ਆਸਟ੍ਰੇਲੀਆ ਗਏ ਪੰਜਾਬੀ ਨੌਜਵਾਨ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਟਰਾਲੇ ਦੇ ਡੂੰਘੀ ਖੱਡ ਵਿਚ ਡਿਗਣ ਕਾਰਨ ਵਾਪਰਿਆ ਹਾਦਸਾ

Punjabi Youth died in Australia

 

ਮਜੀਠਾ : ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਵਿਖੇ ਟਰਾਲੇ ਦੇ ਡੂੰਘੀ ਖੱਡ ਵਿਚ ਡਿਗਣ ਕਾਰਨ ਇਕ ਪੰਜਾਬੀ ਦੀ ਮੌਤ ਹੋ ਗਈ। ਆਮ ਆਦਮੀ ਪਾਰਟੀ ਦੇ ਹਲਕਾ ਮਜੀਠਾ ਦੇ ਸੀਨੀਅਰ ਆਗੂ ਸੁਰਿੰਦਰ ਸਿੰਘ ਲਾਲੀ ਪੁੱਤਰ ਧੀਰ ਸਿੰਘ ਵਾਸੀ ਮਜੀਠਾ ਦਿਹਾਤੀ ਵਲੋਂ ਪ੍ਰਾਪਤ ਜਾਣਕਾਰੀ ਮੁਤਾਬਕ ਰਣਦੀਪ ਸਿੰਘ ਪੁੱਤਰ ਗੁਰਮੇਰ ਸਿੰਘ ਵਾਸੀ ਮਜੀਠਾ ਦਿਹਾਤੀ ਉਸ ਦੇ ਤਾਏ ਦਾ ਪੁੱਤਰ ਹੈ। ਉਹ ਕਰੀਬ 18 ਸਾਲ ਪਹਿਲਾਂ ਆਸਟ੍ਰੇਲੀਆ ਵਿਖੇ ਰੋਟੀ-ਰੋਜ਼ੀ ਦੀ ਭਾਲ ’ਚ ਗਿਆ ਸੀ।

ਚਾਰ ਸਾਲ ਬਾਅਦ ਉਹ ਭਾਰਤ ਇਕ ਵਾਰ ਅਪਣੇ ਪ੍ਰਵਾਰ ਨੂੰ ਮਿਲਣ ਆਇਆ ਸੀ। ਉਸ ਦੀ ਨਿੱਕੀ ਭੈਣ ਵੀ ਕੁਝ ਸਮੇ ਤੋਂ ਆਸਟ੍ਰੇਲੀਆ ਵਿਖੇ ਹੀ ਗਈ ਹੋਈ ਹੈ। ਰਣਦੀਪ ਸਿੰਘ ਦੇ ਮਾਤਾ-ਪਿਤਾ ਮਜੀਠਾ ਦਿਹਾਤੀ ਵਿਖੇ ਰਹਿ ਕੇ ਹੀ ਅਪਣਾ ਪਿਤਾ ਪੁਰਖੀ ਕਿੱਤਾ ਖੇਤੀਬਾੜੀ ਕਰਦੇ ਹਨ ਤੇ ਇਸੇ ਸਾਲ ਮਾਰਚ ਮਹੀਨੇ ਉਹ ਵੀ ਅਪਣੇ ਪੁੱਤਰ ਨੂੰ ਮਿਲਣ ਆਸਟ੍ਰੇਲੀਆ ਗਏ ਹੋਏ ਸਨ ਤੇ ਅਜੇ ਵੀ ਉੱਥੇ ਹੀ ਹਨ।

ਰਣਦੀਪ ਸਿੰਘ ਦੇ ਮਾਤਾ-ਪਿਤਾ ਦੇ ਦੱਸਣ ਮੁਤਾਬਕ ਉਨ੍ਹਾਂ ਦਾ ਪੁੱਤਰ ਰਣਦੀਪ ਸਿੰਘ ਆਸਟ੍ਰੇਲੀਆ ਵਿਖੇ ਟਰਾਲਾ ਚਲਾਉਂਦਾ ਸੀ। ਉਹ ਕੁਝ ਦਿਨ ਪਹਿਲਾਂ ਅਪਣਾ ਟਰਾਲਾ ਲੈ ਕੇ ਕੰਮ ’ਤੇ ਗਿਆ ਸੀ ਪਰ ਰਸਤੇ ’ਚ ਟਰਾਲਾ ਡੂੰਘੀ ਖੱਡ ’ਚ ਡਿੱਗ ਪਿਆ। ਰਣਦੀਪ ਨੇ ਟਰਾਲਾ ਡਿਗਦੇ ਸਾਰ ਉਸ ਵਿਚੋਂ ਬਾਹਰ ਛਾਲ ਮਾਰ ਦਿਤੀ ਸੀ।

ਟਰਾਲਾ ਖੱਡ ’ਚ ਡਿਗਣ ਕਾਰਨ ਉਸ ਨੂੰ ਭਿਆਨਕ ਅੱਗ ਵੀ ਲੱਗ ਗਈ ਪਰ ਰਣਦੀਪ ਟਰਾਲੇ ’ਚੋ ਡਿਗਣ ਕਾਰਨ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ ਜਿਸ ਨੂੰ ਹਸਪਤਾਲ ਵਿਖੇ ਲਿਜਾਇਆ ਗਿਆ ਪਰ ਉਸ ਨੂੰ ਡਕਟਰਾਂ ਨੇ ਮ੍ਰਿਤਕ ਕਰਾਰ ਦੇ ਦਿਤਾ। ਉਸ ਦੀ ਮੌਤ ਦੀ ਖਬਰ ਸੁਣ ਕੇ ਉਸ ਦੇ ਮਜੀਠਾ ਵਿਖੇ ਰਹਿੰਦੇ ਰਿਸ਼ਤੇਦਾਰਾਂ ਵਿਚ ਭਾਰੀ ਸੋਗ ਦੀ ਲਹਿਰ ਪਾਈ ਜਾ ਰਹੀ ਹੈ।