Sikh News: ਕੈਨੇਡਾ ’ਚ ਸਿੱਖ ਦੀ ਮੌਤ ਦੇ ਮਾਮਲੇ ’ਚ ਨਹੀਂ ਚੱਲੇਗਾ ਮੁਕੱਦਮਾ
ਬੀ.ਸੀ. ਪ੍ਰੋਸੀਕਿਊਸ਼ਨ ਸਰਵਿਸ ਦੇ ਪ੍ਰਤੀਨਿਧੀ ਡੈਨ ਮੈਕਲਾਫਲਿਨ ਨੇ ਕਿਹਾ ਕਿ ਕ੍ਰਾਊਨ ਕੌਂਸਲ ਨੇ ਸਿੱਟਾ ਕਢਿਆ ਹੈ ਕਿ ਦੋਸ਼ਾਂ ਦੇ ਮਾਪਦੰਡ ਪੂਰੇ ਨਹੀਂ ਹੋ ਸਕੇ ਹਨ।
ਟੋਰਾਂਟੋ: ਕੈਨੇਡਾ ’ਚ ਪਿਛਲੇ ਸਾਲ ਕ੍ਰਿਸਮਸ ਦੀ ਪੂਰਵ ਸੰਧਿਆ ’ਤੇ ਵਾਪਰੇ ਇਕ ਬੱਸ ਹਾਦਸੇ ’ਚ 41 ਸਾਲ ਦੇ ਸਿੱਖ ਸਮੇਤ ਚਾਰ ਲੋਕਾਂ ਦੀ ਮੌਤ ਦੇ ਮਾਮਲੇ ’ਚ ਕਿਸੇ ’ਤੇ ਮੁਕੱਦਮਾ ਨਹੀਂ ਚਲੇਗਾ। ਅੰਮ੍ਰਿਤਸਰ ਦੇ ਬੁਟਾਲਾ ਵਾਸੀ ਕਰਨਜੋਤ ਸਿੰਘ ਸੋਢੀ ਦੀ 24 ਦਸੰਬਰ, 2022 ਨੂੰ ਸ਼ਾਮ 6 ਵਜੇ ਬ੍ਰਿਟਿਸ਼ ਕੋਲੰਬੀਆ (ਬੀ.ਸੀ.) ਸੂਬੇ ’ਚ ਬਰਫੀਲੇ ਹਾਈਵੇਅ ’ਤੇ ਇਕ ਬੱਸ ਦੇ ਪਲਟਣ ਨਾਲ ਮੌਕੇ ’ਤੇ ਹੀ ਮੌਤ ਹੋ ਗਈ ਸੀ।
ਬੀ.ਸੀ. ਪ੍ਰੋਸੀਕਿਊਸ਼ਨ ਸਰਵਿਸ ਦੇ ਪ੍ਰਤੀਨਿਧੀ ਡੈਨ ਮੈਕਲਾਫਲਿਨ ਨੇ ਕਿਹਾ ਕਿ ਕ੍ਰਾਊਨ ਕੌਂਸਲ ਨੇ ਸਿੱਟਾ ਕਢਿਆ ਹੈ ਕਿ ਦੋਸ਼ਾਂ ਦੇ ਮਾਪਦੰਡ ਪੂਰੇ ਨਹੀਂ ਹੋ ਸਕੇ ਹਨ। ਮੈਕਲਾਫਲਿਨ ਨੇ ਪਿਛਲੇ ਹਫਤੇ ਕਿਹਾ ਸੀ ਕਿ ਦੋਸ਼ਾਂ ਨੂੰ ਮਨਜ਼ੂਰੀ ਦੇਣ ਲਈ ਦੋਸ਼ੀ ਠਹਿਰਾਏ ਜਾਣ ਦੀ ਕਾਫ਼ੀ ਸੰਭਾਵਨਾ ਹੋਣੀ ਚਾਹੀਦੀ ਹੈ ਅਤੇ ਜਨਤਕ ਹਿੱਤਾਂ ਦੀ ਪੂਰਤੀ ਕੀਤੀ ਜਾਣੀ ਚਾਹੀਦੀ ਹੈ।
ਇਹ ਹਾਦਸਾ ਹਾਈਵੇਅ 97 ਸੀ ’ਤੇ ਮੈਰਿਟ ਦੇ ਪੂਰਬ ਵਲ ਵਾਪਰਿਆ, ਜਿਸ ਨੂੰ ਓਕਾਨਾਗਨ ਕਨੈਕਟਰ ਵੀ ਕਿਹਾ ਜਾਂਦਾ ਹੈ, ਅਤੇ ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਉਸ ਸਮੇਂ ਬੱਸ ’ਚ 45 ਮੁਸਾਫ਼ਰ ਸਵਾਰ ਸਨ। ਬ੍ਰਿਟਿਸ਼ ਕੋਲੰਬੀਆ ਰਾਇਲ ਕੈਨੇਡੀਅਨ ਮਾਊਂਟੇਡ ਪੁਲਿਸ (ਆਰ.ਸੀ.ਐਮ.ਪੀ.) ਨੇ ਇਕ ਬਿਆਨ ਵਿਚ ਕਿਹਾ ਸੀ ਕਿ ਹਾਈਵੇਅ ’ਤੇ ਬਹੁਤ ਬਰਫ਼ ਕਾਰਨ ਫਿਸਲਵੇਂ ਹਾਲਤ ਸਨ ਜਿਸ ਕਾਰਨ ਅਲਬਰਟਾ ਸਥਿਤ ਈਬਸ ਵਲੋਂ ਚਲਾਈ ਜਾ ਰਹੀ ਬੱਸ ਪਲਟ ਗਈ।
