ਬੈਡਮਿੰਟਨ ਖਿਡਾਰੀ ਉੱਨਤੀ ਹੁੱਡਾ ਬਣੀ ਅੰਡਰ-17 ਮਹਿਲਾ ਸਿੰਗਲਜ਼ ਦੇ ਫ਼ਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਭਾਰਤੀ

ਏਜੰਸੀ

ਖ਼ਬਰਾਂ, ਖੇਡਾਂ

ਬੈਡਮਿੰਟਨ ਏਸ਼ੀਆ ਜੂਨੀਅਰ ਚੈਂਪੀਅਨਸ਼ਿਪ 'ਚ ਹੋਰ ਵੀ ਕਈ ਖਿਡਾਰੀਆਂ ਨੇ ਕੀਤਾ ਵਧੀਆ ਪ੍ਰਦਰਸ਼ਨ

Image

 

ਨਵੀਂ ਦਿੱਲੀ - ਭਾਰਤ ਦੀ ਉੱਭਰਦੀ ਸ਼ਟਲਰ ਉੱਨਤੀ ਹੁੱਡਾ ਨੇ ਸ਼ਨੀਵਾਰ ਨੂੰ ਜਾਪਾਨ ਦੀ ਮਿਓਨ ਯੋਕੋਚੀ ਨੂੰ ਸਿੱਧੀ ਗੇਮ 'ਚ ਹਰਾ ਕੇ ਬੈਡਮਿੰਟਨ ਏਸ਼ੀਆ ਜੂਨੀਅਰ ਚੈਂਪੀਅਨਸ਼ਿਪ ਦੇ ਅੰਡਰ-17 ਮਹਿਲਾ ਸਿੰਗਲਜ਼ ਦੇ ਸੈਮੀਫ਼ਾਈਨਲ 'ਚ ਪ੍ਰਵੇਸ਼ ਕੀਤਾ।

ਐਤਵਾਰ ਨੂੰ ਥਾਈਲੈਂਡ ਦੇ ਨੋਥਾਬੁਰੀ 'ਚ ਖੇਡੇ ਜਾ ਰਹੇ ਟੂਰਨਾਮੈਂਟ ਦੇ ਫਾਈਨਲ 'ਚ ਉਸ ਦਾ ਸਾਹਮਣਾ ਸਥਾਨਕ ਖਿਡਾਰੀ ਸਰੂਨਾਰਕ ਵਿਟਿਡਸਨ ਨਾਲ ਹੋਵੇਗਾ।

ਉੱਨਤੀ ਜਾਪਾਨੀ ਖਿਡਾਰਨ ਖ਼ਿਲਾਫ਼  21-8, 21-17 ਦੀ ਇਸ ਜਿੱਤ ਨਾਲ ਮੁਕਾਬਲੇ ਦੇ ਅੰਡਰ-17 ਮਹਿਲਾ ਸਿੰਗਲਜ਼ ਵਰਗ ਦੇ ਫ਼ਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਭਾਰਤੀ ਖਿਡਾਰਨ ਬਣ ਗਈ। ਓਡੀਸ਼ਾ ਓਪਨ ਚੈਂਪੀਅਨ ਨੇ ਇਸ ਵੱਕਾਰੀ ਮੁਕਾਬਲੇ ਵਿੱਚ ਹੁਣ ਤੱਕ ਇੱਕ ਵੀ ਗੇਮ ਨਹੀਂ ਹਾਰੀ।

ਉੱਨਤੀ ਤੋਂ ਇਲਾਵਾ ਅੰਡਰ-15 ਸਿੰਗਲਜ਼ ਖਿਡਾਰੀ ਅਨੀਸ਼ ਥੋਪਾਨੀ ਅਤੇ ਅਰਸ਼ ਮੁਹੰਮਦ ਤੇ ਸੰਸਕਾਰ ਸਾਰਸਵਤ ਦੀ ਅੰਡਰ-17 ਪੁਰਸ਼ ਡਬਲਜ਼ ਜੋੜੀ ਨੇ ਵੀ ਸ਼ਾਨਦਾਰ ਜਿੱਤਾਂ ਨਾਲ ਫ਼ਾਈਨਲ 'ਚ ਆਪਣੀ ਥਾਂ ਪੱਕੀ ਕੀਤੀ।

