IPL 2023 : ਰਾਜਸਥਾਨ ਲਈ ਸਭ ਤੋਂ ਵੱਡੀ ਪਾਰੀ ਖੇਡਣ ਵਾਲੇ ਯਸ਼ਸਵੀ ਜੈਸਵਾਲ ਦੇ ਸੰਘਰਸ਼ ਦੀ ਕਹਾਣੀ

ਏਜੰਸੀ

ਖ਼ਬਰਾਂ, ਖੇਡਾਂ

ਸਖ਼ਤ ਮਿਹਨਤ 'ਤੇ ਲਗਨ ਨਾਲ ਯਸ਼ਸਵੀ ਜੈਸਵਾਲ ਬਣੇ ਮਿਸਾਲ 

Yashasvi Jaiswal Success Story!

ਗੋਲਗੱਪੇ ਵੇਚਣ ਵਾਲਾ ਮੁੰਡਾ ਆਖ਼ਰ ਕਿਵੇਂ ਬਣਿਆ ਕਰੋੜਪਤੀ?
ਨਵੀਂ ਦਿੱਲੀ :
ਯਸ਼ਸਵੀ ਜੈਸਵਾਲ ਆਈ.ਪੀ.ਐਲ. 2023 ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਨੇ ਨੌਂ ਪਾਰੀਆਂ ਵਿਚ 47.56 ਦੀ ਔਸਤ ਨਾਲ 428 ਦੌੜਾਂ ਬਣਾਈਆਂ ਹਨ। ਉਨ੍ਹਾਂ ਦਾ ਸਟ੍ਰਾਈਕ ਰੇਟ ਵੀ 159.70 ਰਿਹਾ ਹੈ। ਇਸ ਸੀਜ਼ਨ 'ਚ ਹੁਣ ਤਕ ਉਹ 56 ਚੌਕੇ ਅਤੇ 18 ਛੱਕੇ ਲਗਾ ਚੁੱਕੇ ਹਨ। ਉਹ ਇਸ ਸੀਜ਼ਨ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਵੀ ਹਨ ਅਤੇ ਆਰੇਂਜ ਕੈਪ ਵੀ ਉਨ੍ਹਾਂ ਦੇ ਨਾਂ ਹੈ। ਆਈ.ਪੀ.ਐਲ. ਦੇ 1000ਵੇਂ ਮੈਚ ਵਿਚ ਜੈਸਵਾਲ ਨੇ ਮੁੰਬਈ ਇੰਡੀਅਨਜ਼ ਵਿਰੁਧ 124 ਦੌੜਾਂ ਦੀ ਪਾਰੀ ਖੇਡੀ ਸੀ। ਰਾਜਸਥਾਨ ਲਈ ਖੇਡਦੇ ਹੋਏ ਆਈ.ਪੀ.ਐਲ. ਵਿਚ ਕਿਸੇ ਵੀ ਬੱਲੇਬਾਜ਼ ਦਾ ਇਹ ਸਭ ਤੋਂ ਵੱਡਾ ਸਕੋਰ ਹੈ। ਇਸ ਤੋਂ ਪਹਿਲਾਂ ਬਟਲਰ ਨੇ ਵੀ 124 ਦੌੜਾਂ ਦੀ ਪਾਰੀ ਖੇਡੀ ਸੀ।