ਹਾਦਸੇ ਤੋਂ ਥੋੜ੍ਹੀ ਦੇਰ ਬਾਅਦ, 22 ਮੁਸਾਫ਼ਰਾਂ ਨੂੰ ਕੇਲੋਨਾ ਦੇ ਹਸਪਤਾਲ, ਛੇ ਨੂੰ ਪੈਂਟਿਕਟਨ ਦੇ ਹਸਪਤਾਲ ਅਤੇ 13 ਨੂੰ ਮੈਰਿਟ ਦੇ ਹਸਪਤਾਲ ਲਿਜਾਇਆ ਗਿਆ। ਸੋਢੀ ਸਮੇਤ ਚਾਰ ਮੁਸਾਫ਼ਰਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਸੋਢੀ ਹਾਦਸੇ ਤੋਂ ਸਿਰਫ ਤਿੰਨ ਮਹੀਨੇ ਪਹਿਲਾਂ ਸਤੰਬਰ 2022 ਵਿਚ ਵਰਕ ਪਰਮਿਟ ’ਤੇ ਕੈਨੇਡਾ ਆਇਆ ਸੀ ਅਤੇ ਓਕਾਨਾਗਨ ਵਾਈਨਰੀ ਦੇ ਇਕ ਰੈਸਟੋਰੈਂਟ ਵਿਚ ਸ਼ੈੱਫ ਵਜੋਂ ਕੰਮ ਕਰਦਾ ਸੀ।
ਇਹ ਵੀ ਪੜ੍ਹੋ: Chandigarh Weather News: ਸੰਘਣੀ ਧੁੰਦ ਦੀ ਚਾਦਰ ਵਿਚ ਘਿਰੀ ਬਿਊਟੀਫੁੱਲ ਸਿਟੀ ਚੰਡੀਗੜ੍ਹ, ਉਡਾਣਾਂ ਹੋਈਆਂ ਰੱਦ
24 ਦਸੰਬਰ ਨੂੰ ਉਹ ਅਪਣੇ ਚਚੇਰੇ ਭਰਾ ਕਲਵਿੰਦਰ ਸਿੰਘ ਨਾਲ ਛੁੱਟੀਆਂ ਮਨਾਉਣ ਲਈ ਬੱਸ ’ਚ ਸਵਾਰ ਹੋ ਕੇ ਜਾ ਰਿਹਾ ਸੀ। ਟਰਾਂਸਪੋਰਟ ਟਰੱਕ ਡਰਾਈਵਰ ਕੁਲਵਿੰਦਰ ਨੇ ਸੀ.ਬੀ.ਸੀ. ਨਿਊਜ਼ ਨੂੰ ਦਸਿਆ ਕਿ ਉਹ ਨਹੀਂ ਮੰਨਦੇ ਕਿ ਹਾਦਸਾ ਡਰਾਈਵਰ ਦੀ ਗਲਤੀ ਸੀ। ਉਸ ਨੇ ਕਿਹਾ ਕਿ ਸਰਦੀਆਂ ’ਚ ਡਰਾਈਵਿੰਗ ਦੀ ਮਾੜੀ ਸਥਿਤੀ ਕਾਰਨ ਹਾਈਵੇਅ ਨੂੰ ਬੰਦ ਕਰ ਦੇਣਾ ਚਾਹੀਦਾ ਸੀ ਅਤੇ ਡਰਾਈਵਰ ਨੂੰ ਵੀ ਉਸ ਰਾਤ ਗੱਡੀ ਚਲਾਉਣ ਤੋਂ ਇਨਕਾਰ ਕਰ ਦੇਣਾ ਚਾਹੀਦਾ ਸੀ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਕੁਲਵਿੰਦਰ ਨੇ ਕਿਹਾ, ‘‘ਬੀ.ਸੀ. ਸਰਕਾਰ ਨੇ ਸੜਕ ਦੀ ਸਹੀ ਢੰਗ ਨਾਲ ਸਫਾਈ ਨਹੀਂ ਕੀਤੀ... ਕੋਈ ਚੰਗਾ ਨਿਆਂ ਨਹੀਂ ਹੈ।’’ ਸੋਢੀ ਅਪਣੇ ਪਿੱਛੇ ਮਾਂ, ਪਤਨੀ ਅਤੇ ਦੋ ਬੱਚੇ ਛੱਡ ਗਏ ਹਨ। ਆਰ.ਸੀ.ਐਮ.ਪੀ. ਸਟਾਫ ਸਾਰਜੈਂਟ ਕ੍ਰਿਸ ਕਲਾਰਕ ਨੇ ਕਿਹਾ ਕਿ ਬੀ.ਸੀ. ਹਾਈਵੇ ਪੈਟਰੋਲ ਜਾਂਚ ਖਤਮ ਹੋ ਗਈ ਹੈ। ਕਲਾਰਕ ਨੇ ਕਿਹਾ, ‘‘ਕਿਉਂਕਿ ਕੋਈ ਦੋਸ਼ ਨਹੀਂ ਲਗਾਇਆ ਗਿਆ ਹੈ, ਅਸੀਂ ਜਾਂਚ ਦੇ ਕਿਸੇ ਵੀ ਵੇਰਵੇ ਦੀ ਪੁਸ਼ਟੀ ਕਰਨ ਦੀ ਸਥਿਤੀ ’ਚ ਨਹੀਂ ਹਾਂ, ਸਿਵਾਏ ਇਹ ਕਹਿਣ ਤੋਂ ਕਿ ਸੜਕ ਅਤੇ ਮੌਸਮ ਦੀ ਸਥਿਤੀ ਹਾਦਸੇ ’ਚ ਯੋਗਦਾਨ ਪਾ ਰਹੀ ਸੀ।’’