ਕੋਰੋਨਾ ਦੇ ਕਹਿਰ ਬਾਰੇ ਸਪੇਨ ਤੋਂ ਗਗਨਦੀਪ ਸਿੰਘ ਨੇ ਬਿਆਨ ਕੀਤਾ ਹਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਇਟਲੀ ਦੀ ਗੱਲ ਕਰੀਏ ਤਾਂ ਕੋਰੋਨਾ ਵਾਇਰਸ ਦੀ ਸਭ ਤੋਂ ਵੱਡੀ ਮਾਰ ਇਟਲੀ ‘ਤੇ ਪਈ ਹੈ।

Photo

ਚੰਡੀਗੜ੍ਹ: ਇਟਲੀ ਦੀ ਗੱਲ ਕਰੀਏ ਤਾਂ ਕੋਰੋਨਾ ਵਾਇਰਸ ਦੀ ਸਭ ਤੋਂ ਵੱਡੀ ਮਾਰ ਇਟਲੀ ‘ਤੇ ਪਈ ਹੈ। ਜਦੋਂ ਵੀ ਇਟਲੀ ਦੀ ਗੱਲ ਕੀਤੀ ਜਾਂਦੀ ਹੈ ਤਾਂ ਕਿਹਾ ਜਾਂਦਾ ਹੈ ਕਿ ਇਟਲੀ ਸਿਹਤ ਸਹੂਲਤਾਂ ਵਿਚ ਵਿਸ਼ਵ ਭਰ ਵਿਚ ਦੂਜੇ ਨੰਬਰ ‘ਤੇ ਆਉਂਦਾ ਹੈ। ਪਰ ਇਸ ਦੇਸ਼ ਨੇ ਕੋਰੋਨਾ ਵਾਇਰਸ ਦੀ ਬਿਮਾਰੀ ਨੂੰ ਗੰਭੀਰਤਾ ਨਾਲ ਨਹੀਂ ਲਿਆ, ਸ਼ਾਇਦ  ਇਹੀ ਕਾਰਨ ਹੈ ਕਿ ਅੱਜ ਇਟਲੀ ਕੋਰੋਨਾ ਦੀ ਮਾਰ ਦਾ ਕੇਂਦਰ ਬਣ ਗਿਆ ਹੈ।

ਇਟਲੀ ਦੇ ਗੁਆਂਢੀ ਮੁਲਕ ਸਪੇਨ ਵਿਚ ਕਤਲੋਨੀਆ ਦੇ ਰਹਿਣ ਵਾਲੇ ਸਿੱਖ ਗਗਨਦੀਪ ਸਿੰਘ ਨਾਲ ਰੋਜ਼ਾਨਾ ਸਪੋਕਸਮੈਟ ਦੇ ਪੱਤਰਕਾਰ ਹਰਦੀਪ ਸਿੰਘ ਭੌਗਲ ਨੇ ਖ਼ਾਸ ਗੱਲਬਾਤ ਕੀਤੀ। ਗਗਨਦੀਪ ਸਿੰਘ ਨੇ ਦੱਸਿਆ ਕਿ ਯੂਰੋਪ ਵਿਚ ਇਟਲੀ ਤੋਂ ਬਾਅਦ ਸਪੇਨ ਨੂੰ ਕੋਰੋਨਾ ਦੀ ਮਾਰ ਪਈ ਹੈ। ਸਪੇਨ ਵਿਚ ਕਤਲੋਨੀਆ ਅਤੇ ਸਪੇਨ ਦੀ ਰਾਜਧਾਨੀ ਵਿਚ ਕੋਰੋਨਾ ਦਾ ਕਹਿਰ ਜ਼ਿਆਦਾ ਹੈ। 