ਰਾਜਸਥਾਨ ਲਈ ਪਾਰੀ ਦੀ ਸ਼ੁਰੂਆਤ ਕਰਨ ਵਾਲੇ ਜੈਸਵਾਲ 20ਵੇਂ ਓਵਰ 'ਚ ਆਊਟ ਹੋਏ। ਉਨ੍ਹਾਂ ਨੇ 62 ਗੇਂਦਾਂ ਦਾ ਸਾਹਮਣਾ ਕਰਦਿਆਂ 124 ਦੌੜਾਂ ਬਣਾਈਆਂ। ਇਸ ਪਾਰੀ ਵਿਚ ਉਸ ਦੇ ਬੱਲੇ ਤੋਂ 16 ਚੌਕੇ ਅਤੇ ਅੱਠ ਛੱਕੇ ਨਿਕਲੇ। ਉਸ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਰਾਜਸਥਾਨ ਦੀ ਟੀਮ ਨੇ 212 ਦੌੜਾਂ ਦਾ ਸਕੋਰ ਬਣਾਇਆ। ਹਾਲਾਂਕਿ ਗੇਂਦਬਾਜ਼ ਇਸ ਟੀਚੇ ਦਾ ਬਚਾਅ ਨਹੀਂ ਕਰ ਸਕੇ ਪਰ ਜੈਸਵਾਲ ਨੇ ਆਪਣੀ ਪਾਰੀ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ। ਜੈਸਵਾਲ ਦਾ ਕ੍ਰਿਕਟਰ ਬਣਨ ਅਤੇ ਆਈ.ਪੀ.ਐਲ. ਖੇਡਣ ਤੱਕ ਦਾ ਸਫ਼ਰ ਵੀ ਦਿਲਕਸ਼ ਹੈ।
 
ਮੁੰਬਈ ਦੇ ਆਜ਼ਾਦ ਮੈਦਾਨ ਦੇ ਬਾਹਰ ਗੋਲਗੱਪੇ ਵੇਚਣ ਤੋਂ ਲੈ ਕੇ ਆਈ.ਪੀ.ਐਲ. ਵਿਚ ਸੈਂਚੁਰੀਅਨ ਬਣਨ ਤਕ ਯਸ਼ਸਵੀ ਦਾ ਸਫ਼ਰ ਰੋਮਾਂਚਕ ਰਿਹਾ ਹੈ। ਯਸ਼ਸਵੀ ਉੱਤਰ ਪ੍ਰਦੇਸ਼ ਦੇ ਭਦੋਹੀ ਦੇ ਰਹਿਣ ਵਾਲੇ ਹਨ। ਉਨ੍ਹਾਂ ਦਾ ਬਚਪਨ ਬੇਹੱਦ ਗਰੀਬੀ ਵਿਚ ਬੀਤਿਆ। 11 ਸਾਲ ਦੀ ਉਮਰ 'ਚ ਯਸ਼ਸਵੀ ਕ੍ਰਿਕਟਰ ਬਣਨ ਲਈ ਮੁੰਬਈ ਪਹੁੰਚੇ। ਉੱਥੇ ਉਸ ਲਈ  ਕੁਝ ਵੀ ਆਸਾਨ ਨਹੀਂ ਸੀ। ਯਸ਼ਸਵੀ ਨੂੰ ਮੁੰਬਈ ਵਰਗੇ ਵੱਡੇ ਸ਼ਹਿਰ ਵਿਚ ਆਪਣਾ ਨਾਮ ਕਮਾਉਣਾ ਸੀ।

ਇਹ ਵੀ ਪੜ੍ਹੋ: ਕੈਥਲ ਦੇ ਗੁਰੂ ਘਰ 'ਚ ਬੇਅਦਬੀ ਕਰਨ ਵਾਲੇ ਵਿਰੁੱਧ ਮਾਮਲਾ ਦਰਜ 

ਯਸ਼ਸਵੀ ਕਮਾਈ ਕਰਨ ਲਈ ਮੁੰਬਈ ਦੇ ਆਜ਼ਾਦ ਮੈਦਾਨ ਵਿੱਚ ਰਾਮ ਲੀਲਾ ਦੌਰਾਨ ਗੋਲਗੱਪੇ ਅਤੇ ਫਲ ਵੇਚਦੇ ਸਨ।ਕਈ ਵਾਰ ਉਨ੍ਹਾਂ ਨੂੰ ਭੁੱਖੇ ਢਿੱਡ ਵੀ ਸੌਣਾ ਪੈਂਦਾ ਸੀ। ਯਸ਼ਸਵੀ ਡੇਅਰੀ 'ਤੇ ਵੀ ਕੰਮ ਕਰਦੇ ਸਨ। ਉੱਥੇ ਇੱਕ ਦਿਨ ਉਸ ਨੂੰ ਨੌਕਰੀ ਤੋਂ ਕੱਢ ਦਿਤਾ ਗਿਆ। ਇਸ ਦੌਰਾਨ ਕਲੱਬ ਨੇ ਯਸ਼ਸਵੀ ਨੂੰ ਮਦਦ ਦੀ ਪੇਸ਼ਕਸ਼ ਕੀਤੀ ਪਰ ਉਸ ਦੇ ਸਾਹਮਣੇ ਇਕ ਸ਼ਰਤ ਰੱਖੀ ਗਈ ਕਿ ਜੇਕਰ ਉਹ ਚੰਗਾ ਖੇਡੇਗਾ ਤਾਂ ਹੀ ਉਸ ਨੂੰ ਟੈਂਟ 'ਚ ਰਹਿਣ ਲਈ ਜਗ੍ਹਾ ਦਿਤੀ ਜਾਵੇਗੀ। ਟੈਂਟ ਵਿਚ ਯਸ਼ਸਵੀ ਰੋਟੀ ਬਣਾਉਂਦੇ ਸਨ। ਉੱਥੇ ਉਨ੍ਹਾਂ ਨੂੰ ਦੁਪਹਿਰ ਅਤੇ ਰਾਤ ਨੂੰ ਖਾਣਾ ਮਿਲ ਜਾਂਦਾ ਸੀ।

