ਜਰਖੜ ਖੇਡਾਂ- ਸਬ ਜੂਨੀਅਰ ਵਰਗ ਵਿਚ ਬਾਗੜੀਆਂ ਹਾਕੀ ਸੈਂਟਰ ਪੀਪੀਐੱਸ ਨਾਭਾ ਨੂੰ ਹਰਾ ਕੇ ਬਣਿਆ ਚੈਂਪੀਅਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਸੀਨੀਅਰ ਵਰਗ ਵਿਚ ਫਰਿਜ਼ਨੋ ਫੀਲਡ ਹਾਕੀ ਕਲੱਬ ਅਤੇ ਕਿਲਾ ਰਾਏਪੁਰ ਫਾਈਨਲ ਵਿਚ ਪੁੱਜੇ

Hockey

ਲੁਧਿਆਣਾ: ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਜਰਖੜ ਵੱਲੋਂ ਕਰਵਾਏ ਜਾ ਰਹੇ 9ਵੇਂ ਉਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਆਖਰੀ ਗੇੜ ਦੇ ਮੌਚਾਂ ਦੌਰਾਨ ਸਬ ਜੂਨੀਅਰ ਵਰਗ ਵਿਚ ਜਿੱਥੇ ਬਾਗੜੀਆਂ ਹਾਕੀ ਸੈਂਟਰ ਨੇ ਖਿਤਾਬੀ ਜਿੱਤ ਆਪਣੇ ਨਾਂਅ ਕੀਤੀ ਉੱਥੇ ਸੀਨੀਅਰ ਵਰਗ ਵਿਚ ਫਰਿਜ਼ਨੋ ਫੀਲਡ ਹਾਕੀ ਕਲੱਬ ਅਤੇ ਗਰੇਵਾਲ ਕਲੱਬ ਕਿਲਾ ਰਾਏਪੁਰ ਨੇ ਆਪੋ-ਆਪਣੇ ਸੈਮੀਫਾਈਨਲ ਮੁਕਾਬਲੇ ਜਿੱਤ ਕੇ ਫਾਈਨਲ ਟੱਕਰ ਦੇ ਆਪਣੇ ਆਪ ਨੂੰ ਯੋਗ ਬਣਾਇਆ। ਲੁਧਿਆਣਾ ਰੇਂਜ ਦੇ ਡੀ.ਆਈ.ਜੀ ਰਣਬੀਰ ਸਿੰਘ ਖੱਟੜਾ ਨੇ ਬੱਚਿਆਂ ਦੇ ਮੈਚਾਂ ਦਾ ਆਨੰਦ ਮਾਣਦਿਆਂ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕੀਤੀ।

ਮਾਤਾ ਸਾਹਿਬ ਕੌਰ ਖੇਡ ਕੰਪਲੈਕਸ ਜਰਖੜ ਫਲੱਡ ਲਾਈਟਾਂ ਦੀ ਰੌਸ਼ਨੀ ਵਿਚ ਪੂਰੀ ਤਰ੍ਹਾਂ ਹਾਕੀ ਦੇ ਰੰਗ ਵਿਚ ਰੰਗਿਆ ਹੋਇਆ ਸੀ। ਸਬ ਜੂਨੀਅਰ ਵਰਗ ਦੇ ਫਾਈਨਲ ਵਿਚ ਬਾਗੜੀਆਂ ਹਾਕੀ ਸੈਂਟਰ ਨੇ ਪੀਪੀਐੱਸ ਨਾਭਾ ਨੂੰ 5-0 ਨਾਲ ਹਰਾ ਕੇ ਸਬ ਜੂਨੀਅਰ ਖਿਤਾਬ ਆਪਣੇ ਨਾਂਅ ਕੀਤਾ। ਜੇਤੂ ਟੀਮ ਵੱਲੋਂ ਤਰਨਵੀਰ ਸਿੰਘ, ਹਰਜੋਤ ਸਿੰਘ ਨੇ 2-2 ਅਤੇ ਅਰਮਾਨ ਖਾਨ ਨੇ ਇੱਕ ਗੋਲ ਕੀਤਾ। ਬਾਗੜੀਆਂ ਦਾ ਹਰਜੋਤ ਸਿੰਘ ਫਾਈਨਲ ਮੈਚ ਦਾ ਮੈਨ ਆਫ ਦਾ ਮੈਚ, ਬਾਗੜੀਆਂ ਦਾ ਹੀ ਕਰਨਵੀਰ ਸਿੰਘ ਮੈਨ ਆਫ ਦਾ ਟੂਰਨਾਮੈਂਟ, ਰਾਮਪੁਰ ਹਾਕੀ ਸੈਂਟਰ ਦਾ ਜਸਵਿੰਦਰ ਸਿੰਘ ਉੱਭਰਦਾ ਹਾਕੀ ਹੁਨਰ ਐਵਾਰਡ ਅਤੇ ਨਾਭਾ ਦਾ ਮਨਤਾਜ ਸਿੰਘ ਨੂੰ ਹਾਕੀ ਪ੍ਰੇਮੀਆਂ ਦਾ ਪਿਆਰਾ ਖਿਡਾਰੀ ਐਵਾਰਡ ਵੱਜੋਂ ਸਾਈਕਲਾਂ ਨਾਲ ਸਨਮਾਨਿਤ ਕੀਤਾ ਗਿਆ।