ਉਹਨਾਂ ਕਿਹਾ ਕਿ ਕੋਰੋਨਾ ਕਾਰਨ ਇਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਹਨ ਕਿ ਜੇਕਰ ਕੋਈ ਮਰ ਰਿਹਾ ਹੈ ਤਾਂ ਉਸ ਦਾ ਪਰਿਵਾਰ ਉਸ ਦੇ ਅੰਤਿਮ ਸਸਕਾਰ ‘ਤੇ ਨਹੀਂ ਜਾ ਸਕਿਆ। ਉਹਨਾਂ ਦੱਸਿਆ ਕਿ ਸਪੇਨ ਵਿਚ ਸਸਕਾਰ ਘਰਾਂ ਵਿਚ ਲੋਕਾਂ ਦੇ ਸਸਕਾਰ ਲਈ ਜਗ੍ਹਾ ਘੱਟ ਪੈ ਰਹੀ ਹੈ। ਉਹਨਾਂ ਕਿਹਾ ਕਿ ਸਥਿਤੀ ਇੰਨੀ ਗੰਭੀਰ ਹੈ ਕਿ ਹਸਪਤਾਲਾਂ ਵਿਚ ਜਗ੍ਹਾ ਘੱਟ ਪੈ ਗਈ ਹੈ ਅਤੇ ਇੱਥੋਂ ਦੇ ਰੈਸਟੋਰੈਂਟਾਂ ਨੂੰ ਹਸਪਤਾਲਾਂ ਵਿਚ ਤਬਦੀਲ ਕੀਤਾ ਗਿਆ ਹੈ। 

ਉਹਨਾਂ ਦੱਸਿਆ ਕਿ ਸਪੇਨ ਦੇ ਸਿਹਤ ਵਿਭਾਗ ਦੇ 20 ਫੀਸਦੀ ਡਾਕਟਰ ਵੀ ਇਸ ਬਿਮਰੀ ਦੀ ਚਪੇਟ ਵਿਚ ਆ ਚੁੱਕੇ ਹਨ। ਇੱਥੋਂ ਦੀ ਪੁਲਿਸ ਦੇ ਕਈ ਕਰਮਚਾਰੀਆਂ ਦੀਆਂ ਵੀ ਮੌਤਾਂ ਹੋ ਚੁੱਕੀਆਂ ਹਨ ਤੇ ਰਾਸ਼ਟਰਪਤੀ ਦੀ ਪਤਨੀ ਵੀ ਕੋਰੋਨਾ ਪਾਜ਼ੀਟਿਵ ਹੈ।  ਇਸ ਤੋਂ ਇਲ਼ਾਵਾ ਸਪੇਨ ਦੀ ਉਪ ਰਾਸ਼ਟਰਪਤੀ ਨੂੰ ਵੀ ਕੋਰੋਨਾ ਵਾਇਰਸ ਹੈ। ਮਨੁੱਖ ਹੱਕਾਂ ਦੀ ਮੰਤਰੀ ਨੂੰ ਵੀ ਕੋਰੋਨਾ ਵਾਇਰਸ ਹੈ। 

ਇਸ ਦੇ ਨਾਲ ਹੀ ਕਤਲੋਨੀਆ ਦੀ ਮੁੱਖ ਮੰਤਰੀ ਨੂੰ ਵੀ ਕੋਰੋਨਾ ਵਾਇਰਸ ਹੋ ਚੁੱਕਿਆ ਹੈ। ਕਤਲੋਨੀਆ ਦੇ ਉਪ-ਮੁੱਖ ਮੰਤਰੀ ਨੂੰ ਵੀ ਕੋਰੋਨਾ ਹੈ। ਇਸ ਤੋਂ ਇਲ਼ਾਵਾ ਵੀ ਕਈ ਮੰਤਰੀ ਹਨ ਜੋ ਇਸ ਬਿਮਾਰੀ ਦਾ ਸ਼ਿਕਾਰ ਹੋ ਚੁੱਕੇ ਹਨ। ਉਹਨਾਂ ਕਿਹਾ ਕਿ ਇਹ ਅਜਿਹੀ ਬਿਮਾਰੀ ਹੈ ਕਿ ਸਰਕਾਰ ਵੀ ਇਸ ਦੇ ਅੱਗੇ ਬੇਬਸ ਹੋ ਚੁੱਕੀ ਹੈ।