ਸ਼ਾਨਦਾਰ ਲੈਅ 'ਚ ਚੱਲ ਰਹੀ ਅਰਸ਼ ਤੇ ਸੰਸਕਾਰ ਦੀ ਜੋੜੀ ਨੇ ਆਖਰੀ ਚਾਰ ਮੈਚਾਂ 'ਚ ਚੀ-ਰੂਈ ਚਿਉ ਅਤੇ ਸ਼ਾਓ ਹੂਆ ਚਿਉ ਦੀ ਚੀਨੀ ਤਾਈਪੇ ਦੀ ਜੋੜੀ ਖ਼ਿਲਾਫ਼ 21-15, 21-19 ਨਾਲ ਜਿੱਤ ਦਰਜ ਕੀਤੀ। ਫ਼ਾਈਨਲ ਵਿੱਚ ਉਨ੍ਹਾਂ ਦਾ ਸਾਹਮਣਾ ਲਾਈ ਪੋ ਯੂ ਅਤੇ ਯੀ-ਹਾਓ ਲਿਨ ਦੀ ਇੱਕ ਹੋਰ ਚੀਨੀ ਤਾਈਪੇ ਦੀ ਜੋੜੀ ਨਾਲ ਹੋਵੇਗਾ।

ਪੁਰਸ਼ਾਂ ਦੇ ਅੰਡਰ-15 ਸੈਮੀਫ਼ਾਈਨਲ ਵਿੱਚ, ਅਨੀਸ਼ ਨੇ ਇੱਕ ਗੇਮ ਪਿੱਛੜਨ ਤੋਂ ਬਾਅਦ ਦਮਦਾਰ ਵਾਪਸੀ ਕਰਦਿਆਂ, ਚੀਨੀ ਤਾਈਪੇ ਦੇ ਦੂਜਾ ਦਰਜਾ ਪ੍ਰਾਪਤ ਲੀ ਯੂ-ਜੁਈ ਨੂੰ 18-21, 21-12, 21-12 ਨਾਲ ਹਰਾਇਆ। ਫ਼ਾਈਨਲ 'ਚ ਅਨੀਸ਼ ਦਾ ਸਾਹਮਣਾ ਚੀਨੀ ਤਾਈਪੇ ਦੇ ਚੁੰਗ-ਸਿਆਂਗ ਯਿਹ ਨਾਲ ਹੋਵੇਗਾ, ਜਿਸ ਨੇ ਦੂਜੇ ਸੈਮੀਫ਼ਾਈਨਲ 'ਚ ਭਾਰਤ ਦੇ ਗਿਆਨ ਦੱਤੂ ਨੂੰ 21-16, 19-21, 21-13 ਨਾਲ ਹਰਾਇਆ।

ਦੱਤੂ ਦੀ ਮੁਹਿੰਮ ਕਾਂਸੀ ਦੇ ਤਮਗੇ ਨਾਲ ਸਮਾਪਤ ਹੋਈ।

ਬਿਓਰਨ ਜੈਸਨ ਅਤੇ ਆਤਿਸ਼ ਸ਼੍ਰੀਨਿਵਾਸ ਪੀਵੀ ਦੀ ਅੰਡਰ-15 ਪੁਰਸ਼ ਡਬਲਜ਼ ਜੋੜੀ ਨੂੰ ਵੀ ਸੈਮੀਫ਼ਾਈਨਲ ਮੁਕਾਬਲੇ ਵਿੱਚ ਹਾਰ ਕੇ ਕਾਂਸੀ ਦੇ ਤਮਗੇ ਨਾਲ ਸਬਰ ਕਰਨਾ ਪਿਆ। ਭਾਰਤੀ ਜੋੜੀ ਮੁਹੰਮਦ ਮੁਬਾਰਕ ਅਤੇ ਰੇਹਾਨ ਪ੍ਰਾਮੋਨੋ ਦੀ ਜੋੜੀ ਚੋਟੀ ਦਾ ਦਰਜਾ ਪ੍ਰਾਪਤ ਇੰਡੋਨੇਸ਼ੀਆਈ ਜੋੜੀ ਤੋਂ 21-18, 21-14 ਨਾਲ ਹਾਰ ਗਈ।