ਯਸ਼ਸਵੀ ਨੇ ਪੈਸੇ ਕਮਾਉਣ ਲਈ ਗੇਂਦਾਂ ਲੱਭਣ ਦਾ ਕੰਮ ਵੀ ਕੀਤਾ। ਅਜ਼ਾਦ ਮੈਦਾਨ ਵਿਚ ਅਕਸਰ ਗੇਂਦ ਗੁਆਚ ਜਾਂਦੀ ਸੀ। ਯਸ਼ਸਵੀ ਨੂੰ ਉਹ ਗੇਂਦ ਲੱਭਣ ਲਈ ਪੈਸੇ ਮਿਲਦੇ ਸਨ। ਇਕ ਦਿਨ ਕੋਚ ਜਵਾਲਾ ਸਿੰਘ ਨੇ ਯਸ਼ਸਵੀ ਦੀ ਨਜ਼ਰ ਦੇਖੀ। ਯਸ਼ਸਵੀ ਵਾਂਗ ਜਵਾਲਾ ਸਿੰਘ ਵੀ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ। ਉਸ ਨੇ ਇਸ ਖੱਬੇ ਹੱਥ ਦੇ ਬੱਲੇਬਾਜ਼ ਨੂੰ ਨਿਖਾਰਿਆ। ਯਸ਼ਸਵੀ ਹਮੇਸ਼ਾ ਜਵਾਲਾ ਸਿੰਘ ਦੀ ਤਾਰੀਫ਼ ਕਰਦੇ ਹਨ। ਉਨ੍ਹਾਂ ਨੇ ਇੱਕ ਵਾਰ ਕਿਹਾ ਸੀ, “ਮੈਂ ਉਨ੍ਹਾਂ ਦਾ ਗੋਦ ਲਿਆ ਪੁੱਤਰ ਹਾਂ। ਮੈਨੂੰ ਇਸ ਮੁਕਾਮ ਤਕ ਪਹੁੰਚਾਉਣ ਵਿਚ ਉਨ੍ਹਾਂ ਨੇ ਅਹਿਮ ਭੂਮਿਕਾ ਨਿਭਾਈ ਹੈ।''

ਯਸ਼ਸਵੀ ਨੇ ਘਰੇਲੂ ਕ੍ਰਿਕਟ ਵਿਚ ਮਹਿਜ਼ 17 ਸਾਲ ਦੀ ਉਮਰ 'ਚ ਯੂਥ ਵਨਡੇਅ  'ਚ ਦੋਹਰਾ ਸੈਂਕੜਾ ਲਗਾ ਕੇ ਵੱਡਾ ਨਾਮਣਾ ਖੱਟਿਆ ਸੀ। ਉਸ ਨੇ 2020 ਵਿਚ ਅੰਡਰ-19 ਵਿਸ਼ਵ ਕੱਪ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਯਸ਼ਸਵੀ ਨੇ ਇੱਕ ਸੈਂਕੜਾ ਅਤੇ ਚਾਰ ਅਰਧ ਸੈਂਕੜੇ ਲਗਾਏ ਸਨ। ਉਸ ਨੇ ਛੇ ਮੈਚਾਂ ਦੀਆਂ ਛੇ ਪਾਰੀਆਂ ਵਿਚ 400 ਦੌੜਾਂ ਬਣਾਈਆਂ। ਉਸ ਦੀ ਔਸਤ 133.33 ਰਹੀ। ਯਸ਼ਸਵੀ ਨੂੰ ਅੰਡਰ-19 ਵਿਸ਼ਵ ਕੱਪ ਵਿਚ ਮੈਨ ਆਫ਼ ਦਾ ਟੂਰਨਾਮੈਂਟ ਦਾ ਪੁਰਸਕਾਰ ਮਿਲਿਆ। ਚਾਰੇ ਪਾਸੇ ਉਨ੍ਹਾਂ ਦੀ ਤਾਰੀਫ਼ ਹੋਈ।