ਉਹਨਾ ਕਿਹਾ ਕਿ ਹੁਣ ਇੱਥੋ ਲੌਕਾਂ ਦੇ ਮਨਾਂ ਵਿਚ ਖੌਫ਼ ਪੈਦਾ ਹੋ ਗਿਆ ਹੈ ਤੇ ਉਹ ਬਾਹਰ ਨਿਕਲਣ ਤੋਂ ਡਰ ਰਹੇ ਹਨ। ਇਸ ਦੇ ਨਾਲ ਹੀ ਉਹਨਾਂ ਨੇ ਸੋਸ਼ਲ ਮੀਡੀਆ ‘ਤੇ ਫੈਲ ਰਹੀਆਂ ਅਫ਼ਵਾਹਾਂ ਨੂੰ ਝੂਠ ਦੱਸਿਆ ਹੈ, ਉਹਨਾਂ ਕਿਹਾ ਕਿ ਇੱਥੋਂ ਦੀ ਸਰਕਾਰ ਹਰ ਤਰ੍ਹਾਂ ਦੀ ਕੋਸ਼ਿਸ਼ ਕਰ ਰਹੀ ਹੈ। ਉਹਨਾਂ ਦੱਸਿਆ ਕਿ ਹੁਣ ਵਿਦੇਸ਼ਾਂ ਵਿਚ ਵਸ ਰਹੇ ਸਿੱਖਾਂ ਵਿਚੋਂ ਵੀ ਕੁਝ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਉਹਨਾਂ ਕਿਹਾ ਕਿ ਹਾਲੇ ਵੀ ਕੁਝ ਲੋਕ ਇਸ ਨੂੰ ਲੈ ਕੇ ਲਾਪਰਵਾਹੀ ਵਰਤ ਰਹੇ ਹਨ।

ਉਹਨਾਂ ਕਿਹਾ ਕਿ ਸਿੱਖ ਭਾਈਚਾਰਾ ਸਰਕਾਰ ਦੀ ਹਰ ਤਰ੍ਹਾਂ ਦੀ ਮਦਦ ਕਰਨ ਲਈ ਤਿਆਰ ਹੈ। ਉਹਨਾਂ ਦੱਸਿਆ ਕਿ ਜਦੋਂ ਉਹ ਮਦਦ ਕਰਨ ਲ਼ਈ ਕਿਸੇ ਵੀ ਵਿਭਾਗ ਨਾਲ ਸੰਪਰਕ ਕਰਦੇ ਹਨ ਤਾਂ ਉਹ ਭਾਵੂਕ ਹੋ ਜਾਂਦੇ ਹਨ। ਇਸ ਦੇ ਨਾਲ ਹੀ ਉਹਨਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਦਰਵਾਜ਼ਾ ਬੰਦ ਹੋਣ ਨਾਲ ਬੰਦ ਨਹੀਂ ਹੁੰਦੇ, ਸਿੱਖੀ ਦੇ ਸਿਧਾਂਤ ਕਦੀ ਵੀ ਬੰਦ ਨਹੀਂ ਹੋ ਸਕਦੇ।

ਬਾਬੇ ਨਾਨਕ ਦੇ ਸਿਧਾਂਤਾਂ ਦੇ ਦਰਵਾਜ਼ੇ ਹਮੇਸ਼ਾਂ ਖੁੱਲ੍ਹੇ ਹਨ। ਉਹਨਾਂ ਕਿਹਾ ਕਿ ਉੱਥੇ ਕੋਈ ਵੀ ਧਾਰਮਿਕ ਸਥਾਨ ਖੋਲ੍ਹਣ ‘ਤੇ ਜ਼ੁਰਮਾਨਾ ਲਗਾਇਆ ਜਾਂਦਾ ਹੈ। ਇਸ ਲਈ ਸਾਨੂੰ ਸਿਆਣਪ ਵਰਤਣ ਦੀ ਲੋੜ ਹੈ। ਉਹਨਾਂ ਕਿਹਾ ਕਿ ਜੇਕਰ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਲੋੜ ਹੈ ਤਾਂ ਉਹ ਗੁਰਦੁਆਰਾ ਸਾਹਿਬ ਦੀ ਕਮੇਟੀ ਨਾਲ ਸੰਪਰਕ ਕਰ ਸਕਦਾ ਹੈ।