ਪਹਿਲਵਾਨਾਂ ਦੇ ਧਰਨੇ 'ਚ ਪਹੁੰਚੇ ਭਾਰਤੀ ਓਲੰਪਿਕ ਸੰਘ ਦੇ ਪ੍ਰਧਾਨ ਪੀ.ਟੀ. ਊਸ਼ਾ ਨੇ ਕੀਤੀ ਖਿਡਾਰੀਆਂ ਨਾਲ ਗੱਲਬਾਤ 

ਏਜੰਸੀ

ਖ਼ਬਰਾਂ, ਖੇਡਾਂ

ਸਾਨੂੰ ਇਨਸਾਫ਼ ਦਾ ਭਰੋਸਾ ਮਿਲਿਆ ਹੈ ਪਰ ਜਦੋਂ ਤਕ ਬ੍ਰਿਜ ਭੂਸ਼ਨ ਸ਼ਰਨ ਸਿੰਘ ਜੇਲ ਨਹੀਂ ਜਾਂਦਾ ਉਦੋਂ ਤਕ ਧਰਨਾ ਜਾਰੀ ਰਹੇਗਾ : ਬਜਰੰਗ ਪੂਨੀਆ 

Representational Image

ਨਵੀਂ ਦਿੱਲੀ  : ਭਾਰਤੀ ਓਲੰਪਿਕ ਸੰਘ ਦੀ ਪ੍ਰਧਾਨ ਅਤੇ ਰਾਜ ਸਭਾ ਮੈਂਬਰ (ਨਾਮਜ਼ਦ) ਪੀ.ਟੀ. ਊਸ਼ਾ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਨੂੰ ਮਿਲਣ ਬੁੱਧਵਾਰ ਨੂੰ ਜੰਤਰ-ਮੰਤਰ ਪਹੁੰਚੇ। ਵਿਨੇਸ਼ ਫੋਗਾਟ, ਸਾਕਸ਼ੀ ਮਲਿਕ ਅਤੇ ਬਜਰੰਗ ਪੂਨੀਆ ਸਮੇਤ ਸਾਰੇ ਪਹਿਲਵਾਨਾਂ ਨੇ 23 ਅਪ੍ਰੈਲ ਤੋਂ ਕੁਸ਼ਤੀ ਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਵਿਰੁਧ ਮੋਰਚਾ ਖੋਲ੍ਹਿਆ ਹੈ। ਇਹ ਪਹਿਲਵਾਨ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ 'ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਉਂਦੇ ਹੋਏ ਉਨ੍ਹਾਂ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੇ ਹਨ। 

ਪੀ.ਟੀ. ਊਸ਼ਾ ਨੂੰ ਮਿਲਣ ਤੋਂ ਬਾਅਦ ਪਹਿਲਵਾਨ ਬਜਰੰਗ ਪੂਨੀਆ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, "ਪੀ.ਟੀ. ਊਸ਼ਾ ਨੇ ਕਿਹਾ ਕਿ ਉਹ ਪਹਿਲਵਾਨਾਂ ਦੇ ਨਾਲ ਹਨ ਅਤੇ ਸਾਨੂੰ ਇਨਸਾਫ਼ ਦਿਵਾਉਣਗੇ। ਉਹ ਪਹਿਲਾਂ ਐਥਲੀਟ ਹਨ ਤਾਤੇ ਫਿਰ ਕੁਝ ਹੋਰ। ਉਸ ਨੇ ਕਿਹਾ ਕਿ ਉਹ ਸਾਡੀ ਸਮੱਸਿਆ ਨੂੰ ਘੋਖੇਗੀ ਅਤੇ ਜਲਦੀ ਤੋਂ ਜਲਦੀ ਇਸ ਦਾ ਹੱਲ ਕਰੇਗੀ। ਜਦੋਂ ਤਕ ਬ੍ਰਿਜ ਭੂਸ਼ਨ ਸ਼ਰਨ ਸਿੰਘ ਜੇਲ ਨਹੀਂ ਜਾਂਦਾ ਉਦੋਂ ਤਕ ਅਸੀਂ ਇਥੇ ਹੀ ਰਹਾਂਗੇ।''

