ਮਨਜੋਤ ਕਾਲਰਾ ਅੰਡਰ-19 ਦਾ ਸੁਪਰਸਟਾਰ ਇਕ ਸਾਲ ਲਈ ਮੁਅੱਤਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਪਿਛਲੇ ਅੰਡਰ-19 ਵਰਲਡ ਕੱਪ ਦੇ ਫਾਈਨਲ 'ਚ ਸੈਂਕੜਾ ਜੜਨ ਵਾਲੇ ਖੱਬੇ ਹੱਥ ਦੇ ਸਲਾਮੀ...

Manjot Kalra

ਨਵੀਂ ਦਿੱਲੀ: ਪਿਛਲੇ ਅੰਡਰ-19 ਵਰਲਡ ਕੱਪ ਦੇ ਫਾਈਨਲ 'ਚ ਸੈਂਕੜਾ ਜੜਨ ਵਾਲੇ ਖੱਬੇ ਹੱਥ ਦੇ ਸਲਾਮੀ ਬੱਲੇਬਾਜ਼ ਮਨਜੋਤ ਕਾਲਰਾ ਨੂੰ ਅੰਡਰ-16 ਅਤੇ ਅੰਡਰ-19 ਦੇ ਦਿਨਾਂ 'ਚ ਉਮਰ 'ਚ ਕਥਿਤ ਧੋਖਾਧੜੀ ਕਰਨ ਲਈ ਡੀ. ਡੀ. ਸੀ. ਏ. ਦੇ ਅਹੁਦਾ ਛੱਡਣ ਵਾਲੇ ਲੋਕਪਾਲ ਨੇ ਰਣਜੀ ਟਰਾਫੀ ਖੇਡਣ ਤੋਂ ਇਕ ਸਾਲ ਲਈ ਮੁਅੱਤਲ ਦਿੱਤਾ ਹੈ।

ਇਸ ਤਰ੍ਹਾਂ ਦੇ ਦੋਸ਼ 'ਚ ਹਾਲਾਂਕਿ ਦਿੱਲੀ ਦੀ ਸੀਨੀਅਰ ਟੀਮ ਦੇ ਉਪ ਕਪਤਾਨ ਨਿਤੀਸ਼ ਰਾਣਾ ਨੂੰ ਕੁਝ ਸਮੇਂ ਲਈ ਛੱਡ ਦਿੱਤਾ ਗਿਆ ਹੈ ਕਿਉਂਕਿ ਇਹ ਸਾਬਤ ਕਰਨ ਲਈ ਵੱਧ ਦਸਤਾਵੇਜ਼ਾਂ ਦੀ ਮੰਗ ਕੀਤੀ ਗਈ ਹੈ ਕਿ ਉਨ੍ਹਾਂ ਨੇ ਜੂਨੀਅਰ ਪੱਧਰ 'ਤੇ ਧੋਖਾਧੜੀ ਕੀਤੀ ਸੀ। ਇਕ ਹੋਰ ਅੰਡਰ-19 ਖਿਡਾਰੀ ਸ਼ਿਵਮ ਮਾਵੀ ਦਾ ਮਾਮਲਾ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੂੰ ਸੌਂਪਿਆ ਗਿਆ ਹੈ ਕਿਉਂਕਿ ਉਹ ਸੀਨੀਅਰ ਕ੍ਰਿਕਟ 'ਚ ਉੱਤਰ ਪ੍ਰਦੇਸ਼ ਦੀ ਨੁਮਾਇੰਦਗੀ ਕਰਦੇ ਹਨ।

ਅਹੁਦਾ ਛੱਡਣ ਵਾਲੇ ਲੋਕਪਾਲ ਸੇਵਾਮੁਕਤ ਜੱਜ ਬਦਰ ਦੁਰੇਜ ਅਹਿਮਦ ਨੇ ਆਪਣੇ ਕਾਰਜਕਾਲ ਦੇ ਆਖ਼ਰੀ ਦਿਨ ਉਪਰੋਕਤ ਹੁਕਮ ਦਿੱਤਾ। ਉਨ੍ਹਾਂ ਨੇ ਕਾਲਰਾ ਨੂੰ ਉਮਰ ਵਰਗ ਕ੍ਰਿਕਟ 'ਚ ਦੋ ਸਾਲ ਲਈ ਖੇਡਣ ਲਈ ਪਾਬੰਦੀ ਲਾ ਦਿੱਤੀ ਪਰ ਇਸ ਤੋਂ ਵੀ ਮਹੱਤਵਪੂਰਨ ਇਹ ਹੈ ਕਿ ਉਨ੍ਹਾਂ ਨੂੰ ਇਸ ਸੈਸ਼ਨ 'ਚ ਰਣਜੀ ਟਰਾਫੀ 'ਚ ਖੇਡਣ ਤੋਂ ਰੋਕ ਦਿੱਤਾ ਗਿਆ ਹੈ।

ਬੀ. ਸੀ. ਸੀ. ਆਈ. ਦੇ ਰਿਕਾਰਡ ਦੇ ਮੁਤਾਬਕ ਕਾਲਰਾ ਦੀ ਉਮਰ 20 ਸਾਲ 351 ਦਿਨ ਹੈ। ਉਹ ਪਿਛਲੇ ਹਫਤੇ ਦਿੱਲੀ ਅੰਡਰ-23 ਵੱਲੋਂ ਬੰਗਾਲ ਖਿਲਾਫ ਖੇਡੇ ਸਨ ਜਿਸ 'ਚ ਉਨ੍ਹਾਂ ਨੇ 80 ਦੌੜਾਂ ਬਣਾਈਆਂ ਸਨ। ਰਾਣਾ ਦੇ ਮਾਮਲੇ 'ਚ ਲੋਕਪਾਲ ਨੇ ਡੀ. ਡੀ. ਸੀ. ਏ. ਤੋਂ ਉਨ੍ਹਾਂ ਦੀ ਸਕੂਲ ਤੋਂ ਪੁੱਛ-ਗਿੱਛ ਕਰਨ ਲਈ ਕਿਹਾ ਹੈ। ਉਨ੍ਹਾਂ ਨੇ ਬਰਥ ਸਰਟੀਫਿਕੇਟ ਨਾਲ ਸਬੰਧਤ ਖਾਸ ਦਸਤਾਵੇਜ਼ਾਂ ਨੂੰ ਜੁਟਾਉਣ ਅਤੇ ਉਨ੍ਹਾਂ ਨੂੰ ਅਗਲੀ ਸੁਣਵਾਈ 'ਚ ਪੇਸ਼ ਕਰਨ ਲਈ ਕਿਹਾ ਹੈ।