ਬਾਰਡਰ-ਗਵਾਸਕਰ ਟਰਾਫ਼ੀ ਤੋਂ ਪਹਿਲਾਂ ਕਮਿੰਸ ਨੇ ਮਾਰੀ ਬੜ੍ਹਕ : ਹੁਣ ਭਾਰਤ ਵਿਰੁਧ ਰੀਕਾਰਡ ਸੁਧਾਰਨ ਦਾ ਸਮਾਂ ਆ ਗਿਆ : ਪੈਟ ਕਮਿੰਸ 

ਏਜੰਸੀ

ਖ਼ਬਰਾਂ, ਖੇਡਾਂ

ਕਿਹਾ, ਮੈਂ ਬਾਰਡਰ-ਗਾਵਸਕਰ ਟਰਾਫੀ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ

Pat Cummins.

ਮੈਲਬਰਨ : ਆਸਟਰੇਲੀਆ ਦੇ ਕਪਤਾਨ ਪੈਟ ਕਮਿੰਸ ਨੂੰ ਭਰੋਸਾ ਹੈ ਕਿ ਉਨ੍ਹਾਂ ਦੀ ਟੀਮ ਭਾਰਤ ਵਿਰੁਧ ਆਗਾਮੀ ਪੰਜ ਮੈਚਾਂ ਦੀ ਸੀਰੀਜ਼ ’ਚ ਚੰਗਾ ਪ੍ਰਦਰਸ਼ਨ ਕਰ ਕੇ ਅਪਣੇ ਸਖਤ ਵਿਰੋਧੀਆਂ ਵਿਰੁਧ ਲਗਾਤਾਰ ਹਾਰ ਦੀ ਭਰਪਾਈ ਕਰਨ ’ਚ ਸਫਲ ਹੋਵੇਗੀ। 

ਉਨ੍ਹਾਂ ਇਹ ਵੀ ਕਿਹਾ ਕਿ 22 ਨਵੰਬਰ ਤੋਂ ਸ਼ੁਰੂ ਹੋਣ ਵਾਲੀ ਬਾਰਡਰ-ਗਾਵਸਕਰ ਟਰਾਫੀ ’ਚ ਮੁਕਾਬਲਾ ਬਰਾਬਰ ਹੋਵੇਗਾ। ਭਾਰਤ ਨੇ 2016-17 ਤੋਂ 2022-23 ਤਕ ਆਸਟਰੇਲੀਆ ਤੋਂ ਲਗਾਤਾਰ ਚਾਰ ਸੀਰੀਜ਼ ਜਿੱਤੀਆਂ ਹਨ। ਇਨ੍ਹਾਂ ਵਿਚੋਂ ਦੋ ਮੌਕਿਆਂ ’ਤੇ ਉਸ ਨੇ ਆਸਟਰੇਲੀਆ ਨੂੰ ਉਸ ਦੀ ਧਰਤੀ ’ਤੇ ਹਰਾਇਆ। 

ਕਮਿੰਸ ਨੇ ਕਿਹਾ ਕਿ ਆਸਟਰੇਲੀਆ ਪਿਛਲੇ ਸਾਲ ਲੰਡਨ ਵਿਚ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਭਾਰਤ ਵਿਰੁਧ ਜਿੱਤ ਤੋਂ ਪ੍ਰੇਰਣਾ ਲੈਣ ਦੀ ਕੋਸ਼ਿਸ਼ ਕਰੇਗਾ। ਕਮਿੰਸ ਨੇ ਸਟਾਰ ਸਪੋਰਟਸ ਨੂੰ ਕਿਹਾ, ‘‘ਅਸੀਂ ਆਸਟਰੇਲੀਆ ’ਚ ਖੇਡੀਆਂ ਗਈਆਂ ਪਿਛਲੀਆਂ ਦੋ ਸੀਰੀਜ਼ਾਂ ’ਚ ਸਫਲ ਨਹੀਂ ਹੋਏ ਸੀ। ਸਾਨੂੰ ਭਾਰਤ ਵਿਰੁਧ ਸੀਰੀਜ਼ ਜਿੱਤੇ ਲੰਮਾ ਸਮਾਂ ਹੋ ਗਿਆ ਹੈ। ਹੁਣ ਇਸ ਨੂੰ ਸੁਧਾਰਨ ਦਾ ਸਮਾਂ ਆ ਗਿਆ ਹੈ।’’