ਦੋਵੇਂ ਜੇਤੂ ਟੀਮਾਂ ਨੂੰ ਮੈਡਲ ਅਤੇ ਯਾਦਗਾਰੀ ਤੋਹਫਿਆ ਨਾਲ ਸਨਮਾਨਿਤ ਕਰਕੇ ਬੱਚਿਆਂ ਦੀ ਹਾਕੀ ਨੁੰ ਬੜਾਵਾ ਦੇਣ ਦੀ ਨਵੀਂ ਪਿਰਤ ਪਾਈ। ਇਸ ਤੋਂ ਬਾਅਦ ਸੀਨੀਅਰ ਵਰਗ ਦੇ ਖੇਡੇ ਗਏ ਸੈਮੀਫਾਈਨਲ ਮੈਚਾਂ ਵਿਚ ਫਰਿਜ਼ਨੋ ਫੀਲਡ ਹਾਕੀ ਕਲੱਬ ਨੇ ਅਕਾਲਗੜ੍ਹ ਇਲੈਵਨ ਨੂੰ 8-4 ਨਾਲ ਦੂਸਰੇ ਫਸਵੇਂ ਅਤੇ ਸੰਘਰਸ਼ਪੂਰਨ ਮੁਕਾਬਲੇ ਵਿਚ ਗਰੇਵਾਲ ਕਲੱਬ ਕਿਲਾ ਰਾਏਪੁਰ ਨੇ ਨੀਟਾ ਕਲੱਬ ਰਾਮਪੁਰ ਨੂੰ 6-4 ਨਾਲ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਪਾਇਆ।

ਮੈਚਾਂ ਦੌਰਾਨ ਰਣਵੀਰ ਸਿੰਘ ਖੱਟੜਾ ਡੀ.ਆਈ.ਜੀ ਲੁਧਿਆਣਾ ਰੇਂਜ ਨੇ ਮੁੱਖ ਮਹਿਮਾਨ ਵੱਜੋਂ ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕਰਦਿਆ ਆਖਿਆ ਕਿ ਜਰਖੜ ਸਟੇਡੀਅਮ ਪੰਜਾਬ ਦੇ ਖੇਡ ਸੱਭਿਆਚਾਰ ਦਾ ਇੱਕ ਮਾਰਗ ਦਰਸ਼ਕ ਹੈ। ਜੇਕਰ ਪੰਜਾਬ ਨੂੰ ਨਸ਼ਾ ਰਹਿਤ ਸੂਬਾ ਬਣਾਉਣਾ ਹੈ ਤਾਂ ਸਾਨੂੰ ਸਾਰਿਆਂ ਨੂੰ ਜਰਖੜ ਹਾਕੀ ਅਕੈਡਮੀ ਵਰਗੇ ਉਪਰਾਲੇ ਕਰਨੇ ਚਾਹੀਦੇ ਹਨ। ਉਨ੍ਹਾਂ ਨੇ ਜਰਖੜ ਹਾਕੀ ਅਕੈਡਮੀ ਨਾਲ ਪੱਕੇ ਤੌਰ 'ਤੇ ਜੁੜਨ ਦੀ ਵਚਨਬੱਧਤਾ ਨੂੰ ਦਹੁਰਾਉਂਦਿਆ ਆਖਿਆ ਕਿ ਉਹ ਅਗਲੇ ਸਾਲ ਤੋਂ ਹਾਕੀ ਦੇ ਨਾਲ-ਨਾਲ ਕੁਸ਼ਤੀ ਦੀ ਵੀ ਜਰਖੜ ਸਟੇਡੀਅਮ ਵਿਖੇ ਲੀਗ ਸ਼ੁਰੂ ਕਰਨਗੇ।

ਇਸ ਮੌਕੇ ਉਨ੍ਹਾਂ ਨੇ ਸਮਾਜਿਕ ਸਖਸ਼ੀਅਤਾਂ ਹਰਚਰਨ ਸਿੰਘ ਸਿੱਧੂ (ਆਈ.ਏ.ਐੱਸ) ਗੁਰਵੰਸ਼ ਸਿੰਘ ਬੈਂਸ ਡੀ.ਐੱਸ.ਪੀ. ਦਾਖਾ, ਕੁਲਵੀਰ ਸਿੰਘ ਭੰਗੂ ਡੀ.ਐੱਸ.ਪੀ. ਖੰਨਾ ਅੰਤਰ-ਰਾਸ਼ਟਰੀ ਸਾਈਕਲਿਸਟ, ਪਰਮਜੀਤ ਸਿੰਘ ਖੱਟੜਾ ਕੱਲੜ ਮਾਜਰੀ ਪਟਿਆਲਾ, ਕੰਵਰ ਹਰਪ੍ਰੀਤ ਸਿੰਘ ਚੇਅਰਮੈਨ ਜਨ ਸ਼ਕਤੀ ਅਤੇ ਪ੍ਰਚਾਰ ਬੋਰਡ ਪੰਜਾਬ ਪ੍ਰਦੇਸ਼ ਕਾਂਗਰਸ, ਅਸ਼ੋਕ ਕੁਮਾਰ ਪ੍ਰਾਸ਼ਰ (ਪੱਪੀ ਸ਼ਾਹਪੁਰੀਆ) ਚੇਅਰਮੈਨ ਜਰਖੜ ਅਕੈਡਮੀ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ। ਜਰਖੜ ਸਪੋਰਟ ਟਰੱਸਟ ਦੇ ਪ੍ਰਧਾਨ ਐਡਵੋਕੇਟ ਹਰਕਮਲ ਸਿੰਘ, ਸਕੱਤਰ ਜਗਦੇਵ ਸਿੰਘ ਕਾਹਲੋ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਆਖਿਆ। ਉਲੰਪੀਅਨ ਹਰਪਾਲ ਸਿੰਘ ਨਾਮਧਾਰੀ ਨੇ ਵੀ ਵਿਸ਼ੇਸ਼ ਮਹਿਮਾਨ ਵਜੋਂ ਹਾਜਰੀ ਭਰੀ।