ਇਹ ਵੀ ਪੜ੍ਹੋ: ਭਾਰਤੀ-ਅਮਰੀਕੀ ਸਿੱਖ ਨੇ ਜਿਤਿਆ ਐਲੋਨ ਮਸਕ ਤੋਂ ਮਾਣਹਾਨੀ ਦਾ ਕੇਸ

ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਦੇਸ਼ ਲਈ ਕਈ ਤਮਗ਼ੇ ਜਿੱਤਣ ਵਾਲੇ ਪਹਿਲਵਾਨ ਜੰਤਰ-ਮੰਤਰ 'ਤੇ ਪ੍ਰਦਰਸ਼ਨ ਕਰ ਰਹੇ ਹਨ। ਪਹਿਲਵਾਨਾਂ ਵਲੋਂ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਦਿੱਲੀ ਪੁਲਿਸ ਨੇ ਬ੍ਰਿਜ ਭੂਸ਼ਣ ਵਿਰੁਧ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ 'ਤੇ ਦੋ ਮਾਮਲੇ ਦਰਜ ਕੀਤੇ ਸਨ। 

ਧਰਨੇ 'ਤੇ ਪਹੁੰਚਣ ਮੌਕੇ ਪੀ.ਟੀ. ਊਸ਼ਾ ਦਾ ਉਥੇ ਮੌਜੂਦ ਲੋਕਾਂ ਵਲੋਂ ਵਿਰੋਧ ਵੀ ਕੀਤਾ ਗਿਆ। ਦਸਣਯੋਗ ਹੈ ਕਿ ਉਨ੍ਹਾਂ ਵਲੋਂ ਕੁੱਝ ਦਿਨ ਪਹਿਲਾਂ ਇਕ ਬਿਆਨ ਦਿਤਾ ਗਿਆ ਸੀ ਕਿ ਪਹਿਲਵਾਨਾਂ ਦਾ ਸੜਕਾਂ 'ਤੇ ਪ੍ਰਦਰਸ਼ਨ ਅਨੁਸ਼ਾਸਨਹੀਣਤਾ ਹੈ, ਇਹ ਭਾਰਤ ਦੇ ਅਕਸ ਨੂੰ ਨੁਕਸਾਨ ਪਹੁੰਚਾਏਗਾ। ਇਸ ਦੇ ਜਵਾਬ ਵਿਚ ਪਹਿਲਵਾਨ ਬਜਰੰਗ ਪੂਨੀਆ ਦਾ ਬਿਆਨ ਵੀ ਸਾਹਮਣੇ ਆਇਆ ਸੀ ਜਿਸ ਵਿਚ ਉਨ੍ਹਾਂ ਕਿਹਾ ਸੀ, ''ਪੀ.ਟੀ. ਊਸ਼ਾ ਜੀ ਤੋਂ ਸਾਨੂੰ ਇਹ ਉਮੀਦ ਨਹੀਂ ਸੀ। ਅਸੀਂ ਸੋਚਿਆ ਕਿ ਉਹ ਐਥਲੀਟਾਂ ਦੇ ਨਾਲ ਖੜ੍ਹੇ ਹੋਣਗੇ। ਉਹ ਖ਼ੁਦ ਇਕ ਔਰਤ ਹਨ। ਮੈਂ ਉਨ੍ਹਾਂ ਦੇ ਸ਼ਬਦਾਂ ਤੋਂ ਦੁਖੀ ਹਾਂ। ਉਨ੍ਹਾਂ ਨੇ ਹਾਲ ਹੀ 'ਚ ਟਵੀਟ ਕੀਤਾ ਸੀ ਕਿ ਕੁਝ ਬਦਮਾਸ਼ ਉਨ੍ਹਾਂ ਦੀ ਅਕੈਡਮੀ ਦੀ ਜ਼ਮੀਨ ਹੜੱਪਣ ਦੀ ਕੋਸ਼ਿਸ਼ ਕਰ ਰਹੇ ਹਨ। ਕੀ ਉਸ ਸਮੇਂ ਦੇਸ਼ ਦਾ ਅਕਸ ਖ਼ਰਾਬ ਨਹੀਂ ਹੋ ਰਿਹਾ ਸੀ?''