36ਵੀਆਂ ਕੌਮੀ ਖੇਡਾਂ: ਕ੍ਰਿਪਾਲ ਸਿੰਘ ਨੇ ਨਵੇਂ ਰਿਕਾਰਡ ਨਾਲ ਡਿਸਕਸ ਥਰੋਅ ’ਚ ਜਿੱਤਿਆ ਸੋਨੇ ਦਾ ਤਮਗ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਨਿਸ਼ਾਨੇਬਾਜ਼ੀ ਵਿਚ ਸਿਫ਼ਤ ਕੌਰ ਸਮਰਾ ਅਤੇ ਵਿਜੈਵੀਰ ਸਿੰਘ ਸਿੱਧੂ ਤੇ ਹਰਨਵਦੀਪ ਕੌਰ ਨੇ ਵੀ ਸੋਨੇ ਦੇ ਤਮਗ਼ੇ ਜਿੱਤੇ

Kirpal Singh wins gold medal in discus throw, makes new record at National Games

 

ਚੰਡੀਗੜ੍ਹ: ਗੁਜਰਾਤ ਵਿਖੇ ਚੱਲ ਰਹੀਆਂ 36ਵੀਆਂ ਨੈਸ਼ਨਲ ਖੇਡਾਂ ਵਿੱਚ ਅੱਜ ਪੰਜਾਬ ਦੇ ਖਿਡਾਰੀਆਂ ਨੇ ਤਿੰਨ ਸੋਨੇ, ਇਕ ਚਾਂਦੀ ਅਤੇ ਤਿੰਨ ਕਾਂਸੀ ਦੇ ਤਮਗ਼ੇ ਜਿੱਤੇ ਜਿਨਾਂ ਵਿੱਚ ਪੰਜਾਬ ਦੇ ਇਕ ਅਥਲੀਟ ਵੱਲੋਂ ਬਣਾਇਆ ਨਵਾਂ ਨੈਸ਼ਨਲ ਗੇਮਜ਼ ਰਿਕਾਰਡ ਵੀ ਸ਼ਾਮਲ ਹੈ। ਪੰਜਾਬ ਨੇ ਹੁਣ ਤੱਕ 11 ਸੋਨੇ, 14 ਚਾਂਦੀ ਤੇ 13 ਕਾਂਸੀ ਦੇ ਤਮਗਿਆਂ ਨਾਲ ਕੁੱਲ 38 ਤਮਗ਼ੇ ਜਿੱਤੇ ਹਨ। 

ਅੱਜ ਦੇ ਮੁਕਾਬਲਿਆਂ ਵਿੱਚ ਪੁਰਸ਼ਾਂ ਦੇ ਡਿਸਕਸ ਥਰੋਅ ਵਿੱਚ ਪੰਜਾਬ ਦੇ ਕ੍ਰਿਪਾਲ ਸਿੰਘ ਬਾਠ ਨੇ 59.32 ਮੀਟਰ ਦੀ ਥਰੋਅ ਨਾਲ 25 ਸਾਲ ਪੁਰਾਣਾ ਸ਼ਕਤੀ ਸਿੰਘ ਦਾ ਨੈਸ਼ਨਲ ਗੇਮਜ਼ ਰਿਕਾਰਡ ਤੋੜਦਿਆਂ ਸੋਨੇ ਦਾ ਤਮਗ਼ਾ ਜਿੱਤਿਆ। ਕ੍ਰਿਪਾਲ ਨੇ ਪੰਜਵੀਂ ਥਰੋਅ ਵਿੱਚ ਇਹ ਰਿਕਾਰਡ ਬਣਾਇਆ। ਮਹਿਲਾਵਾਂ ਦੀ 50 ਮੀਟਰ ਰਾਈਫ਼ਲ ਥ੍ਰੀ ਪੁਜੀਸ਼ਨ ਵਿੱਚ ਪੰਜਾਬ ਦੀ ਸਿਫ਼ਤ ਕੌਰ ਸਮਰਾ ਨੇ ਸੋਨੇ ਅਤੇ ਇਕ ਹੋਰ ਪੰਜਾਬ ਦੀ ਖਿਡਾਰਨ ਅੰਜੁਮ ਮੌਦਗਿਲ ਨੇ ਕਾਂਸੀ ਦਾ ਤਮਗ਼ਾ ਜਿੱਤਿਆ। ਏਅਰ ਪਿਸਟਲ ਮਿਕਸਡ ਟੀਮ ਈਵੈਂਟ ਵਿੱਚ ਵਿਜੈਵੀਰ ਸਿੰਘ ਸਿੱਧੂ ਤੇ ਹਰਨਵਦੀਪ ਕੌਰ ਨੇ ਸੋਨੇ ਦਾ ਤਮਗ਼ਾ ਜਿੱਤਿਆ।

ਰੋਇੰਗ ਦੇ ਟੀਮ ਮੁਕਾਬਲਿਆਂ ਵਿੱਚ ਪੰਜਾਬ ਦੀ ਟੀਮ ਭਗਵਾਨ ਸਿੰਘ, ਜਸਪ੍ਰੀਤ ਬੀਜਾ, ਅਰਵਿੰਦਰ ਸਿੰਘ ਤੇ ਸੁਖਜਿੰਦਰ ਸਿੰਘ ਨੇ ਚਾਂਦੀ ਦਾ ਤਮਗ਼ਾ ਜਿੱਤਿਆ। ਇਸ ਤੋਂ ਇਲਾਵਾ ਤਲਵਾਰਬਾਜ਼ੀ ਦੇ ਟੀਮ ਮੁਕਾਬਲੇ ਵਿੱਚ ਉਦੈਵੀਰ ਸਿੰਘ, ਪਰਵੀਰ ਸਿੰਘ ਤੇ ਨੇਕਪ੍ਰੀਤ ਸਿੰਘ ਦੀ ਟੀਮ ਨੇ ਕਾਂਸੀ ਦਾ ਤਮਗ਼ਾ ਜਿੱਤਿਆ। ਬਾਸਕਟਬਾਲ 3ਬਾਏ3 ਵਿੱਚ ਪੰਜਾਬ ਦੀ ਟੀਮ ਨੇ ਕਾਂਸੀ ਦਾ ਤਮਗ਼ਾ ਜਿੱਤਿਆ।ਮਹਿਲਾ ਹਾਕੀ ਦੇ ਗਰੁੱਪ ਮੁਕਾਬਲਿਆਂ ਵਿੱਚ ਪੰਜਾਬ ਨੇ ਅੱਜ ਮੱਧ ਪ੍ਰਦੇਸ਼ ਨੂੰ 2-1 ਨਾਲ ਹਰਾਇਆ। ਇਸ ਤੋਂ ਪਹਿਲਾਂ ਪੰਜਾਬ ਨੇ ਕੱਲ ਕਰਨਾਟਕਾ ਨੂੰ 6-1 ਨਾਲ ਹਰਾਇਆ ਸੀ।