਹਨ। ਗੁਆਂਢੀਆਂ ਨੇ ਕਿਹਾ ਕਿ ਉਹ ਘਟਨਾ ਤੋਂ ਬੇਹੱਦ ਦੁਖੀ ਹਨ। ਗੁਆਂਢੀ ਰਾਏ ਚੌਧਰੀ ਨੇ ਕਿਹਾ, ‘ਇਹ ਬੇਹੱਦ ਸੁਰੱਖਿਅਤ ਜਗ੍ਹਾ ਹੈ ਪਰ ਪਤਾ ਨਹੀਂ ਉਨ੍ਹਾਂ ਦੀ ਹਤਿਆ ਕਿਉਂ ਕੀਤੀ ਗਈ? ਐਮਰਜੈਂਸੀ ਬੈਠਕ ਵਿਚ ਸ਼ਹਿਰ ਦੇ ਮੇਅਰ ਅਤੇ ਪੁਲਿਸ ਮੁਖੀ ਨੇ ਸਿੱਖਾਂ ਨੂੰ ਸ਼ਾਂਤ ਕੀਤਾ ਅਤੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿਤੇ। ਸਿੱਖਾਂ ਨੇ ਸ਼ੱਕੀ ਦੀ ਪਛਾਣ ਦੱਸਣ ਵਾਲੇ ਨੂੰ 1000 ਡਾਲਰ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।