ਯਸ਼ਸਵੀ ਨੂੰ IPL 2020 ਦੀ ਨਿਲਾਮੀ 'ਚ ਰਾਜਸਥਾਨ ਰਾਇਲਸ ਨੇ 2.4 ਕਰੋੜ ਰੁਪਏ 'ਚ ਖ੍ਰੀਦਿਆ ਸੀ। ਉਸ ਨੇ ਰਾਜਸਥਾਨ ਲਈ 2020 ਵਿਚ ਤਿੰਨ ਮੈਚਾਂ ਵਿਚ 40 ਦੌੜਾਂ ਬਣਾਈਆਂ ਸਨ। ਇਸ ਤੋਂ ਬਾਅਦ 2021 'ਚ 10 ਮੈਚਾਂ 'ਚ 249 ਦੌੜਾਂ ਬਣਾਈਆਂ। ਯਸ਼ਸਵੀ ਨੂੰ 2022 ਦੀ ਨਿਲਾਮੀ ਤੋਂ ਪਹਿਲਾਂ ਰਾਜਸਥਾਨ ਨੇ ਬਰਕਰਾਰ ਰੱਖਿਆ ਸੀ। ਉਸ ਨੂੰ ਟੀਮ ਤੋਂ ਬਾਹਰ ਨਹੀਂ ਕੀਤਾ ਗਿਆ। ਨੌਜਵਾਨ ਖਿਡਾਰੀ ਲਈ ਇਹ ਵੱਡੀ ਗੱਲ ਸੀ। ਫ੍ਰੈਂਚਾਈਜ਼ੀ ਨੇ ਉਸ 'ਤੇ ਵਿਸ਼ਵਾਸ ਜਤਾਇਆ। ਉਸ ਨੂੰ 4 ਕਰੋੜ ਰੁਪਏ ਵਿਚ ਬਰਕਰਾਰ ਰੱਖਿਆ ਗਿਆ ਸੀ। ਉਸ ਨੇ 2022 ਆਈ.ਪੀ.ਐਲ. ਵਿਚ 10 ਮੈਚਾਂ ਵਿਚ 258 ਦੌੜਾਂ ਬਣਾਈਆਂ। ਇਸ ਸੀਜ਼ਨ 'ਚ ਉਹ ਸ਼ੁਰੂਆਤ ਤੋਂ ਹੀ ਸ਼ਾਨਦਾਰ ਫਾਰਮ 'ਚ ਸਨ ਅਤੇ ਘਰੇਲੂ ਕ੍ਰਿਕਟ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਉਨ੍ਹਾਂ ਨੇ ਆਈ.ਪੀ.ਐਲ. 'ਚ ਵੀ ਸੈਂਕੜਾ ਲਗਾਇਆ ਹੈ। ਉਨ੍ਹਾਂ ਨੂੰ ਦੇਸ਼ ਦਾ ਭਵਿੱਖ ਮੰਨਿਆ ਜਾ ਰਿਹਾ ਹੈ ਅਤੇ ਆਉਣ ਵਾਲੇ ਸਮੇਂ 'ਚ ਉਨ੍ਹਾਂ ਨੂੰ ਟੀਮ ਇੰਡੀਆ 'ਚ ਵੀ ਸ਼ਾਮਲ ਕੀਤਾ ਜਾ ਸਕਦਾ ਹੈ।