ਉਨ੍ਹਾਂ ਕਿਹਾ, ‘‘ਅਸੀਂ ਨਿਯਮਿਤ ਤੌਰ ’ਤੇ ਭਾਰਤ ਵਿਰੁਧ ਖੇਡੇ ਹਾਂ ਅਤੇ ਉਨ੍ਹਾਂ ਨੇ ਸਾਨੂੰ ਹਰਾਇਆ ਹੈ ਪਰ ਅਸੀਂ ਉਨ੍ਹਾਂ ਵਿਰੁਧ ਕਈ ਜਿੱਤਾਂ ਵੀ ਹਾਸਲ ਕੀਤੀਆਂ ਹਨ ਜਿਨ੍ਹਾਂ ਤੋਂ ਅਸੀਂ ਪ੍ਰੇਰਣਾ ਲੈਣ ਦੀ ਕੋਸ਼ਿਸ਼ ਕਰਾਂਗੇ। ਇਨ੍ਹਾਂ ’ਚ ਹਾਲ ਹੀ ’ਚ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਵੀ ਸ਼ਾਮਲ ਹੈ ਜਿੱਥੇ ਅਸੀਂ ਸਫਲ ਰਹੇ। ਮੈਂ ਬਾਰਡਰ-ਗਾਵਸਕਰ ਟਰਾਫੀ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ।’’ 

ਸੀਨੀਅਰ ਬੱਲੇਬਾਜ਼ ਸਟੀਵ ਸਮਿਥ ਨੇ ਕਪਤਾਨ ਨਾਲ ਸਹਿਮਤੀ ਪ੍ਰਗਟਾਈ ਅਤੇ ਕਿਹਾ ਕਿ ਭਾਰਤ ਚੰਗੀ ਤਰ੍ਹਾਂ ਸੰਤੁਲਿਤ ਟੀਮ ਹੈ ਅਤੇ ਆਸਟਰੇਲੀਆ ਨੂੰ ਉਨ੍ਹਾਂ ਵਿਰੁਧ ਸਖਤ ਇਮਤਿਹਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ, ‘‘ਇਹ ਸ਼ਾਨਦਾਰ ਸੀਰੀਜ਼ ਹੋਣ ਜਾ ਰਹੀ ਹੈ। ਭਾਰਤ ਸ਼ਾਨਦਾਰ ਕ੍ਰਿਕਟ ਖੇਡ ਰਿਹਾ ਹੈ। ਅਸੀਂ ਪਿਛਲੇ ਦੋ ਵਾਰ ਭਾਰਤ ਨੂੰ ਨਹੀਂ ਹਰਾਇਆ ਹੈ। ਉਹ ਇਕ ਸ਼ਾਨਦਾਰ ਟੀਮ ਹੈ ਜਿਸ ’ਚ ਸਾਰੇ ਵਿਭਾਗਾਂ ’ਚ ਚੰਗੇ ਖਿਡਾਰੀ ਹਨ। ਉਹ ਸਾਡੇ ਵਿਰੁਧ ਅਪਣੇ ਦੇਸ਼ ’ਚ ਵੀ ਖੇਡੇ ਸਨ। ਇਸ ਲਈ ਆਉਣ ਵਾਲੀ ਸੀਰੀਜ਼ ਕਾਫ਼ੀ ਦਿਲਚਸਪ ਹੋਣ ਵਾਲੀ ਹੈ।’’

ਆਲਰਾਊਂਡਰ ਗਲੇਨ ਮੈਕਸਵੈਲ ਨੇ ਕਿਹਾ ਕਿ ਭਾਰਤ ਅਤੇ ਆਸਟਰੇਲੀਆ ਵਿਚਾਲੇ ਕਿਸੇ ਵੀ ਫਾਰਮੈਟ ਵਿਚ ਮੁਕਾਬਲਾ ਰੋਮਾਂਚਕ ਹੁੰਦਾ ਹੈ। ਉਨ੍ਹਾਂ ਕਿਹਾ ਕਿ ਦੋਹਾਂ ਟੀਮਾਂ ਨੇ ਪਿਛਲੇ ਕੁੱਝ ਸਾਲਾਂ ’ਚ ਰੈਂਕਿੰਗ ’ਚ ਕਈ ਸਥਾਨ ਬਦਲੇ ਹਨ। ਫਾਰਮੈਟ ਜੋ ਵੀ ਹੋਵੇ, ਤੁਸੀਂ ਹਮੇਸ਼ਾ ਇਨ੍ਹਾਂ ਦੋਹਾਂ ਟੀਮਾਂ ਨੂੰ ਕਿਸੇ ਨਾ ਕਿਸੇ ਪੱਧਰ ’ਤੇ ਵਿਸ਼ਵ ਰੈਂਕਿੰਗ ’ਚ ਨੰਬਰ ਇਕ ਸਥਾਨ ’ਤੇ ਦੇਖੋਂਗੇ। ਜਦੋਂ ਵੀ ਇਹ ਦੋਵੇਂ ਟੀਮਾਂ ਖੇਡਦੀਆਂ ਹਨ ਤਾਂ ਮੈਚ ਜ਼ਰੂਰ ਵੇਖਣਾ ਚਾਹੀਦਾ ਹੈ। (ਪੀਟੀਆਈ)